ਅੰਮ੍ਰਿਤਸਰ (1 ਨਵੰਬਰ, 2015): ਦਮਦਮੀ ਟਕਸਾਲ ਸੰਗਰਾਵਾਂ ਦੇ ਸੱਦੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਸਾਹਮਣੇ ਜੱਥੇਦਾਰਾਂ ਦੇ ਅਸਤੀਫੇ ਦੀ ਮੰਗ ਕਰਨ ਲਈ ਅਣਮਿੱਥੇ ਸਮੇਂ ਲਈ ਦਿੱਤੇ ਜਾਣ ਵਾਲੇ ਧਰਨੇ ਲਈ ਪੰਥਕ ਜੱਥੇਬੰਦੀਆਂ ਦੇ ਆਗੂ ਇਕੱਠੇ ਹੋਏ ਤਾਂ ਪੁਲੀਸ ਨੇ ਪੰਥਕ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਘੇਰਾ ਪਾ ਲਿਆ। ਇਸਤੇ ਸਿੱਖ ਜਥੇਬੰਦੀਆਂ ਦੇ ਸਮਰਥਕਾਂ ਨੇ ਅੰਮ੍ਰਿਤਸਰ-ਜਲੰਧਰ ਰੋਡ ’ਤੇ ਜਾਮ ਲਗਾ ਦਿੱਤਾ ਅਤੇ ਅੱਧਾ ਘੰਟਾ ਆਵਾਜਾਈ ਰੋਕੀ ਰੱਖੀ। ਇਹ ਜਾਮ ਉਦੋਂ ਖੋਲ੍ਹਿਆ ਗਿਆ ਜਦੋਂ ਭਾਈ ਰਾਮ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਕੱਤਰੇਤ ਅੱਗੇ ਧਰਨਾ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਉਤੇ ਤਖ਼ਤਾਂ ਦੇ ਜਥੇਦਾਰਾਂ ਤੋਂ ਅਸਤੀਫ਼ੇ ਲੈਣ ਲਈ ਅਕਾਲ ਤਖ਼ਤ ਦੇ ਸਕੱਤਰੇਤ ਸਾਹਮਣੇ ਧਰਨਾ ਦੇਣ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਆਗੂ ਇਕੱਠੇ ਹੋਏ ਸਨ।
ਦੱਸਣਯੋਗ ਹੈ ਕਿ ਦਮਦਮੀ ਟਕਸਾਲ (ਸੰਗਰਾਵਾਂ) ਦੇ ਮੁਖੀ ਭਾਈ ਰਾਮ ਸਿੰਘ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਨੇ ਅਕਾਲ ਤਖ਼ਤ ਸਕੱਤਰੇਤ ਸਾਹਮਣੇ ਜਥੇਦਾਰਾਂ ਦੇ ਅਸਤੀਫ਼ਿਅਾਂ ਲਈ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ ਸੀ।
ਅੱਜ ਸਵੇਰੇ ਜਥੇਬੰਦੀਆਂ ਨੇ ਗੁਰਦੁਆਰਾ ਸ਼ਹੀਦਾਂ ਪਹੁੰਚ ਕੇ 11 ਵਜੇ ਅਕਾਲ ਤਖ਼ਤ ਲਈ ਰਵਾਨਾ ਹੋਣਾ ਸੀ ਪਰ ਵਧੀਕ ਡਿਪਟੀ ਕਮਿਸ਼ਨਰ ਪੁਲੀਸ ਐਚ.ਐਸ. ਸੰਧੂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪਹੁੰਚੀ ਪੁਲੀਸ ਨੇ ਸਵੇਰੇ 10 ਵਜੇ ਹੀ ਸੰਤ ਐਵੀਨਿਊ ਸਥਿਤ ਟਕਸਾਲ (ਸੰਗਰਾਵਾਂ) ਦੇ ਮੁਖੀ ਭਾਈ ਰਾਮ ਸਿੰਘ ਦੇ ਘਰ ਨੂੰ ਘੇਰ ਲਿਆ। ਪੁਲੀਸ ਨੇ ਦੁਪਹਿਰ 1 ਵਜੇ ਤਕ ਆਗੂਆਂ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ।
ਏਡੀਸੀਪੀ ਸੰਧੂ ਨੇ ਕਿਹਾ ਕਿ ਜਥੇਬੰਦੀਆਂ ਦਾ ਜੀਟੀ ਰੋਡ ’ਤੇ ਜਾਮ ਕਰਨ ਦਾ ਪ੍ਰੋਗਰਾਮ ਸੀ, ਇਸ ਲਈ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਸੀ। ਉਨ੍ਹਾਂ ਕਿਹਾ ਕਿ ਆਗੂਆਂ ਨੂੰ ਅਕਾਲ ਤਖ਼ਤ ਵੱਲ ਜਾਣ ਤੋਂ ਰੋਕਣ ਲਈ ਕੋਈ ਸਰਕਾਰੀ ਆਦੇਸ਼ ਨਹੀਂ ਸਨ।
ਭਾਈ ਰਾਮ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਇਹ ਆਦੇਸ਼ ਦਿੱਤੇ ਗਏ ਸਨ ਕਿ ਜਥੇਬੰਦੀਆਂ ਨੂੰ ਅਕਾਲ ਤਖ਼ਤ ਸਕੱਤਰੇਤ ਵੱਲ ਜਾਣ ਤੋਂ ਰੋਕਿਆ ਜਾਵੇ। ਇਸ ਲਈ ਪੁਲੀਸ ਨੇ ਪੰਥਕ ਆਗੂਆਂ ਨੂੰ ਨਜ਼ਰਬੰਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਥੇਦਾਰਾਂ ਦੇ 31 ਅਕਤੂਬਰ ਤਕ ਅਸਤੀਫ਼ੇ ਮੰਗੇ ਸਨ। ਪੰਜ ਪਿਆਰਿਆਂ ਦੀ ਮਹੱਤਤਾ ਨੂੰ ਨਾ ਮੰਨ ਕੇ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਹਟਾਉਣ ਤੋਂ ਮੁਨਕਰ ਹੋਈ ਹੈ।