ਜਗਰਾਉਂ (12 ਜੂਨ 2014): ਜਗਰਾਉਂ ਜਿਲੇ ਦੇ ਪਿੰਡ ਸਿੱਧਵਾਂ ਖੁਰਦ ਦੇ ਛੱਪੜ ਦੀ ਸਫਾਈ ਦੌਰਾਨ ਅੱਜ ਆਰ. ਡੀ. ਐਕਸ ਅਤੇ ਗੋਲੀ ਸਿੱਕੇ ਦਾ ਜ਼ਖ਼ੀਰਾ ਮਿਲਿਆ ਹੈ। ਸਫਾਈ ਦੌਰਾਨ ਮਿਲੇ ਇਸ ਗੋਲੀ ਸਿੱਕੇ ਨੂੰ ਜੰਗਾਲ ਲੱਗਾ ਹੋਇਆ ਹੈ।
ਪੁਲੀਸ ਮੁਤਾਬਕ ਹੋ ਸਕਦਾ ਹੈ ਕਿ ਇਹ ਗੋਲੀ ਸਿੱਕਾ ਖਾੜਕੂਵਾਦ ਸਮੇਂ ਕਿਸੇ ਖਾੜਕ ਸੰਗਠਨ ਨੇ ਇਸ ਛੱਪੜ ਵਿੱਚ ਛੁਪਾ ਕੇ ਰੱਖੇ ਹੋਣ।
ਜਗਰਾਉਂ ਦੇ ਐਸ.ਐਸ.ਪੀ. ਰਵਚਰਨ ਸਿੰਘ ਬਰਾੜ ਨੇ ਇਸ ਸਬੰਧੀ ਦੱਸਿਆ ਕਿ ਕਰੀਬ ਅੱਠ ਦਿਨ ਪਹਿਲਾਂ ਸਿੱਧਵਾਂ ਖੁਰਦ ਵਿੱਚ ਮਨਰੇਗਾ ਸਕੀਮ ਤਹਿਤ ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਹੋਇਆ ਸੀ। ਕਰੀਬ ਇਕ ਹਫਤਾ ਪਹਿਲਾਂ ਸਫਾਈ ਕਰਨ ਲੱਗੇ ਹੋਏ ਮਨਰੇਗਾ ਮਜ਼ਦੂਰਾਂ ਨੂੰ ਪਲਾਸਟਿਕ ਦੇ ਬੈਗ ਵਿੱਚ ਪੰਜ ਹੈਂਡ ਗਰਨੇਡ ਮਿਲੇ ਸਨ। ਉਨ੍ਹਾਂ ਇਹ ਬਾਰੂਦ ਅਤੇ ਗੋਲੀ ਸਿੱਕਾ ਮਿਲਦੇ ਸਾਰ ਆਪਣੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੂੰ ਇਸ ਬਾਰੇ ਦੱਸਿਆ।
“ਪੰਜਾਬੀ ਟ੍ਰਿਬਿਊਨ” ਅਨੁਸਾਰ ਸਰਪੰਚ ਨੇ ਇਹ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ। ਇਸ ਸਬੰਧੀ ਸੂਚਨਾ ਮਿਲਦੇ ਸਾਰ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਹੈਂਡ ਗਰਨੇਡ ਦੇਖਦੇ ਹੀ ਪੁਲੀਸ ਨੇ ਛੱਪੜ ਦੀ ਸਫਾਈ ਲਈ ਆਪਣੀਆਂ ਟੀਮਾਂ ਲਗਾ ਦਿੱਤੀਆਂ। ਇਸ ਦੌਰਾਨ ਪੁਲੀਸ ਨੂੰ ਉੱਥੋਂ ਪਹਿਲੇ ਦਿਨ 14 ਹੈਂਡ ਗਰਨੇਡ ਤੇ 33 ਕਾਰਤੂਸ ਮਿਲੇ।
ਪੁਲੀਸ ਨੇ ਫਿਰ ਅੱਗੇ ਹੋਰ ਛੱਪੜ ਦੀ ਸਫਾਈ ਤੇ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਭਾਲ ਜਾਰੀ ਰੱਖੀ। ਫਿਰ ਪੁਲੀਸ ਨੂੰ ਸੱਤ ਦਿਨਾਂ ਬਾਅਦ ਬੀਤੇ ਦਿਨ 11 ਹੈਂਡ ਗਰਨੇਡ ਤੇ 115 ਕਾਰਤੂਸ ਬਰਾਮਦ ਹੋਏ।
ਇਸ ਤੋਂ ਬਾਅਦ ਅੱਜ ਫਿਰ ਪੁਲੀਸ ਨੂੰ ਛੱਪੜ ਵਿੱਚੋਂ ਛੇ ਕਿਲੋ ਆਰ.ਡੀ.ਐਕਸ., ਇਕ ਹਜ਼ਾਰ ਤੋਂ ਵੱਧ ਕਾਰਤੂਸ, 500 ਡੈਟੋਨੇਟਰ ਤੇ ਤਿੰਨ ਗਰਨੇਡ ਮਿਲੇ। ਇਹ ਬਾਰੂਦ ਅਤੇ ਗੋਲੀ ਸਿੱਕ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚ ਕੇ ਬੰਬ ਨਿਰੋਧਕ ਦਸਤੇ ਨੇ ਛੱਪੜ ਨੂੰ ਸੀਲ ਕਰ ਦਿੱਤਾ।
ਟੀਮ ਨੇ ਬੜੀ ਸੰਭਾਲ ਕੇ ਹਥਿਆਰਾਂ ਨੂੰ ਪੁਲੀਸ ਦੇ ਮਾਲਖਾਨੇ ’ਚ ਭੇਜਿਆ ਤਾਂ ਕਿ ਪੁਰਾਣੇ ਹਥਿਆਰ ਹੋਣ ਕਾਰਨ ਰਸਤੇ ’ਚ ਕੋਈ ਹਾਦਸਾ ਨਾ ਵਾਪਰ ਸਕੇ।
ਜ਼ਿਕਰਯੋਗ ਹੈ ਕਿ ਦੋ ਮਹੀਨਿਆਂ ਦੌਰਾਨ ਹੀ ਲੁਧਿਆਣਾ ਤੇ ਇੱਥੋਂ 35 ਕਿਲੋਮੀਟਰ ਦੂਰ ਜਗਰਾਉਂ ਵਿੱਚ ਹਥਿਆਰਾਂ ਅਤੇ ਗੋਲੀ ਸਿੱਕੇ ਦੇ ਦੋ ਭਾਰੀ ਜ਼ਖ਼ੀਰੇ ਬਰਾਮਦ ਹੋ ਚੁੱਕੇ ਹਨ।