ਅੰਮਿ੍ਤਸਰ (21 ਨਵੰਬਰ, 2014): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਸ੍ਰੀਨਗਰ ਦੇ ਸਿੱਖ ਹੜ੍ਹ ਪੀੜਤਾਂ ਨੂੰ ਸਹਾਇਤਾ ਰਾਸ਼ੀ ਵੰਡਣ ਦਾ ਕਾਰਜ ਮੁਕੰਮਲ ਕਰ ਲਿਆ ਹੈ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ: ਕਰਨੈਲ ਸਿੰਘ ਪੰਜੋਲੀ ਤੇ ਨਿਰਮੈਲ ਸਿੰਘ ਜੌਲਾਂ ਅੰਤਿ੍ੰਗ ਮੈਂਬਰ ਅਤੇ ਸ: ਅਵਤਾਰ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਦੀ ਨਿਗਰਾਨੀ ਹੇਠ ਸ੍ਰੀਨਗਰ ਵਿਖੇ ਬਿਲਕੁਲ ਢਹਿ ਚੁੱਕੇ ਮਕਾਨਾਂ ਦੇ ਮਾਲਕਾਂ ਨੂੰ 50-50 ਹਜ਼ਾਰ, ਉਸ ਤੋਂ ਘੱਟ ਨੁਕਸਾਨੇ ਗਏ ਮਕਾਨਾਂ ਦੇ ਮਾਲਕਾਂ ਨੂੰ 30-30 ਹਜ਼ਾਰ ਤੇ ਤੀਸਰੇ ਦਰਜੇ ‘ਚ 25-25 ਹਜ਼ਾਰ ਰੁਪਏ ਦਿੱਤੇ ਗਏ ਹਨ।
ਇਸੇ ਤਰ੍ਹਾਂ ਕਿਰਾਏਦਾਰਾਂ ਨੂੰ ਕ੍ਰਮਵਾਰ 15-15, 10-10 ਅਤੇ 5-5 ਹਜ਼ਾਰ ਅਤੇ ਬੇਸਹਾਰਾ ਤੇ ਬਿਰਧ ਵਿਧਵਾਵਾਂ ਨੂੰ ਵੀ 5-5 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਤਕਸੀਮ ਕੀਤੀ ਗਈ ਹੈ।
ਬੇਦੀ ਨੇ ਕਿਹਾ ਕਿ ਇਸ ਆਬਾਦੀ ‘ਚ 11 ਗੁਰਦੁਆਰਾ ਸਾਹਿਬਾਨ ਹਨ ਜਿਨ੍ਹਾਂ ਨੂੰ 1-1 ਲੱਖ ਰੁਪਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਨਿਤਨੇਮ ਦੇ ਗੁਟਕੇ, ਹਰਮੋਨੀਅਮ, ਤਬਲਾ ਸੈੱਟ, ਸਿੱਖ ਰਹਿਤ ਮਰਿਯਾਦਾ ਤੋਂ ਇਲਾਵਾ ਹੋਰ ਧਾਰਮਿਕ ਲਿਟਰੇਚਰ ਵੀ ਦਿੱਤਾ ਗਿਆ ਹੈ।