ਗੁਰਦਾਸਪੁਰ (12 ਅਪ੍ਰੈਲ , 2015): ਸ਼ਿਵ ਸੈਨਾ ਦੇ ਆਗੂ ਹਰਵਿੰਦਰ ਸੋਨੀ ਨੂੰ ਗੋਲੀਆ ਮਾਰ ਕੇ ਜ਼ਖਮੀ ਕਰਨ ਵਾਲੇ ਸਿੱਖ ਨੋਜਵਾਨ ਕਸ਼ਮੀਰ ਸਿੰਘ ਤੋਂ ਇਲਾਵਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਇੰਦਰਪਾਲ ਸਿੰਘ ਪੁੱਤਰ ਜਗਪਾਲ ਸਿੰਘ ਵਾਸੀ ਗੁਰਦਾਸਪੁਰ ਅਤੇ ਗੁਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਨੂੰ ਗ੍ਰਿਫਤਾਰ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਨੌਜਵਾਨ ਕਸ਼ਮੀਰ ਸਿੰਘ ਦੀ ਮਦਦ ਕਰਨ ਵਾਲੇ ਇਕ ਹੋਰ ਵਿਅਕਤੀ ਨੂੰ ਵੀ ਅੱਜ ਸ਼ਾਮ ਪਟਿਆਲਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ।ਜਿਸ ਦੀ ਪਹਿਚਾਣ ਇੰਦਰਪਾਲ ਸਿੰਘ ਪੁੱਤਰ ਜਗਪਾਲ ਸਿੰਘ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ ।ਉਨ੍ਹਾਂ ਦੱਸਿਆ ਕਿ ਇੰਦਰਪਾਲ ਸਿੰਘ ਨੇ ਕੁੱਝ ਦਿਨ ਪਹਿਲਾਂ ਹਮਲਾਵਰ ਕਸ਼ਮੀਰ ਸਿੰਘ ਨੂੰ ਗੁਰਦਾਸਪੁਰ ਵਿਖੇ ਹਰਵਿੰਦਰ ਸੋਨੀ ਦੀ ਦੁਕਾਨ ਅਤੇ ਉਸ ਦੇ ਖੇਡਣ ਵਾਲੀ ਗਰਾਊਾਡ ਆਦਿ ਦਿਖਾਈ ਸੀ ।ਹਮਲੇ ਵੇਲੇ ਇੰਦਰਪਾਲ ਸਿੰਘ ਉਸ ਦੇ ਨਾਲ ਮੌਜੂਦ ਨਹੀਂ ਸੀ ।

ਉਨ੍ਹਾਂ ਦੱਸਿਆ ਕਿ ਇੰਦਰਪਾਲ ਸਿੰਘ ਤੋਂ ਪੁੱਛਗਿੱਛ ਦੇ ਆਧਾਰ ‘ਤੇ ਗੁਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ ।
ਪੰਜਾਬੀ ਅਖਬਾਰ ਅਜੀਤ ਅਨੁਸਾਰ ਗਲਵੱਢੀ ਪਿੰਡ ਵਿਚੋਂ ਤਿੰਨ ਹੋਰ ਵਿਅਕਤੀਆਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ।ਇੰਨ੍ਹਾਂ ਨੂੰ ਖੰਨਾ ਦੇ ਸੀ. ਆਈ. ਏ. ਸਟਾਫ ਵਿਚ ਭੇਜਣ ਦੀ ਚਰਚਾ ਹੈ ਪਰ ਖੰਨਾ ਪੁਲਿਸ ਇਸ ਬਾਰੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ ।ਹਿਰਾਸਤ ਵਿਚ ਲਏ ਗਏ ਤਿੰਨਾਂ ਵਿਅਕਤੀਆਂ ਦੇ ਨਾਵਾਂ ਦਾ ਪਤਾ ਨਹੀਂ ਲੱਗ ਸਕਿਆ।
ਜਾਣਕਾਰੀ ਅਨੁਸਾਰ ਹਰਮਿੰਦਰ ਸੋਨੀ ਉੱਤੇ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਕਿ ਉਹ ਸਥਾਨਕ ਫਿਸ਼ ਪਾਰਕ ਵਿਖੇ ਵਾਲੀਵਾਲ ਖੇਡ ਕੇ ਹਟਿਆ ਸੀ। ਇਹ ਹਮਲਾ ਸਵੇਰੇ ਤਕਰੀਬਨ 8:30 ਵਜੇ ਹੋਇਅ। ਉਸ ਸਮੇਂ ਸੋਨੀ ਨਾਲ ਉਸ ਦੇ ਚਾਰ ਬੰਦੂਕਧਾਰੀ ਰੱਖਿਆ ਕਰਮਚਾਰੀ ਵੀ ਮੌਜੂਦ ਸਨ। ਪੁਲਿਸ ਅਨੁਸਾਰ ਕਸ਼ਮੀਰ ਸਿੰਘ ਨੇ ਸੋਨੀ ਨੂੰ .315 ਬੋਰ ਦੇ ਦੇਸੀ ਪਿਸਤੌਲ ਨਾਲ ਗੋਲੀ ਮਾਰੀ ਸੀ। ਹਰਵਿੰਦਰ ਸੋਨੀ ਨੂੰ ਸੁਰੱਖਿਆ ਲਈ ਪੰਜਾਬ ਪੁਲਿਸ ਵੱਲੋਂ ਗੰਨੇਮੈਨ ਦਿੱਤੇ ਹੋਏ ਹਨ ।