ਚੰਡੀਗੜ੍ਹ (1 ਨਵੰਬਰ, 2015): ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਦੀ ਜਾਂਚ ਹੁਣ ਪੰਜਾਬ ਸਰਕਾਰ ਨੇ ਸੀਬੀਆਈ ਹਵਾਲੇ ਕਰ ਦਿੱਤੀ ਹੈ।
ਪੰਜਾਬ ਸਰਕਾਰ ਵੱਲੋਂ ਇੱਕ ਦੂਜੇ ਨਾਲ ਜੁੜੇ ਜਿੰਨਾਂ ਤਿੰਨ ਕੇਸਾਂ ਦੀ ਜਾਂਚ ਸੀਬੀਆਈ ਹਵਾਲੇ ਕੀਤੇ ਜਾਣ ਲਈ ਲਿਖਿਆ ਗਿਆ ਹੈ, ਉਨ੍ਹਾਂ ਵਿਚੋਂ ਪਹਿਲਾ ਕੇਸ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਨਾਲ ਸਬੰਧਤ ਹੈ, ਜਿੱਥੋਂ ਦੇਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਲਈ 2 ਜੂਨ 2015 ਨੂੰ ਆਈ.ਪੀ.ਸੀ. ਦੀ ਧਾਰਾ 295-ਏ ਅਤੇ 380 ਅਧੀਨ ਪੁਲਿਸ ਸਟੇਸ਼ਨ ਬਾਜਾਖਾਨਾ ਵਿਖੇ ਐਫ.ਆਈ.ਆਰ. ਨੰਬਰ 63 ਦਰਜ ਕੀਤੀ ਗਈਸੀ । ਜਦੋਂਕਿ ਦੂਸਰਾ ਕੇਸ ਬਾਜਾਖਾਨਾ ਨਾਲ ਸਬੰਧਤ ਹੈ, ਜਿੱਥੇ ਧਾਰਮਿਕ ਭਾਵਨਾਵਾਂ ਠੇਸ ਪਹੁੰਚਾਉਣ ਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਬੇਅਦਬੀ ਵਾਲੇ ਹੱਥ ਦੇ ਬਣੇ ਪੋਸਟਰ ਲਗਾਏ ਗਏ ਸਨ ਅਤੇ ਪੁਲਿਸ ਵੱਲੋਂ 25 ਸਤੰਬਰ 2015 ਨੂੰ ਆਈ.ਪੀ.ਸੀ. ਦੀ ਧਾਰਾ 295 ਅਧੀਨ ਬਾਜਾਖਾਨਾ ਪੁਲਿਸ ਥਾਣੇ ਵਿਚ ਐਫ.ਆਈ.ਆਰ. ਨੰਬਰ 117 ਦਰਜ ਕੀਤੀ ਸੀ ।

ਤੀਸਰੇ ਕੇਸ ਦਾ ਸਬੰਧ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਅਤੇ ਇੱਕ ਗਲੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਸੁੱਟਣ ਸਬੰਧੀ ਹੈ ਅਤੇ ਇਹ ਕੇਸ ਵੀ ਆਈ.ਪੀ.ਸੀ. ਦੀ ਧਾਰਾ 295 ਅਤੇ 120-ਬੀ ਅਧੀਨ 12 ਅਕਤੂਬਰ 2015 ਪਰਚਾ ਨੂੰ. 128 ਬਾਜਾਖਾਨਾ ਪੁਲਿਸ ਥਾਣੇ ਵਿਚ ਦਰਜ ਹੋਇਆ ਸੀ। ਇਸੇ ਕੇਸ ਵਿਚ ਪੰਜਗਰਾਈ ਖੁਰਦ, ਜ਼ਿਲ੍ਹਾ ਮੋਗਾ ਦੇ 2 ਨੌਜਵਾਨ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਸਪੁੱਤਰ ਦਰਸ਼ਨ ਸਿੰਘ ਨੂੰ ਗਿ੍ਫਤਾਰ ਕੀਤਾ ਹੋਇਆ ਹੈ ।
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਲਏ ਗਏ ਉਕਤ ਫੈਸਲੇ ਅਨੁਸਾਰ ਕੇਂਦਰ ਸਰਕਾਰ ਨੂੰ ਰਾਜ ਸਰਕਾਰ ਦਾ ਪੱਤਰ ਉਕਤ ਤਿੰਨੋਂ ਕੇਸ ਸੀ.ਬੀ.ਆਈ. ਹਵਾਲੇ ਕੀਤੇ ਜਾਣ ਸਬੰਧੀ ਕੱਲ ਦੇ ਦਿੱਤਾ ਜਾਵੇਗਾ ਅਤੇਸੀ.ਬੀ.ਆਈ. ਨੂੰ ਇਹ ਵੀ ਸਿਫਾਰਿਸ਼ ਕੀਤੀ ਜਾ ਰਹੀ ਹੈ ਕਿ ਉਕਤ ਕੇਸਾਂ ਵਿਚ ਜਲਦੀ ਤੋਂ ਜਲਦੀ ਜਾਂਚ ਦਾ ਕੰਮ ਪੂਰਾ ਕੀਤਾ ਜਾਵੇ।
ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਣ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਵੀ ਦਬਾਅ ਵਿੱਚ ਹੈ। ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਪਣੀ ਭਾਈਵਾਲ ਸਰਕਾਰ ਨੂੰ ਇਸ ਕਸੂਤੀ ਸਥਿਤੀ ਵਿੱਚੋਂ ਕੱਢਣ ਦੇ ਰੌਂਅ ਵਿੱਚ ਨਹੀਂ ਲੱਗ ਰਹੀ।
ਵਰਨਣਯੋਗ ਹੈ ਕਿ ਗਿ੍ਫਤਾਰ 2 ਨੌਜਵਾਨਾਂ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ, ਜਦੋਂਕਿ ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਪੁਲਿਸ ਗੋਲੀ ਵਿਚ ਮਾਰੇ ਜਾਣ ਵਾਲੇ 2 ਨੌਜਵਾਨਾਂ ਨਾਲ ਸਬੰਧਤ ਘਟਨਾ ਦੀ ਜਾਂਚ ਦਾ ਕੰਮ ਵੀ ਸੀ.ਬੀ.ਆਈ. ਹਵਾਲੇ ਕੀਤਾ ਜਾਵੇ । ਪਰ ਰਾਜ ਸਰਕਾਰ ਵੱਲੋਂ ਗੋਲੀ ਘਟਨਾ ਦਾ ਕੇਸ ਸੀ.ਬੀ.ਆਈ. ਹਵਾਲੇ ਨਾ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ, ਕਿਉਂਕਿ ਪੁਲਿਸ ਵਿਭਾਗ ਵੱਲੋਂ ਇਸ ਤਜਵੀਜ਼ ਦਾ ਤਿੱਖਾ ਵਿਰੋਧ ਹੋ ਰਿਹਾ ਹੈ ।
ਸਮੁੱਚੇ ਘਟਨਾਕ੍ਰਮ ਦੀ ਜਾਂਚ ਕਰਵਾਈ ਜਾਵੇ: ਭਾਈ ਪੰਥਪ੍ਰੀਤ ਸਿੰਘ
ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਭਾਈ ਪੰਥਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਬੀੜ ਚੋਰੀ ਹੋਣਾ ਤੇ ਬਹਿਬਲ ਕਲਾਂ ‘ਚ ਵਾਪਰੇ ਗੋਲੀ ਕਾਂਡ ਦੀ ਜਾਂਚ ਸੀ. ਬੀ. ਆਈ. ਹਵਾਲੇ ਕਰਨ ਦੇ ਫ਼ੈਸਲੇ ਬਾਰੇ ਪ੍ਰਤੀਕਰਮ ਦਿੰ ਦਿਆਂ ਕਿਹਾ ਹੈ ਕਿ ਦੋਗੱਲਾਂ ਹੀ ਕਿਉਂ ਸਰਕਾਰ ਸਚਾਈ ਸਾਹਮਣੇ ਲਿਆਉਣ ਲਈ ਵਾਪਰੇ ਸਾਰੇ ਘਟਨਾਕ੍ਰਮ ਦੀ ਵੀ ਜਾਂਚ ਕਰਵਾਏ ।
ਉਨ੍ਹਾਂ ਕਿਹਾ ਕਿ ਕੋਟਕਪੂਰਾ ‘ਚ ਸ਼ਾਂਤਮਈ ਸੰਗਤ ਉੱਪਰ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਫਿਰ ਏ. ਡੀ. ਜੀ. ਪੀ. ਦੀਅਗਵਾਈ ‘ਚ ਬਣੀ ਜਾਂਚ ਕਮੇਟੀ ਨੇ ਬੇਅਦਬੀ ਬਾਰੇ ਦੋ ਅੰਮਿ੍ਤਧਾਰੀ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਦਾਅਵਾ ਕੀਤਾ ਕਿ ਬੇਅਦਬੀ ਦਾ ਮਾਮਲਾ ਹੱਲ ਕਰ ਲਿਆ ਹੈ ਤੇ ਇਸ ਪਿਛੇ ਕੌਮਾਂਤਰੀ ਹੱਥ ਹੈ । ਉਨ੍ਹਾਂ ਕਿਹਾ ਕਿ ਅਜਿਹੇ ਦਾਅਵੇ ਝੂਠੇ ਸਾਬਤਹੋਏ ਹਨ ਤੇ ਸਿੱਖਾਂ ਦਾ ਨਾਂਅ ਬਦਨਾਮ ਕੀਤਾ ਗਿਆ ਹੈ । ਇਸ ਕਰਕੇ ਨਿਰਦੋਸ਼ ਸਿੱਖਾਂ ਨੂੰ ਗਿ੍ਫ਼ਤਾਰ ਕਰਨ ਤੇ ਜਾਂਚ ਟੀਮ ਵੱਲੋਂ ਕੀਤੇ ਦਾਅਵਿਆਂ ਬਾਰੇ ਵੀ ਜਾਂਚ ਹੋਣੀ ਚਾਹੀਦੀ ਹੈ ।