ਲੰਡਨ (25 ਫਰਵਰੀ, 2015): ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੀਨ ਤੋਂ ਛਪਵਾਕੇ ਉਨ੍ਹਾਂ ਨੂੰ ਕੋਰੀਅਰ ਅਤੇ ਕੰਨਟੇਨਰਾਂ ਰਾਹੀਂ ਅਮਰੀਕਾ ਅਤੇ ਕੈਨੇਡਾ ਭੇਜਣ ਦੇ ਮਾਮਲੇ ਵਿੱਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕੀ ਨਾਗਰਿਕ ਥਮਿੰਦਰ ਸਿੰਘ ਵੱਲੋਂ ਪ੍ਰਕਾਸ਼ਨ ਦਾ ਮਾਮਲਾ ਪੰਜਾਬ ਅਤੇ ਹਰਿਅਣਾ ਹਾਈਕੋਰਟ ਵਿੱਚ ਲੈ ਜਾਣ ਦੀ ਸਿੱਖ ਹਲਕਿਆਂ ਵਿੱਚ ਕਰੜੀ ਨਿਖੇਧੀ ਹੋ ਰਹੀ ਹੈ।

ਯੂਨਾਈਟਿਡ ਖਾਲਸਾ ਦਲ ਯੂ. ਕੇ. ਦੇ ਪ੍ਰਧਾਨ ਸ: ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ: ਲਵਸ਼ਿੰਦਰ ਸਿੰਘ ਡੱਲੇਵਾਲ ਇਸਦੀ ਨਿਖੈਧੀ ਕਰਦਿਆਂ ਕਿਹਾ ਕਿ ਅਮਰੀਕੀ ਭਾਰਤੀ ਥਮਿੰਦਰ ਸਿੰਘ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਛਪਾਈ ਦਾ ਅਧਿਕਾਰ ਪ੍ਰਾਪਤ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਜਾਣਾ ਸਪੱਸ਼ਟ ਸੰਕੇਤ ਹੈ ਕਿ ਅਜਿਹੇ ਲੋਕ ਪੰਥ-ਹਿਤੈਸ਼ੀ ਨਹੀਂ ਹੋ ਸਕਦੇ।
ਉਨ੍ਹਾਂ ਕਿਹਾ ਕਿ ਜਿਹੜੇ ਸਿੱਖੀ ਸਰੂਪ ਵਾਲੇ ਲੋਕ ਧਾਰਮਿਕ ਮਾਮਲਿਆਂ ਨੂੰ ਦੁਨਿਆਵੀ ਅਦਾਲਤਾਂ ‘ਚ ਲਿਜਾ ਰਹੇ ਹਨ ਉਹ ਜਾਣੇ ਅਣਜਾਣੇ ਸਿੱਖ ਸਿਧਾਂਤਾਂ, ਸਿੱਖ ਪ੍ਰੰਪਰਾਵਾਂ ਅਤੇ ਸਿੱਖੀ ਦੇ ਸੁਨਹਿਰੀ ਅਸੂਲਾਂ ਨੂੰ ਸੱਟ ਮਾਰਦੇ ਹੋਏ ਸਿੱਖ ਦੁਸ਼ਮਣਾਂ ਦੇ ਹੱਥ ਮਜ਼ਬੂਤ ਕਰ ਰਹੇ ਹਨ, ਜਿਨ੍ਹਾਂ ਤੋਂ ਬਚਨ ਦੀ ਬੇਹੱਦ ਜ਼ਰੂਰਤ ਹੈ ।
ਸਿੱਖ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਹੋਰ ਅਦਾਲਤ ਨਹੀਂ ਹੋ ਸਕਦੀ। ਆਮ ਤੌਰ ‘ਤੇ ਵਿਦੇਸ਼ਾਂ ‘ਚ ਵੀ ਇਸ ਰੁਝਾਨ ਦੀ ਭਰਮਾਰ ਹੈ ਕਿ ਪ੍ਰਬੰਧਕੀ ਹੱਕ ਹਾਸਲ ਕਰਨ ਲਈ ਅਦਾਲਤਾਂ ‘ਚ ਸਿੱਖ ਸੰਗਤਾਂ ਵੱਲੋਂ ਧਾਰਮਿਕ ਕਾਰਜਾਂ ਲਈ ਚੜ੍ਹਾਵੇ ਦੇ ਰੂਪ ਅਰਪਤ ਕੀਤੀ ਗਈ ਦਸਵੰਦ ਦੀ ਮਾਇਆ ਦੇ ਲੱਖਾਂ ਪੌਾਡ ਅਤੇ ਡਾਲਰ ਅਦਾਲਤਾਂ ‘ਚ ਖਰਚੇ ਜਾ ਰਹੇ ਹਨ।