ਅੰਮ੍ਰਿਤਸਰ ( 20 ਅਕਤੂਬਰ, 2015): ਸੌਦਾ ਸਾਧ ਸ਼੍ਰੀ ਅਕਾਲ ਤਖਤ ਤੋਂ ਦਿੱਤੀ ਮਾਫੀ ਵਿਰੱਧ ਪੰਥਕ ਰੋਹ ਇਸ ਕਦਰ ਫੈਲ ਚੁੱਕਿਆ ਹੈ ਕਿ ਅੱਜ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਹੋਰ ਕਰਮਚਾਰੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਬਿਨਾਂ ਬੁਲਾਏ ਪਹੁੰਚ ਗਏ ਤਾਂ ਕੁਝ ਰਾਗੀਆਂ, ਢਾਡੀਆਂ, ਪ੍ਰਚਾਰਕਾਂ ਨੇ ਸ਼ਮੂਲੀਅਤ ਨਹੀਂ ਕਰਨ ਦਿੱਤੀ।

ਰੋਹ ਵਿੱਚ ਆਏ ਰਾਗੀ ਅਤੇ ਗ੍ਰੰਥੀ ਸਿੰਘਾਂ ਨੇ ਕਿਹਾ ਕਿ ਜੱਥੇਦਾਰਾਂ ਨੇ ਸੌਦਾ ਸਾਧ ਨੂੰ ਬਿਨਾਂ ਮਾਫੀ ਮੰਗੇ ਸਮੁੱਚੀ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਹੈ। ਪੰਜੇ ਜੱਥੇਦਾਰ ਆਪਣੇ ਕੀਤੇ ਗੁਨਾਹ ਲਈ ਗੱਲ ਵਿੱਚ ਫੱਟੀ ਪਾਕੇ ਸਿੱਖ ਕੌਮ ਕੋਲੋ ਮਾਫੀ ਮੰਗ ਕੇ ਅਸਤੀਫਾ ਦੇਣ।ਗ੍ਰੰਥੀ ਸਿੰਘਾਂ ਨੇ ਕਿਹਾ ਕਿ ਸੌਦਾ ਸਾਧ ਨੂੰ ਜੱਥੇਦਾਰਾਂ ਵੱਲੋਂ ਦਿੱਤੀ ਮਾਫੀ ਤੋਂ ਪੰਜਾਬ ਦੇ ਹਾਲਾਤ ਵਿਗੜੇ ਹਨ ਅਤੇ ਹੁਣ ਸਾਡੇ ਦੋ ਸਿੰਘ ਸ਼ਹੀਦ ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਸੌਦਾ ਸਾਧ ਨੂੰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਪੰਜਾਂ ਤਖਤਾਂ ਦੇ ਜੱਥੇਦਾਰਾਂ ਵੱਲੋਂ ਦਿੱਤੀ ਮਾਫੀ ਖਿਲਾਫ ਉੱਠੇ ਪੰਥਕ ਰੋਹ ਤੋਂ ਡਰਦਿਆਂ ਜੱਥੇਦਾਰ ਜਨਤਕ ਸਮਾਗਮਾਂ ਵਿੱਚ ਨਹੀਂ ਸਨ ਜਾ ਰਹੇ।ਸੌਦਾ ਸਾਧ ਮਾਫੀਨਾਮੇ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਪਹਿਲੀਵਾਰ ਕਿਸੇ ਸਮਾਗਮ ਵਿੱਚ ਕਰਨ ਜਾ ਰਹੇ ਸਨ ਤਾਂ, ਸਮਾਗਮ ਦਾ ਪ੍ਰਬੰਧ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਰਾਗੀਆਂ, ਢਾਡੀ, ਪ੍ਰਚਾਰਕਾਂ ਨੇ ਜੱਥੇਦਾਰ ਨੂੰ ੳੁੱਥੋਂ ਚਲੇ ਜਾਣ ਲਈ ਕਹਿ ਦਿੱਤਾ।