ਅੰਮ੍ਰਿਤਸਰ (12 ਅਗਸਤ 2014): ਆਰ. ਐਸ. ਐਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਹਿੰਦੋਸਤਾਨ ‘ਚ ਵੱਸਦੇ ਸਾਰੇ ਲੋਕਾਂ ਨੂੰ ਹਿੰਦੂ ਦੱਸਣ ਵਾਲੇ ਬਿਆਨ ਦੀ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਹਰੇਕ ਧਰਮ ਦੇ ਲੋਕਾਂ ਨੂੰ ਆਪਣੇ-ਆਪਣੇ ਧਰਮ ‘ਚ ਪ੍ਰਪੱਕ ਤੇ ਆਪਣੇ-ਆਪਣੇ ਰੀਤੀ ਰਿਵਾਜਾਂ ਅਨੁਸਾਰ ਰਹਿਣ-ਸਹਿਣ ਦਾ ਪੂਰਾ-ਪੂਰਾ ਹੱਕ ਹੈ।
ਉਨ੍ਹਾਂ ਭਾਰਤ ਸਰਕਾਰ ਨੂੰ ਕਿਹਾ ਕਿ ਭਾਗਵਤ ਦੇ ਇਸ ਫਿਰਕੂ ਬਿਆਨ ਨਾਲ ਦੇਸ਼ ‘ਚ ਵਸਦੇ ਬਾਕੀ ਧਰਮਾਂ ਦੇ ਲੋਕਾਂ ਨੂੰ ਭਾਰੀ ਠੇਸ ਪੁੱਜੀ ਹੈ ਅਤੇ ਅਜਿਹੇ ਬਿਆਨ ਦੇਣ ਵਾਲੇ ਭਾਗਵਤ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਭਾਗਵਤ ਨੇ ਇੱਕ ਸਮਾਗਮ ਦੌਰਾਨ ਇਹ ਵੀ ਕਿਹਾ ਸੀ ਕਿ ਸਿੱਖ ਹਿੰਦੂਆਂ ਦਾ ਹੀ ਇੱਕ ਹਿੱਸਾ ਹਨ। ਜਿਸ ਕਰਕੇ ਸਿੱਖ ਹਲਕਿਆਂ ਨੇ ਕਾਫੀ ਰੋਸ ਜ਼ਾਹਰ ਕੀਤਾ ਸੀ।