ਚੰਡੀਗੜ੍ਹ: ਭਾਰਤ ਸਰਕਾਰ ਦੇ ਹੁਕਮਾਂ ਨਾਲ ਸਰਹੱਦੀ ਪੱਟੀ ਦੇ 10 ਕਿਲੋਮੀਟਰ ਦੇ ਦਾਇਰੇ ‘ਚ ਆਉਣ ਵਾਲੇ ਪਿੰਡਾਂ ਦੇ ਬੇਘਰੇ ਲੋਕਾਂ ਦੀਆਂ ਖ਼ਬਰਾਂ ਸੁਰਖੀਆਂ ਬਣੀਆਂ ਹੋਈਆਂ ਹਨ। ਸੋਸ਼ਲ ਮੀਡੀਆ ‘ਤੇ ਖਾਲੀ ਪਿੰਡਾਂ ਅਤੇ ਉਨ੍ਹਾਂ ਦੇ ਘਰਾਂ ਦੀਆਂ ਵੀਡੀਓ ਸਰਹੱਦੀ ਪੱਟੀ ਦੇ ਲੋਕਾਂ ਦੇ ਦਰਦ ਨੂੰ ਬਿਆਨ ਕਰਦੀ ਹੈ, ਜੋ ਕਿ ਬਿਨਾਂ ਮੁੱਢਲੀਆਂ ਸਹੂਲਤਾਂ ਦੇ ਕੈਂਪਾਂ ‘ਚ ਰਹਿਣ ਲਈ ਮਜਬੂਰ ਹਨ।
ਪਾਕਿਸਤਾਨ ਨਾਲ ਲਗਦੀ ਪੰਜਾਬ ਦੀ ਸਰਹੱਦੀ ਪੱਟੀ ਤੋਂ 10 ਕਿਲੋਮੀਟਰ ਤਕ ਖਾਲੀ ਕਰਾਉਣ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਚੁਫੇਰਿਉਂ ਨਿੰਦਾ ਹੋ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਾਬਕਾ ਫੌਜੀ ਅਤੇ ਮਾਹਰ ਕਹਿ ਰਹੇ ਹਨ ਕਿ ਸਰਕਾਰ ਨੇ ਪਿੰਡ ਖਾਲੀ ਕਰਵਾਉਣ ‘ਚ ਕਾਹਲੀ ਕੀਤੀ ਅਤੇ ਇਸਦੀ ਹਾਲੇ ਕੋਈ ਲੋੜ ਨਹੀਂ ਸੀ। ਪ੍ਰਭਾਵਿਤ ਲੋਕ ਸਰਕਾਰ ਦੀ ਗੱਲੋਂ ਆਲੋਚਨਾ ਕਰ ਰਹੇ ਹਨ।
ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਕੇਂਦਰ ਦੇ ਇਸ ਫੈਸਲੇ ਦੇ ਹੱਕ ਵਿਚ ਅੱਗੇ ਆਏ। ਬਾਦਲ ਨੇ ‘ਦੇਸ਼ਭਗਤੀ’ ਦੀ ਸੁਰ ਵਿਚ ਬਿਆਨ ਜਾਰੀ ਕਰਕੇ ਕਿਹਾ ਕਿ ਨੂੰ ਵਿਰੋਧ ਕਰ ਰਹੇ ਲੋਕ ਦੇਸ਼ ਦੀ ‘ਏਕਤਾ ਅਤੇ ਅਖੰਡਤਾ’ ਦੇ ਵਿਰੋਧੀ ਹਨ।
ਬਾਦਲ ਨੇ ਦੂਜੇ ਰਾਜਨੀਤਕ ਦਲਾਂ ਨੂੰ ਬੇਨਤੀ ਕੀਤੀ ਕਿ “ਵੱਡੇ ਕੌਮੀ ਹਿਤਾਂ” ਖਾਤਰ ਉਹ ਸਰਕਾਰ ਦੇ ਇਹ ਫੈਸਲੇ ਦਾ ਵਿਰੋਧ ਨਾ ਕਰਨ।
ਕੱਲ੍ਹ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਦੌਰੇ ਸਮੇਂ ਬਾਦਲ ਨੇ ਕਿਹਾ ਕਿ ਇਹ ਅਫਸੋਸਨਾਕ ਹੈ ਕਿ ਕਈ ਸਿਆਸੀ ਦਲਾਂ ਦੇ ਆਗੂ ਅਜਿਹੇ ਵੇਲੇ ਸਰਕਾਰ ਦੀ ਆਲੋਚਨਾ ਕਰ ਰਹੇ ਹਨ ਜਦੋਂ ਜੰਗ ਦੇ ਬੱਦਲ ਸਿਰ ‘ਤੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਬਿਆਨ ਦਿੱਤਾ ਸੀ ਕਿ ਸਰਕਾਰ ਯੂ.