ਚੰਡੀਗੜ੍ਹ: 26 ਅਕਤੂਬਰ ਨੂੰ ਅਫਗਾਨਿਸਤਾਨ ਦੇ ਪਾਕਿਸਤਾਨ, ਤਜੀਕਿਸਤਾਨ ਅਤੇ ਚੀਨ ਨਾਲ ਲੱਗਦੇ ਸੂਬੇ ਬਦੱਖਸ਼ਾਨ ਵਿੱਚ ਕੇਂਦਰਿਤ 7.5 ਮੈਗਨੀਚਿਊਡ ਦੀ ਤੀਬ੍ਰਤਾ ਦੇ ਭੁਚਾਲ ਨਾਲ ਹੋਈ ਤਬਾਹੀ ਵਿੱਚ ਮਰਨ ਵਾਲਿਆਂ ਦੀ ਗਿਣਤੀ 300 ਤੋਂ ਟੱਪ ਗਈ ਹੈ।ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ 258, ਅਫਗਾਨਿਸਤਾਨ ਵਿੱਚ 115 ਅਤੇ ਕਸ਼ਮੀਰ ਵਿੱਚ 115 ਮੌਤਾਂ ਹੋਈਆਂ ਹਨ।

ਸੂਤਰਾਂ ਅਨੁਸਾਰ ਇਸ ਭੁਚਾਲ ਦਾ ਜਿਆਦਾ ਅਸਰ ਪਾਕਿਸਤਾਨ ਦੇ ਉੱਤਰ ਪੱਛਮੀ ਹਿੱਸੇ ਤੇ ਹੋਇਆ ਜਿੱਥੇ ਸਥਾਨਕ ਅਧਿਕਾਰੀਆਂ ਅਨੁਸਾਰ 8453 ਘਰ ਅਤੇ 113 ਸਕੂਲ ਢਹਿ ਢੇਰੀ ਹੋ ਗਏ ਹਨ।




ਅਫਗਾਨਿਸਤਾਨ ਦੇ ਰਾਸ਼ਟਰਪਤੀ ਦਫਤਰ ਵੱਲੋਂ ਭੁਚਾਲ ਕਾਰਨ ਅਜੇ ਤੱਕ 7600 ਘਰ ਤਬਾਹ ਹੋਣ ਅਤੇ 558 ਵਿਅਕਤੀਆਂ ਦੇ ਜਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਭੁਚਾਲ ਦਾ ਕੇਂਦਰ ਇੱਕ ਪਿਛੜਿਆ ਹੋਇਆ ਇਲਾਕਾ ਹੋਣ ਕਾਰਨ ਰਾਹਤ ਵਿੱਚ ਲੱਗੀਆਂ ਟੀਮਾਂ ਨੂੰ ਉੱਥੇ ਪਹੁੰਚਣ ਵਿੱਚ ਬਹੁਤ ਦਿੱਕਤ ਆ ਰਹੀ ਹੈ।
ਅਫਗਾਨਿਸਤਾਨ ਦੇ ਤਾਲਿਬਾਨ ਸੰਗਠਨ ਵੱਲੋਂ ਇੱਕ ਬਿਆਨ ਜਾਰੀ ਕਰਕੇ ਅਫਗਾਨੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭੁਚਾਲ ਦਾ ਸ਼ਿਕਾਰ ਹੋਏ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਲਈ ਅੱਗੇ ਆਉਣ।