ਨਵਾਂਸ਼ਹਿਰ( 25 ਮਾਰਚ,2016): ਸ਼ਿਵ ਸੈਨਿਕ ਆਗੂ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਸ਼ਿਵ ਸੈਨਿਕਾਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਸਿੱਖ ਨੌਜਵਾਨ ਨਾਲ ਪੁਲਿਸ ਨੇ ਸਿੱਖ ਆਗੂਆਂ ਨੂੰ ਮਿਲਣ ਨਹੀਂ ਦਿੱਤਾ।
ਨਵਾਂਸਹਿਰ-ਚੰਡੀਗੜ੍ਹ ਮੁੱਖ ਮਾਰਗ ’ਤੇ ਸ਼ਿਵ ਸੈਨਿਕਾਂ ਵੱਲੋਂ ਦਿੱਤੇ ਧਰਨੇ ਦੌਰਾਨ ਸਿੱਖ ਨੌਜਵਾਨ ਦੀ ਕੀਤੀ ਮਾਰਕੁੱਟ ਤੇ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ ਪੁਲੀਸ ਥਾਣਾ ਸਿਟੀ ਵਿੱਚ ਇਕੱਠ ਕੀਤਾ ਤੇ ਪੁਲੀਸ ਦੀ ਮਾੜੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਤ ਆਗੂਆਂ ਨੇ ਆਖਿਆ ਕਿ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਪੁਲੀਸ ਮਿਲਣ ਨਹੀਂ ਦੇ ਰਹੀ।

ਇਸ ਨੌਜਵਾਨ ਨੂੰ ਜਿੱਥੇ ਮੁਜਾਹਰਾਕਾਰੀਆਂ ਨੇ ਕੁੱਟਿਆ ਹੈ, ਉੱਥੇ ਪੁਲੀਸ ਉਸ ਨੂੰ ਸਿੱਖ ਭਾਈਚਾਰੇ ਤੋਂ ਦੂਰ ਰੱਖ ਰਹੀ ਹੈ। ਉਨ੍ਹਾਂ ਪੁਲੀਸ ਮੁਲਾਜ਼ਮ ਏ.ਐਸ.ਆਈ ਨੰਦ ਲਾਲ ਉੱਤੇ ਇਸ ਸਿੱਖ ਨੌਜਵਾਨ ਨੂੰ ਜਾਣ-ਬੁੱਝ ਕੇ ਇੱਧਰ ਉੱਧਰ ਕਰਨ ਦੇ ਦੋਸ਼ ਵੀ ਲਗਾਏ।
ਇਸ ਮੌਕੇ ਪੰਥਕ ਜਥੇਬੰਦੀਆਂ ਦੇ ਆਗੂ ਜਰਨੈਲ ਸਿੰਘ ਖਾਲਸਾ, ਹਰਬੰਸ ਸਿੰਘ ਤੇਗ, ਬੀਬੀ ਜਿੰਦਰਜੀਤ ਕੌਰ, ਹਰੀ ਸਿੰਘ ਦੋਆਬਾ, ਹਰਮੀਤ ਸਿੰਘ ਗੁਜ਼ਰਪੁਰ, ਹਰਵਿੰਦਰ ਸਿੰਘ ਵੀਰ, ਗੁਰਮੀਤ ਸਿੰਘ ਗੁਜ਼ਰਪੁਰ, ਜਸਵਿੰਦਰ ਸਿੰਘ ਤੇ ਬਲਰਾਜ ਸਿੰਘ ਬੱਲੀ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿੱਚ 26 ਮਾਰਚ ਨੂੰ ਸਵੇਰੇ 10 ਵਜੇ, ਸਿੱਖ ਨੌਜਵਾਨ ਦੀ ਕੀਤੀ ਗਈ ਕੁੱਟਮਾਰ, ਪੁਲੀਸ ਦੀ ਮਾੜੀ ਕਾਰਗੁਜਾਰੀ ਤੇ ਸ਼ਿਵ ਸੈਨਿਕਾਂ ਦੀ ਬੁਰਛਾਗਰਦੀ ਖ਼ਿਲਾਫ਼ ਇਕੱਠ ਕਰਕੇ ਅਗਲਾ ਪ੍ਰੋਗਰਾਮ ਉਲੀਕਣਗੇ।