ਨਵੀਂ ਦਿੱਲੀ ( 16 ਸਤੰਬਰ 2014): ਭਾਰਤ ਦੇ 10 ਸੂਬਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਜਨਤਾ ਨੇ ਮੋਦੀ ਸੀ ਅਗਵਾਈ ਵਾਲੀ ਭਾਜਪਾ ਦੀ ਭਗਵਾਵਾਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਨਕਾਰਦਿਆਂ ਇਸਦੇ ਵਿਰੁੱਧ ਆਪਣੇ ਵੋਟ ਦਾ ਇਸਤੇਮਾਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਵੱਖ ਵੱਖ ਧਰਮਾਂ ਵਿੱਚ ਜ਼ਹਿਰ ਘੋਲਣ ਦੀ ਭਾਜਪਾ ਦੀ ਨੀਤੀ ਨੂੰ ਪਸੰਦ ਨਹੀਂ ਕਰਦੀ।ਇਨ੍ਹਾਂ ਚੋਣ ਨਤੀਜਿਆਂ ਵਿੱਚ ਕੁਝ ਮਹੀਨੇ ਪਹਿਲਾਂ ਭਾਰਤ ਭਰ ਵਿੱਚ ਹੁੰਝਾ ਫੇਰ ਜਿੱਤ ਪ੍ਰਾਪਤ ਕਰਨ ਵਾਲੀ ਭਾਜਪਾ ਨੂੰ ਜਨਤਾ ਨੇ ਕਰਾਰੇ ਹੱਥ ਵਿਖਾਏ ਹਨ।
ਇਨ੍ਹਾਂ ਚੋਣ ਨਤੀਜਿਆਂ ਅਨੁਸਾਰ, 32 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਨੇ 12, ਕਾਂਗਰਸ ਨੇ 7, ਸਮਾਜਵਾਦੀ ਪਾਰਟੀ ਨੇ 8, ਟੀ. ਡੀ. ਪੀ., ਤ੍ਰਿਣਮੂਲ ਕਾਂਗਰਸ, ਸੀ. ਪੀ. ਐਮ. ਅਤੇ ਏ. ਆਈ. ਯੂ. ਡੀ.ਐਫ. ਨੇ ਇੱਕ-ਇੱਕ ਸੀਟ ਜਿੱਤੀ ਹੈ। ਸਿੱਕਮ ਵਿੱਚ ਇੱਕ ਸੀਟ ਅਜ਼ਾਦ ਉਮੀਦਵਾਰ ਨੇ ਜਿੱਤੀ ਹੈ। ਬੀ. ਜੇ. ਪੀ. ਨੇ ਯੂ. ਪੀ., ਰਾਜਸਥਾਨ ਅਤੇ ਗੁਜਰਾਤ ਦੀਆਂ ਆਪਣੀਆਂ 23 ਸੀਟਾਂ ਵਿੱਚੋਂ 13 ਗੁਆ ਲਈਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਜਿਹੜੀਆਂ ਸੀਟਾਂ ਬੀ. ਜੇ. ਪੀ. ਨੇ ਇਨ੍ਹਾਂ ਸਟੇਟਾਂ ਵਿੱਚ ਗਵਾਈਆਂ ਹਨ, ਇਹ ਉਹ ਹੀ ਸੀਟਾਂ ਹਨ, ਜਿਥੋਂ ਬੀ. ਜੇ. ਪੀ. ਦੇ ਸਿਟਿੰਗ ਐਮ. ਐਲ. ਏ. ਸਨ। ਇਹ ਹੁਣ ਚੋਣਾਂ ਜਿੱਤ ਕੇ ਐਮ. ਪੀ. ਬਣ ਚੁੱਕੇ ਹਨ। ਸੋ ਇਨ੍ਹਾਂ ਬੀ. ਜੇ. ਪੀ. ਦੀਆਂ ‘ਪੱਕੀਆਂ ਸੀਟਾਂ’ ਤੇ, ਬੀ. ਜੇ. ਪੀ. ਦੀ ਹੋਈ ਸ਼ਰਮਨਾਕ ਹਾਰ ਨੇ, ਬੀ. ਜੇ. ਪੀ. ਦੇ ਖੇਮੇ ਵਿੱਚ ਖਲਬਲੀ ਮਚਾ ਦਿੱਤੀ ਹੈ।
ਇਥੋਂ ਤੱਕ ਕਿ ਮੋਦੀ ਦੇ ਵਾਰਾਣਸੀ ਪਾਰਲੀਮਾਨੀ ਹਲਕੇ ਵਿੱਚ ਪੈਂਦੀ, ਵਿਧਾਨ ਸਭਾ ਸੀਟ ਵੀ ਸਮਾਜਵਾਦੀ ਪਾਰਟੀ ਨੇ ਜਿੱਤ ਲਈ ਹੈ। ਗੁਜਰਾਤ ਵਿੱਚ ਕਾਂਗਰਸ ਨੇ, ਬੀ. ਜੇ. ਪੀ. ਨੂੰ ਬੜੀ ਜ਼ਬਰਦਸਤ ਟੱਕਰ ਦਿੱਤੀ ਹੈ। ਰਾਜਸਥਾਨ ਵਿੱਚ, ਜਿੱਥੇ ਕਿ ਬੀ. ਜੇ. ਪੀ. ਦੀ ਵਸੁੰਧਰਾ ਰਾਜੇ ਮੁੱਖ ਮੰਤਰੀ ਹੈ, ਚਾਰ ਵਿਚੋਂ ਤਿੰਨ ਸੀਟਾਂ ਕਾਂਗਰਸ ਨੇ ਜਿੱਤੀਆਂ ਹਨ।