ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਤਾਇਨਾਤ ਕੁਝ ਕਮੇਟੀ ਮੁਲਾਜਮਾਂ ਦੇ ਸ਼ਰਧਾਲੂਆਂ ਪ੍ਰਤੀ ਅੱਖੜ ਵਰਤਾਅ ਖਿਲਾਫ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੀ ਭੁੱਖ ਹੜਤਾਲ ਸ਼ੁਰੂ ਕਰਨ ਆਈ ਸਥਾਨਕ ਜੌੜਾ ਫਾਟਕ ਵਾਸੀ ਬੀਬੀ ਹਰਮਨ ਕੌਰ ਨੂੰ ਕਮੇਟੀ ਮੁਲਾਜ਼ਮਾਂ ਨੇ ਜ਼ਬਰਦਸਤੀ ਉਠਾ ਦਿੱਤਾ। ਕਮੇਟੀ ਅਧਿਕਾਰੀਆਂ ਨੇ ਭੁੱਖ ਹੜਤਾਲ ‘ਤੇ ਬੈਠਣ ਵਾਲੀ ਬੀਬੀ ਅਤੇ ਉਸ ਨਾਲ ਆਈਆਂ ਦਰਜਨ ਦੇ ਕਰੀਬ ਬੀਬੀਆਂ ਨਾਲ ਨਜਿੱਠਣ ਲਈ 30-40 ਸੇਵਾਦਾਰਨੀਆਂ ਇਕੱਠੀਆਂ ਕਰ ਲਈਆਂ ਸਨ। ਉਨ੍ਹਾਂ ਦੀ ਮਦਦ ਲਈ ਦਰਬਾਰ ਸਾਹਿਬ ਦੇ ਮੈਨੇਜਰ ਸਮੇਤ ਦੋ ਵਧੀਕ ਮੈਨਜਰ ਅਤੇ ਸੁਪਰਵਾਈਜਰ ਰੈਂਕ ਦੇ ਅਧਿਕਾਰੀ ਮੁਲਾਜਮਾਂ ਸਮੇਤ ਮੌਜੂਦ ਸਨ।

ਸ੍ਰੀ ਅਕਾਲ ਤਖਤ ਸਾਹਿਬ ਵੱਲ ਵੱਧਣ ਤੋਂ ਪਹਿਲਾਂ ਹੀ ਸਕਤਰੇਤ ਵਾਲੇ ਪਾਸੇ ਕਮੇਟੀ ਦੀਆਂ ਇਸਤਰੀ ਮੁਲਾਜਮਾਂ ਨੇ ਬੀਬੀ ਹਰਮਨ ਕੌਰ ਨੂੰ ਰੋਕਿਆ ਪਰ ਪੱਤਰਕਾਰਾਂ ਨਾਲ ਗੱਲਬਾਤ ਕਰਨ ਉਪਰੰਤ ਹਰਮਨ ਕੌਰ ਅੱਗੇ ਵੱਧ ਗਈ। ਅਜਿਹਾ ਹੁੰਦਿਆਂ ਹੀ ਕਮੇਟੀ ਮੁਲਾਜਮਾਂ ਨੇ ਮੀਡੀਆ ਦੇ ਕੈਮਰਾਮੈਨਾਂ ਨੂੰ ਕੰਪਲੈਕਸ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ। ਕੁਝ ਦੇਰ ਬਾਅਦ ਹੀ ਕਮੇਟੀ ਦੀਆਂ ਇਸਤਰੀ ਮੁਲਾਜ਼ਮਾਂ ਨੇ ਹਰਮਨ ਕੌਰ ਨੂੰ ਗੁੱਟ ਤੋਂ ਫੜ੍ਹਕੇ ਕੰਪਲੈਕਸ ਦੇ ਬਾਹਰ ਕਟੜਾ ਆਹਲੂਵਾਲੀਆ ਤੀਕ ਲਿਆ ਕੇ ਛੱਡ ਦਿੱਤਾ। ਇਹ ਕਮੇਟੀ ਮੁਲਾਜ਼ਮ ਇਸ ਜਗ੍ਹਾ ‘ਤੇ ਤਕਰੀਬਨ ਇਕ ਘੰਟਾ ਖੜੀਆਂ ਰਹੀਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਹਰਮਨ ਕੌਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਤਾਇਨਾਤ ਕਮੇਟੀ ਮੁਲਾਜ਼ਮਾਂ ਦਾ ਵਤੀਰਾ ਯਾਤਰੂਆਂ ਅਤੇ ਵਿਸ਼ੇਸ਼ ਕਰਕੇ ਔਰਤਾਂ ਪ੍ਰਤੀ ਰੁੱਖਾ ਅਤੇ ਅੱਖੜਪੁਣੇ ਵਾਲਾ ਹੈ। ਕਮੇਟੀ ਅਧਿਕਾਰੀਆਂ ਨੇ ਬਿਨ੍ਹਾਂ ਕਿਸੇ ਕਾਰਣ ਹੀ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਰਵਾਨਾ ਹੋਣ ‘ਤੇ ਸੰਗਤਾਂ ਵਲੋਂ ਕੀਤੇ ਜਾਣ ਵਾਲੇ ਸੁਖਮਨੀ ਸਾਹਿਬ ਦੇ ਪਾਠ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਿਸਦੇ ਖਿਲਾਫ ਉਹ ਹਰ ਕਮੇਟੀ ਅਧਿਕਾਰੀ ਨੂੰ ਮਿਲ ਚੁੱਕੀ ਹੈ ਪਰ ਅਧਿਕਾਰੀ ਵੀ ਕੁਝ ਸੁਣਨ ਨੂੰ ਤਿਆਰ ਨਹੀਂ। ਉੱਧਰ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਬੀਬੀ ਹਰਮਨ ਕੌਰ ਵਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿਸੇ ਨੂੰ ਪ੍ਰਬੰਧ ਵਿੱਚ ਖਲਲ ਪਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।