ਚੰਡੀਗੜ: ਅੱਜ ਪੰਜਾਬ ਸਰਕਾਰ ਦੀ ਚੰਡੀਗੜ ਵਿਖੇ ਹੋਈ ਕੈਬੀਨਟ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਪੁਲਿਸ ਵੱਲੋਂ ਪਿੰਡ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਘਟਨਾ ਦੇ ਦੋਸ਼ੀ ਫੜਨ ਦਾ ਦਾਅਵਾ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਦੇ ਮੈਂਬਰ ਏ.ਡੀ.ਜੀ.ਪੀ ਕਰਾਈਮ ਆਈ.ਪੀ.ਐਸ ਸਹੋਤਾ ਨੇ ਦੱਸਿਆ ਕਿ ਕੋਟਕਪੂਰਾ ਨੇੜਲੇ ਪਿੰਡ ਪੰਜਗਰਾਈ ਦੇ ਦੋ ਭਰਾਵਾਂ ਰੁਪਿੰਦਰ ਸਿੰਘ ਅਤੇ ਦਰਸ਼ਨ ਸਿੰਘ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।ਇਹ ਦੋਵੇਂ ਭਰਾ ਅੰਮ੍ਰਿਤਧਾਰੀ ਸਿੱਖ ਹਨ।ਪੁਲਿਸ ਦਾ ਦਾਅਵਾ ਹੈ ਕਿ ਆਸਟਰੇਲੀਆ ਅਤੇ ਦੁਬਈ ਬੈਠੇ ਬੰਦਿਆਂ ਵੱਲੋਂ ਇਹਨਾਂ ਦੋਵਾਂ ਜਰੀਏ ਇਹ ਕੰਮ ਕਰਵਾਇਆ ਗਿਆ।
ਏ.ਡੀ.ਜੀ.ਪੀ ਵੱਲੋਂ ਇਹਨਾਂ ਦੋਵਾਂ ਭਰਾਵਾਂ ਦੀ ਫੋਨ ਤੇ ਕੀਤੀ ਗਈ ਗੱਲਬਾਤ ਜਿਸ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਉਨ੍ਹਾਂ ਕੋਲ ਹੋਣ ਦੀ ਗੱਲ ਕਰਦੇ ਹਨ ਸਬੂਤ ਵਜੋਂ ਪੱਤਰਕਾਰਾਂ ਸਾਹਮਣੇ ਪੇਸ਼ ਕੀਤੀ ਗਈ।ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚੋਂ ਕੁਝ ਬੰਦਿਆਂ ਵੱਲੋ ਪੈਸੇ ਭੇਜਣ ਲਈਂ ਇਨ੍ਹਾਂ ਦੇ ਅਕਾਊਂਟ ਨੰਬਰ ਵੀ ਪੁੱਛੇ ਗਏ।
ਪ੍ਰੈਸ ਕਾਨਫਰੰਸ ਦੀ ਵੀਡੀਓ ਵੇਖੋ:
ਏ.ਡੀ.ਜੀ.ਪੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਲਈ ਪੇਸ਼ ਹੈ।
ਪਰ ਇਸ ਕੇਸ ਦੇ ਕੁਝ ਅਜਿਹੇ ਪਹਿਲੂ ਵੀ ਹਨ ਜਿਹਨਾਂ ਬਾਰੇ ਏ.ਡੀ.ਜੀ.ਪੀ ਵੱਲੋਂ ਕੋਈ ਗੱਲ ਨਹੀਂ ਕੀਤੀ ਗਈ।
ਸਿੱਖ ਸਿਆਸਤ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹਨਾਂ ਅੰਗਾਂ ਦੀ ਪਿੰਡ ਬਰਗਾੜੀ ਵਿੱਚ ਬੇਅਦਬੀ ਕੀਤੀ ਗਈ ਸੀ ਕੋਟਕਪੂਰਾ ਧਰਨੇ ਦੌਰਾਨ ਉਨ੍ਹਾਂ ਅੰਗਾਂ ਨੂੰ ਧਰਨੇ ਵਾਲੀ ਜਗ੍ਹਾਂ ਤੇ ਇੱਕ ਪੀੜੇ ਉੱਤੇ ਰੱਖਿਆ ਗਿਆ ਸੀ।੧੨ ਅਕਤੂਬਰ ਦੀ ਸ਼ਾਮ ਨੂੰ ਜਦੋਂ ਬਾਬਾ ਰਣਜੀਤ ਸਿੰਘ ਢੱਡਰੀਆਂ ਅਤੇ ਹੋਰ ਸਿੱਖ ਪ੍ਰਚਾਰਕਾਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਇਹਨਾਂ ਅੰਗਾਂ ਨੂੰ ਕਿਸੇ ਹੋਰ ਜਗ੍ਹਾ ਰੱਖ ਦਿੱਤਾ ਗਿਆ ਸੀ।
