ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ’ਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਨਿੰਦਾ ਕਰਦਿਆਂ ਬਾਦਲ ਨੂੰ ਲੌਂਗੋਵਾਲ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਹੰਝੂ ਵਹਾਉਣ ਨਾਲ ਬਾਦਲ ’ਤੇ ਲੌਂਗੋਵਾਲ ਦੇ ਖੂਨ ਦੇ ਲੱਗੇ ਦਾਗ ਨਹੀਂ ਮਿਟਣਗੇ। ਮੁੱਖ ਮੰਤਰੀ ਵੱਲੋਂ ਸਮਾਰੋਹ ਦੌਰਾਨ ਕਾਂਗਰਸ ’ਤੇ ਲੌਂਗੋਵਾਲ ਦੇ ਕਤਲ ਸਬੰਧੀ ਲਗਾਏ ਗਏ ਦੋਸ਼ ਨੂੰ ਨਕਾਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਨੇ ਲੌਂਗੋਵਾਲ ਨੂੰ ਧੋਖਾ ਦਿੱਤਾ ਸੀ ਅਤੇ ਰਾਜੀਵ-ਲੌਂਗੋਵਾਲ ਸਮਝੌਤੇ ਤੋਂ ਪਿੱਛੇ ਹੱਟ ਗਿਆ ਸੀ। ਇਸਦਾ ਨਤੀਜਾ ਲੌਂਗੋਵਾਲ ਦੇ ਕਤਲ ਦੇ ਰੂਪ ਵਿੱਚ ਸਾਹਮਣੇ ਆਇਆ।

ਕੈਪਟਨ ਨੇ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਦੱਸਣ ਕਿ ਉਨ੍ਹਾਂ ਨੇ ਸਮਝੌਤੇ ਨੂੰ ਨਹੀਂ ਨਕਾਰਿਆ ਸੀ। ਉਨ੍ਹਾਂ ਨੂੰ ਲੌਂਗੋਵਾਲ ਨੂੰ ਧੋਖਾ ਦੇਣ ਅਤੇ ਉਨ੍ਹਾਂ ਦੇ ਕਤਲ ਲਈ ਜ਼ਿੰਮੇਵਾਰ ਹੋਣ ਕਾਰਨ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਨੇ ਲੌਂਗੋਵਾਲ ’ਤੇ ਸਮਝੌਤੇ ’ਤੇ ਦਸਤਖ਼ਤ ਕਰਨ ਦਾ ਦਬਾਅ ਬਣਾਇਆ ਸੀ ਅਤੇ ਆਖਰੀ ਮੌਕੇ ਖੁਦ ਪਿੱਛੇ ਹਟ ਗਿਆ ਸੀ।