ਫ਼ਤਹਿਗੜ੍ਹ ਸਾਹਿਬ: ਅੱਜ ਜਸਟਿਸ ਐਚ.ਐਸ. ਗਰੇਵਾਲ ਦੀ ਫਿਰੋਜ਼ਪੁਰ ਦੀ ਅਦਾਲਤ ਨੇ ਭਾਈ ਧਿਆਨ ਸਿੰਘ ਮੰਡ ਦੀ ਜ਼ਮਾਨਤ ਮਨਜੂਰ ਕਰ ਲਈ ਹੈ । ਇਸ ਕੇਸ ਦੀ ਪੈਰਵੀ ਕਰਨ ਵਾਲੇ ਐਡਵੋਕੇਟ ਸ੍ਰੀ ਬਸੰਤ ਲਾਲ ਮਲਹੋਤਰਾ ਨੇ ਬਾਦਲੀਲ ਢੰਗ ਰਾਹੀ ਬਹਿਸ ਕਰਦੇ ਹੋਏ ਅਦਾਲਤ ਨੂੰ ਜ਼ਮਾਨਤ ਦੇਣ ਲਈ ਰਜਾਮੰਦ ਕਰ ਲਿਆ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜ਼ਮਾਨਤ ਹੋ ਜਾਵੇਗੀ ।
ਜਿਸ ਦਿਨ ਰਿਹਾਈ ਕਰਵਾਈ ਜਾਵੇਗੀ, ਉਸ ਤੋਂ ਸਮੁੱਚੀ ਸਿੱਖ ਕੌਮ ਨੂੰ ਅਖ਼ਬਾਰਾਂ ਅਤੇ ਮੀਡੀਏ ਰਾਹੀ ਸੂਚਿਤ ਕਰ ਦਿੱਤਾ ਜਾਵੇਗਾ । ਉਸ ਸਮੇਂ ਸਮੁੱਚੀ ਸਿੱਖ ਕੌਮ ਨਵੀਂ ਜੇਲ੍ਹ ਨਾਭਾ ਵਿਖੇ ਹੁੰਮ-ਹਮਾਕੇ ਪਹੁੰਚਕੇ ਸਵਾਗਤ ਕਰਦੇ ਹੋਏ ਉਹਨਾਂ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਨਤਮਸਤਕ ਹੋਣ ਲਈ ਲਿਆਵੇ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਸਮੁੱਚੀ ਸਿੱਖ ਕੌਮ ਦੇ ਨਾਮ ਸੰਦੇਸ਼ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬੇਸ਼ੱਕ ਸੰਘਰਸ਼ਸੀਲ ਸਿੱਖ ਆਗੂਆਂ ਅਤੇ ਸਖ਼ਸੀਅਤਾਂ ਲਈ ਕਾਲੇ ਕਾਨੂੰਨਾਂ ਦੀ ਦੁਰਵਰਤੋ ਅਤੇ ਜੇ਼ਲ੍ਹਾਂ ਵਿਚ ਜ਼ਬਰੀ ਬੰਦੀ ਬਣਾਉਣਾ ਕੋਈ ਨਵੀ ਗੱਲ ਨਹੀਂ ਅਤੇ ਸਮੇਂ-ਸਮੇਂ ਦੇ ਹਾਕਮਾਂ ਨੇ ਸਿੱਖ ਕੌਮ ਨਾਲ ਗੈਰ-ਇਨਸਾਨੀ ਅਤੇ ਗੈਰ-ਕਾਨੂੰਨੀ ਜ਼ਬਰ-ਜੁਲਮ ਵੀ ਕਰਦੇ ਰਹੇ ਹਨ । ਪਰ ਬਹੁਤ ਦੁੱਖ ਅਤੇ ਅਫਸੋਸ ਹੈ ਕਿ ਆਪਣੇ-ਆਪ ਨੂੰ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦਾ ਝੂਠਾ ਦਾਅਵਾ ਕਰਨ ਵਾਲੀ ਬਾਦਲ ਹਕੂਮਤ ਵੱਲੋਂ ਵੀ ਬੀਤੇ ਸਮੇਂ ਦੇ ਜਾਬਰ ਅਤੇ ਜ਼ਾਲਮ ਹੁਕਮਰਾਨਾਂ ਦੀ ਤਰ੍ਹਾਂ ਸਿੱਖ ਕੌਮ ਦੀ ਆਜ਼ਾਦੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬਉੱਚ ਰੁਤਬੇ, ਸਿੱਖੀ ਮਰਿਯਾਦਾਵਾਂ ਅਤੇ ਸਿਧਾਤਾਂ ਦੀ ਦ੍ਰਿੜਤਾ ਨਾਲ ਗੱਲ ਕਰਨ ਵਾਲੀ ਸਿੱਖ ਲੀਡਰਸਿ਼ਪ ਨੂੰ ਨਿਸ਼ਾਨਾਂ ਬਣਾਉਦੇ ਹੋਏ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾਉਣ ਦਾ ਸਿਲਸਿਲਾ ਹਿੰਦੂਤਵ ਮੋਦੀ ਹਕੂਮਤ ਦੇ ਅਤੇ ਆਰ.ਐਸ.ਐਸ. ਦੇ ਹੁਕਮਾਂ ਤੇ ਕੀਤਾ ਜਾ ਰਿਹਾ ਹੈ ।
ਭਾਈ ਧਿਆਨ ਸਿੰਘ ਮੰਡ ਰਿਹਾਈ ਉਪਰੰਤ ਜੋ ਵੀ ਕੌਮ ਪੱਖੀ ਫੈਸਲਾ ਕਰਦੇ ਹੋਏ ਸੰਗਤਾਂ ਨੂੰ ਅਗਲੇ ਪ੍ਰੋਗਰਾਮ ਬਾਰੇ ਸੂਚਿਤ ਕਰਨਗੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਸਿੱਖ ਕੌਮ ਵਿਚ ਵੱਡੀ ਗਿਣਤੀ ਵਿਚ ਵਿਚਰਣ ਵਾਲੇ ਪੰਥ ਦਰਦੀ ਉਸ ਤੇ ਪਹਿਰਾ ਦੇਣਾ ਫਖ਼ਰ ਮਹਿਸੂਸ ਕਰਨਗੇ ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
Bhai Dhian Singh Mand granted bail by Ferozepur Sessions Court
ਸ. ਮਾਨ ਨੇ ਵਿਸਾਖੀ ਦੇ ਦਿਹਾੜੇ ਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਵੱਲੋ ਅਗਲੇ ਹੋਣ ਵਾਲੇ “ਸਰਬੱਤ ਖ਼ਾਲਸਾ” ਜੋ 10 ਨਵੰਬਰ 2016 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ, ਉਸ ਵਿਚ ਬੀਤੇ ਸਮੇਂ ਦੇ ਅਤੇ ਆਉਣ ਵਾਲੇ ਸਮੇਂ ਦੇ ਹੋਣ ਵਾਲੇ ਕੌਮੀ ਫੈਸਲਿਆ ਵਿਚ ਸਿੱਖ ਕੌਮ ਨੂੰ ਵੱਧ ਚੜ੍ਹਕੇ ਯੋਗਦਾਨ ਪਾਉਣ ਅਤੇ ਪੰਥ ਦੋਖੀ ਮੁਤੱਸਵੀ ਤਾਕਤਾਂ ਅਤੇ ਬਾਦਲ ਦਲੀਆਂ ਨੂੰ ਗੁਰੂ ਦੀ ਸੋਚ ਨਾਲ ਖਿਦੇੜਨ ਦੀ ਵੀ ਅਪੀਲ ਕੀਤੀ ।