੧੩ ਅਕਤੂਬਰ ਨੂੰ ਜਦੋਂ ਸਿੱਖ ਪ੍ਰਚਾਰਕਾਂ ਨੂੰ ਰਿਹਾ ਕੀਤਾ ਗਿਆ ਸੀ ਤਾਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਪੁਲਿਸ ਉਨ੍ਹਾਂ ਤੇ ਘਟਨਾ ਦੀ ਜਾਂਚ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸੌਂਪਣ ਦਾ ਦਬਾਅ ਪਾ ਰਹੀ ਹੈ।
ਸਿੱਖ ਸਿਆਸਤ ਦੇ ਸੂਤਰਾਂ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਉਹ ਅੰਗ ਬਾਅਦ ਵਿੱਚ ਪੁਲਿਸ ਨੂੰ ਸੌੰਪ ਦਿੱਤੇ ਗਏ ਸਨ ਜਿਹਨਾਂ ਨੂੰ ਸੌੰਪਣ ਵਾਲੇ ਵੀਡੀਓ ਵੀ ਬਣਾਈ ਗਈ ਸੀ।
ਪਰ ਏ.ਡੀ.ਜੀ.ਪੀ ਸਹੋਤਾ ਵੱਲੋਂ ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਇਹਨਾਂ ਤੱਥਾਂ ਬਾਰੇ ਕੋਈ ਚਾਨਣਾ ਨਹੀਂ ਪਾਇਆ ਗਿਆ ਕਿ ਜਿਹੜੇ ਅੰਗ ਗ੍ਰਿਫਤਾਰ ਕੀਤੇ ਬੰਦਿਆਂ ਕੋਲੋਂ ਮਿਲੇ ਹਨ ਉਹ ਕੋਟਕਪੂਰਾ ਵਿੱਚ ਧਰਨੇ ਦੌਰਾਨ ਪੀੜੇ ਤੇ ਰੱਖੇ ਗਏ ਅੰਗ ਹੀ ਹਨ ਜਾ ਹੋਰ?

ਇਸ ਘਟਨਾ ਵਿੱਚ ਇੱਕ ਹੋਰ ਬੜੀ ਅਹਿਮ ਗੱਲ ਹੈ ਕਿ ਐਤਵਾਰ ਵਾਲੇ ਦਿਨ ੧੮ ਅਕਤੂਬਰ,੨੦੧੫ ਨੂੰ ਅਜੀਤ ਅਖਬਾਰ(ਫਰੀਦਕੋਟ ਅੰਕ,ਪੰਨਾ ਨੰ.੯) ਵਿੱਚ ਛਪੀ ਇਹ ਖਬਰ(ਤਸਵੀਰ ਵਿੱਚ ਖਬਰ ਪੜੋ) ਪੁਲਿਸ ਦੇ ਇਹਨਾਂ ਦਾਅਵਿਆਂ ਤੇ ਇੱਕ ਵੱਡਾ ਪ੍ਰਸ਼ਨ ਚਿੰਨ ਲਗਾ ਰਹੀ ਹੈ।ਖਬਰ ਅਨੁਸਾਰ ਕੋਟਕਪੂਰਾ ਵਿਖੇ ਕੀਤੇ ਗਏ ਪੁਲਿਸ ਲਾਠੀਚਾਰਜ ਦੌਰਾਨ ਰੁਪਿੰਦਰ ਸਿੰਘ ਜਖਮੀ ਹੋ ਗਿਆ ਸੀ ਜਿਸ ਨੂੰ ਪੁਲਿਸ ਵੱਲੋਂ ਮੈਡੀਕਲ ਕਾਲੇਜ ਫ਼ਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ ਇਸਦੇ ਭਰਾ ਜਸਵਿੰਦਰ ਸਿੰਘ ਨੂੰ ਪਿਤਾ ਦਰਸ਼ਨ ਸਿੰਘ ਅਤੇ ਦੋਸਤ ਗੁਰਲਾਲ ਸਿੰਘ ‘ਤੇ ਅਮਨਦੀਪ ਸਿੰਘ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਸੀ।ਪਰ ਅੱਜ ਪੁਲਿਸ ਵੱਲੋਂ ਪੇਸ਼ ਕੀਤੇ ਗਏ ਤੱਥ ਅਜੇ ਧੁੰਦਲੇ ਹਨ ਜੋ ਆਉਣ ਵਾਲੇ ਦਿਨਾਂ ਵਿੱਚ ਸ਼ਾਇਦ ਸਾਫ ਹੋ ਜਾਣ।