ਅੰਮਿ੍ਤਸਰ (24 ਅਗਸਤ, 2015): ਸਿੱਖ ਜੱਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਸ਼ੋ੍ਰਮਣੀ ਕਮੇਟੀ ਦੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੱਲ੍ਹ ਹੋਣ ਵਾਲੀ ਅੰਤਿਰਗ ਕਾਰਜਕਾਰਨੀ ਦੀ ਇਕੱਤਰਤਾ ‘ਚ ਨਵੇਂ ਮੁੱਖ ਸਕੱਤਰ ਦੇ ਨਾਂਅ ਦਾ ਐਲਾਨ ਕੀਤਾ ਜਾ ਸਕਦਾ ਹੈ, ਜਿਸ ਸਬੰਧੀ ਪੰਜਾਬ ਐਾਡ ਸਿੰਧ ਬੈਂਕ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਸ: ਹਰਚਰਨ ਸਿੰਘ ਦੇ ਨਾਂਅ ‘ਤੇ ਮੋਹਰ ਲੱਗਣ ਦੀ ਸੰਭਾਵਨਾ ਹੈ ।

ਅੰਤਿੰਰਗ ਕਮੇਟੀ ਦੀ ਬੈਠਕ ‘ਚ ਪ੍ਰਧਾਨ ਸ਼ੋ੍ਰਮਣੀ ਕਮੇਟੀ ਸਮੇਤ ਪ੍ਰਮੁੱਖ ਮੈਂਬਰ ਹਿੱਸਾ ਲੈਣਗੇ, ਜਿਸ ‘ਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨਾਲ ਜੁੜੇ ਕੁਝ ਮੁੱਦੇ ਵੀ ਵਿਚਾਰੇ ਜਾਣਗੇ ਪਰ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਦਾ ਮੁੱਖ ਮੰਤਵ ਮੁੱਖ ਸਕੱਤਰ ਦੇ ਨਾਂਅ ਦਾ ਐਲਾਨ ਕਰਨਾ ਹੈ ।
ਮੁੱਖ ਸਕੱਤਰ ਦੀ ਨਿਯੁਕਤੀ ਪ੍ਰਕਿਰਿਆ ਉਸ ਵੇਲੇ ਵਿਵਾਦਾਂ ‘ਚ ਆ ਗਈ ਸੀ, ਜਦੋਂ ਕੁਝ ਸਿੱਖ ਜਥੇਬੰਦੀਆਂ ਨੇ ਇਸ ਨੂੰ ਧਰਮ ‘ਚ ਸਿੱਧੀ ਸਿਆਸੀ ਦਖ਼ਲਅੰਦਾਜ਼ੀ ਦਾ ਜ਼ਰੀਆ ਕਰਾਰ ਦੇ ਕੇ ਭਰਵੀਂ ਵਿਰੋਧਤਾ ਕੀਤੀ ਸੀ ।
ਕੁਝ ਜਥੇਬੰਦੀਆਂ ਵੱਲੋਂ ਭਾਵੇਂ ਇਸ ਸਬੰਧੀ ਅਦਾਲਤੀ ਸਹਾਇਤਾ ਲੈਣ ਦੀਆਂ ਵੀ ਕੰਨਸੋਆਂ ਹਨ ਪਰ ਸੂਤਰਾਂ ਅਨੁਸਾਰ ਪ੍ਰਭਾਵਸ਼ਾਲੀ ਸਿਆਸੀ ਨਿਰਦੇਸ਼ਾਂ ‘ਤੇ ਸ਼ੋ੍ਰਮਣੀ ਕਮੇਟੀ ਵੱਲੋਂ ਇਸ ਨਿਯੁਕਤੀ ਨੂੰ ਅਮਲੀ ਜਾਮਾਂ ਪਹਿਨਾਉਣ ਦੀ ਤਿਆਰੀ ਕਰ ਲਈ ਹੈ ।
ਸ: ਹਰਚਰਨ ਸਿੰਘ ਜਿਨ੍ਹਾਂ ਦਾ ਨਾਂਅ ਨਵੇਂ ਮੁੱਖ ਸਕੱਤਰ ਵਜੋਂ ਐਲਾਨ ਹੋ ਜਾਣ ਦੀ ਸੰਭਾਵਨਾ ਹੈ, ਉਹ ਪੰਜਾਬ ‘ਚ ਹੁਕਮਰਾਨ ਬਾਦਲ ਪਰਿਵਾਰ ਦੇ ਅਤਿ ਨਜ਼ਦੀਕੀ ਦੱਸੇ ਜਾਂਦੇ ਹਨ । ਨਵੇਂ ਮੁੱਖ ਸਕੱਤਰ ਦੀ ਨਿਯੁਕਤੀ ਭਾਵੇਂ ਠੇਕਾ ਅਧਾਰਿਤ ਹੋਵੇਗੀ ਪਰ ਇਸ ਲਈ ਤਿੰਨ ਲੱਖ ਪ੍ਰਤੀ ਮਹੀਨਾ ਤਨਖਾਹ ਤਜਵੀਜ਼ ਕੀਤੇ ਜਾਣ ਦੀ ਵੀ ਅਲੋਚਨਾ ਹੋ ਰਹੀ ਹੈ ।