ਬਾਬਾ ਸੂਰਤ ਸਿੰਘ ਨੇ ਆਪਣੇ ਤੌਰ ਤੇ ਹੀ ਭੁਖ ਹੜਤਾਲ ਸ਼ੁਰੂ ਕੀਤੀ ਹੈ ਕਿ ਅਰਦਾਸ ਦੀ ਮਹਾਨਤਾ ਪ੍ਰਗਟ ਕਰਨੀ ਹੈ। ਇਹ ਤਾਂ ਹੁਣ ਵਾਹਿਗੁਰੂ ਜਾਣੇ ਕਿ ਉਹ ਆਪਣੇ ਮਕਸਦ ਵਿਚ ਖਰੇ ਉਤਰਦੇ ਹਨ ਕਿ ਨਹੀ ਪਰ ਜਿਹੋ ਜਿਹਾ ਨਿਰਾਸ਼ਾ ਵਾਲਾ ਮਹੌਲ ਬਣਿਆ ਹੋਇਆ ਹੈ, ਹੁਣ ਕੋਈ ਨਹੀ ਚਾਹੁੰਦਾ ਕਿ ਜਥੇਦਾਰ ਸੂਰਤ ਸਿੰਘ ਵੀ ਭਾਈ ਗੁਰਬਖਸ਼ ਸਿੰਘ ਵਾਲਾ ਕਾਂਡ ਦੁਹਰਾਉਣ।

ਕਿਸੇ ਨੇ ਜਥੇਦਾਰ ਸੂਰਤ ਸਿੰਘ ਨੂੰ ਮਜਬੂਰ ਨਹੀ ਕੀਤਾ, ਪ੍ਰੇਰਨਾ ਨਹੀ ਦਿਤੀ ਕਿ ਉਹ ਸ਼ਹਾਦਤ ਦੇਣ ਲਈ ਇਹ ਮੋਰਚਾ ਲਾਉਣ। ਇਹ ਉਨਾਂ ਦਾ ਆਪਣਾ ਫੈਸਲਾ ਹੈ। ਪਰ ਇਕ ਸਿਖ, ਇਹੋ ਜਿਹੇ ਅਹਿਮ ਮੋਰਚੇ ਤੇ ਡਟ ਜਾਵੇ ਤੇ ਪੰਥਕ ਧਿਰਾਂ ਪਾਸੇ ਬਹਿਕੇ ਤਮਾਸ਼ਾ ਕਿਵੇਂ ਦੇਖੀ ਜਾਣ।
ਪੰਥਕ ਸੋਚ ਵਾਲੇ ਤਾਂ ਦੋਨੇ ਪਾਸੇ ਫਸੇ ਹੋਏ ਨੇ। ਜੇ ਜਥੇਦਾਰ ਸੂਰਤ ਸਿੰਘ ਦਾ ਸਾਥ ਨਾ ਦੇਣ ਤਾਂ ਮਗਰੋਂ ਕਹਿਣਗੇ ਲਓ ਜੀ, ਅਗਲਾ ਪੰਥ ਲਈ ਜਾਨ ਵਾਰ ਗਿਆ, ਪਰ ਇਹ ਲੋਕ ਹਿੱਲੇ ਹੀ ਨਹੀ ਤੇ ਜੇ ਜਥੇਦਾਰ ਸੂਰਤ ਸਿੰਘ ਨੇ ਵੀ ਢੇਰੀ ਢਾਹ ਦਿਤੀ ਫੇਰ ਕਹਿਣਗੇ, ਇਹ ਪੰਥਕ ਸੋਚ ਵਾਲੇ ਐਂਵੇ ਹੀ ਹਰੇਕ ਦੇ ਮਗਰ ਲੱਗ ਤੁਰਦੇ ਨੇ।
ਕੀ ਕਰਨ ਪੰਥਕ ਸੋਚ ਵਾਲ਼ੇ। ਕਿਹੜੇ ਖੂਹ ਵਿਚ ਡਿਗਣ। ਹਕੂਮਤ ਨੇ ਸਿਖ ਨਜਰਬੰਦ ਤਾਂ ਉਂਝ ਵੀ ਨਹੀ ਛੱਡਣੇ ਸੀ ਪਰ ਹੁਣ ਤਾਂ ਅਗਲਿਆਂ ਕੋਲ ਸੁਪਰੀਮ ਕੋਰਟ ਦੇ ਹੁਕਮ ਦਾ ਬਹਾਨਾ ਬੜਾ ਵਧੀਆ ਹੈ। ਸੋ, ਇਹ ਸੋਚਣਾ ਕਿ ਕਿਸੇ ਸਿੱਖ ਦੀ ਭੁਖ ਹੜਤਾਲ ਦੇ ਡਰੋਂ ਜਾਂ ਮਰ ਜਾਣ ਦੇ ਖਦਸ਼ੇ ਵਿਚ ਹਕੂਮਤ ਕੋਈ ਗੱਲ ਮੰਨ ਲਵੇਗੀ, ਬਿਲਕੁਲ ਗਲਤ ਹੈ। ਅਗਲਿਆਂ ਨੇ ਪਹਿਲਾਂ ਹਜਾਰਾਂ ਸਿਖ ਮਾਰੇ ਅੇ ਜੇ ਕੋਈ ਜਥੇਦਾਰ ਸੂਰਤ ਸਿੰਘ ਵਰਗਾ ਵੀ ਇਸੇ ਲੜੀ ਵਿਚ ਲੱਗ ਜਾਵੇ, ਦਿਲੀ ਨੂੰ ਕੀ ਫਰਕ ਪੈਂਦਾ।
ਦਿੱਲ਼ੀ ਵਾਲਿਆਂ ਨੂੰ ਤਾਂ ਜਥੇਦਾਰ ਸੂਰਤ ਸਿੰਘ ਜਾਂ ਕਿਸੇ ਹੋਰ ਸਿਖ ਦੇ ਮਰਨ ਦਾ ਕੋਈ ਫਰਕ ਨਹੀ ਪੈਂਦਾ ਪਰ ਪੰਥ ਨੂੰ ਪੈਂਦਾ ਹੈ। ਖਾਸ ਕਰਕੇ ਪੰਥਕ ਸੋਚ ਵਾਲੇ ਲੋਕ ਫਸ ਜਾਂਦੇ ਹਨ, ਜਿਵੇਂ ਹੁਣ ਫਸੇ ਹੋਏ ਹਨ। ਜਿਹੜੇ ਹੁਣ ਕਹਿੰਦੇ ਨੇ ਕਿ ਪੰਥਕ ਧਿਰਾਂ ਨੂੰ ਜਥੇਦਾਰ ਸੂਰਤ ਸਿੰਘ ਮਗਰ ਨਹੀ ਜਾਣਾ ਚਾਹੀਦਾ, ਜੇ ਕੁਝ ਵਾਪਰ ਗਿਆ ਫਿਰ ਕਹਿਣਗੇ, ” ਇਹ ਕਾਹਦੇ ਪੰਥਕ “।