ਮੋਗਾ/ ