
ਗੁਹਾਟੀ (24 ਅਗਸਤ, 2015); ਅਸਾਮ ਦੇ ਮੁੱਖ ਮੰਤਰੀ ਤਰੁਣ ਗਗੋਈ ਨੇ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਵਾਲਿਆਂ ਵੱਲੋਂ ਜੁੱਤੀਆਂ ਸਮੇਤ ਦਾਖਲ ਹੋਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਗੁਹਾਟੀ ਦੇ ਫੈਂਸੀ ਬਾਜ਼ਾਰ ‘ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ‘ਚ ਬੀਤੇ ਦਿਨੀਂ ਪੁਲਿਸ ਕਰਮਚਾਰੀਆਂ ਵੱਲੋਂ ਜੁੱਤੀਆਂ ਤੇ ਹਥਿਆਰਾਂ ਸਮੇਤ ਦਾਖਲ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਤਰੁਨ ਗੋਗੋਈ ਨੇ ਇਸ ਘਟਨਾ ਸਬੰਧੀ ਇੱਥੋਂ ਦੇ ਜੁਆਇੰਟ ਪੁਲਿਸ ਕਮਿਸ਼ਨਰ ਐੱਨ.ਐੱਮ.ਏ.ਐੱਸ.ਐੱਫ ਹੱਕ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਇਸ ਘਟਨਾ ਦੀ ਜਾਂਚ ਕਰਵਾ ਕੇ ਉਸ ਦੀ ਰਿਪੋਰਟ ਸੱਤ ਦਿਨਾਂ ‘ਚ ਉਨ੍ਹਾਂ ਨੂੰ ਸੌਾਪੀ ਜਾਵੇ ।
ਉਨ੍ਹਾਂ ਕਿਹਾ ਕਿ ਸੂਬੇ ‘ਚ ਕਿਸੇ ਵੀ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰਨ ਦੀ ਆਗਿਆ ਕਿਸੇ ਨੂੰ ਨਹੀਂ ਹੈ ਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ ਗੁਰਦੁਆਰਾ ਕਮੇਟੀ ਵੱਲੋਂ ਸ਼ਿਕਾਇਤ ਕਰਨ ‘ਤੇ ਮੁੱਢਲੀ ਰਿਪੋਰਟ ‘ਤੇ ਕਾਰਵਾਈ ਕਰਦਿਆਂ ਇਕ ਸਬ-ਇੰਸਪੈਕਟਰ ਨੂੰ ਮੁਅੱਤਲ ਤੇ ਤਿੰਨ ਕਾਂਸਟੇਬਲਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ।