ਨਵੀਂ ਦਿੱਲੀ (21 ਜੂਨ 2014): ਦਿੱਲੀ ਦੀ ਤਿਹਾੜ ਜੇਲ ‘ਚ ਬੰਦ ਰਾਜਸੀ ਸਿੱਖ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਰੀੜ੍ਹ ਦੀ ਹੱਡੀ ਤੇ ਖੱਬੀ ਲੱਤ ਦੇ ਦਰਦ ਦਾ ਜੇਲ ਪ੍ਰਸ਼ਾਸਨ ਵਲੋਂ ਇਲਾਜ ਨਾ ਕਰਵਾਉਣ ਸਿੱਖ ਹਲਕਿਆਂ ਵਿੱਚ ਰੋਸ ਫੈਲਦਾ ਜਾ ਰਿਹਾ ਅਤੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨਜ਼ੀਬ ਜੰਗ ਤੋਂ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਭਾਈ ਹਾਵਾਰਾ ਦਾ ਇਲਾਜ਼ ਕਰਵਾਕੇ ਉਨ੍ਹਾਂ ਦੇ ਮਨੁੱਖੀ ਹੱਕਾਂ ਬਣਾਉਣ ਪ੍ਰਤੀ ਅਪਣੀ ਜ਼ਿੰਮੇਵਾਰੀ ਨਿਭਾਉਣ।
ਇਸ ਸਬੰਧੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨਜ਼ੀਬ ਜੰਗ ਨੂੰ ਪੱਤਰ ਲਿੱਖ ਕੇ ਅਪੀਲ ਕੀਤੀ ਹੈ ਕਿ ਡੇਢ ਮਹੀਨੇ ਤੋਂ ਰੀੜ੍ਹ ਦੀ ਹੱਢੀ ਦੇ ਦਰਦ ਨਾਲ ਪੀੜਤ ਭਾਈ ਜਗਤਾਰ ਸਿੰਘ ਹਵਾਰਾ ਦਾ ਤੁਰੰਤ ਇਲਾਜ਼ ਕਰਵਾਇਆ ਜਾਵੇ ਅਤ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਦਿਤੀ ਜਾਵੇ।ਉਨ੍ਹਾਂ ਕਿਹਾ ਕਿ ਇਹ ਸਰਾਸਰ ਇਕ ਕੈਦੀ ਦੇ ਮਨੁੱਖੀ ਹੱਕਾਂ ਨੂੰ ਕੁਚਲਣ ਦਾ ਮਾਮਲਾ ਹੈ, ਜਿਸ ਵਲ ਤੁਰਤ ਧਿਆਨ ਦੇਣ ਦੀ ਲੋੜ ਹੈ।
ਇਤਿਹਾਸਕਾਰ ਡਾ. ਸੰਗਤ ਸਿੰਘ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸੁਪਰੀਮ ਕੋਰਟ ਦੀਆਂ ਕੈਦੀਆਂ ਬਾਰੇ ਸਪੱਸ਼ਟ ਹਦਾਇਤਾਂ ਦੇ ਬਾਵਜੂਦ ਜੇਲ ਪ੍ਰਸ਼ਾਸਨ ਵਲੋਂ ਸਮਾਂ ਰਹਿੰਦੇ ਭਾਈ ਹਵਾਰਾ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ ਜੋ ਕਿ ਪਹਿਲੀ ਨਜ਼ਰ ‘ਚ ਇਕ ਸਿੱਖ ਕੈਦੀ ਨਾਲ ਜ਼ਿਆਦਤੀ ਹੈ। ਉਨ੍ਹਾਂ ਗਵਰਨਰ ਨੂੰ ਇਸ ਮਸਲੇ ‘ਤੇ ਧਿਆਨ ਦੇਣ ਦੀ ਅਪੀਲ ਕੀਤੀ।
ਉਧਰ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਐਚ. ਐਸ. ਫੂਲਕਾ ਨੇ ਕਿਹਾ ਕਿ ਹਵਾਰਾ ਦਾ ਮਾਮਲਾ ਸਿੱਧੇ ਤੌਰ ‘ਤੇ ਇਕ ਕੈਦੀ ਦੇ ਮਨੁੱਖੀ ਹੱਕਾਂ ਦਾ ਮਾਮਲਾ ਹੈ ਤੇ ਜੇਲ ਨਿਯਮਾਂ ਮੁਤਾਬਕ ਕਿਸੇ ਵੀ ਕੈਦੀ ਨੂੰ ਡਾਕਟਰੀ ਸਹਾਇਤਾ ਮੁਹਈਆ ਕਰਵਾਉਣੀ ਅਤਿ ਜ਼ਰੂਰੀ ਹੁੰਦੀ ਹੈ ਅਤੇ ਸਰਕਾਰ ਅਤੇ ਜੇਲ ਪ੍ਰਸ਼ਾਸ਼ਨ ਦਾ ਮੁੱਧਲਾ ਫਰਜ਼ ਹੈ। ਜੇ ਭਾਈ ਹਵਾਰਾ ਦਾ ਹਸਪਤਾਲ ਤੋਂ ਇਲਾਜ ਕਰਵਾਉਣਾ ਮੁਨਾਸਬ ਨਹੀਂ ਤਾਂ ਉਸ ਲਈ ਜੇਲ ਵਿਚ ਹੀ ਡਾਕਟਰਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਉਨ੍ਹਾਂ ਲੈਫ਼ਟੀਨੈਂਟ ਗਵਰਨਰ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ।