ਪੀ. ਚੋਣਾਂ ਜਿੱਤਣ ਲਈ ਪੰਜਾਬ ਦੀ ਸਰਹੱਦ ‘ਤੇ ਜੰਗ ਦਾ ਮਾਹੌਲ ਬਣਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਸੀ ਕਿ ਪਿੰਡ ਖਾਲੀ ਕਰਨ ਦਾ ਹੁਕਮ ਰੱਖਿਆ ਮੰਤਰਾਲੇ ਵਲੋਂ ਨਹੀਂ ਗ੍ਰਹਿ ਮੰਤਰਾਲੇ ਵਲੋਂ ਆਇਆ ਸੀ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਲਈ ਕਿਹਾ ਕਿ ਉਹ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਹੀ ਕੰਮ ਕਰ ਰਹੇ ਹਨ ਜਦਕਿ ਉਨ੍ਹਾਂ ਨੂੰ ਪਿੰਡ ਖਾਲੀ ਕਰਵਾਉਣ ਦੇ ਫੈਸਲੇ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਸੀ।
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਵੀ 1 ਅਕਤੂਬਰ ਨੂੰ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਸਿਰਫ ਪੰਜਾਬ ਦੇ ਹੀ ਸਰਹੱਦੀ ਇਲਾਕੇ ਕਿਉਂ ਖਾਲੀ ਕਰਵਾਏ ਗਏ। ਰਾਜਸਥਾਨ ਅਤੇ ਗੁਜਰਾਤ ਦੇ ਕਿਉਂ ਨਹੀਂ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਕਈ ਸੀਨੀਅਰ ਫੌਜੀ ਅਫਸਰਾਂ ਦਾ ਕਹਿਣਾ ਹੈ ਕਿ ਜਦੋਂ ਫੌਜ ਦੀ ਕੋਈ ਗਤੀਵਿਧੀ ਹੀ ਨਹੀਂ ਦਿਖ ਰਹੀ ਇਲਾਕੇ ਵਿਚ, ਅਜਿਹੇ ਹਾਲਾਤਾਂ ਵਿਚ ਪਿੰਡ ਕਿਉਂ ਖਾਲੀ ਕਰਵਾਏ ਗਏ।
ਸਿੱਖ ਸਿਆਸਤ ਨਿਊਜ਼ (SSN) ਨਾਲ ਜੁੜੇ ਇਕ ਸਥਾਨਕ ਪੱਤਰਕਾਰ ਨੇ ਜਦੋਂ ਸਰਹੱਦੀ ਪੱਟੀ ਦਾ ਦੌਰਾ ਕੀਤਾ ਤਾਂ ਇਕ ਸਵਾਲ ਜੋ ਜ਼ਿਆਦਾਤਰ ਲੋਕਾਂ ਦੇ ਮਨਾਂ ‘ਚ ਸੀ ਕਿ ਜੇ ਸੱਚਮੁੱਚ ਹੀ ਜੰਗ ਦਾ ਖਤਰਾ ਹੈ ਤਾਂ ਟਰੱਕਾਂ ਰਾਹੀਂ ਵਪਾਰ ਕਿਉਂ ਜਾਰੀ ਹੈ? ਜਦਕਿ ਦੂਜੇ ਪਾਸੇ ਚੜ੍ਹਦੇ ਪੰਜਾਬ (ਭਾਰਤ ਦੇ ਕਬਜ਼ੇ ਵਾਲੇ ਪੰਜਾਬ) ਦੇ ਕਿਸਾਨਾਂ ਨੂੰ ਉਨ੍ਹਾਂ ਦੀ ਤਿਆਰ ਫਸਲ ਤੋਂ ਦੂਰ ਕੀਤਾ ਜਾ ਰਿਹਾ ਹੈ।
ਇਸ ਖ਼ਬਰ ਨੂੰ ਵਿਸਥਾਰ ਨਾਲ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
CM Badal Sings Nationalism, While Displaced Residents of Border-range continue to suffer …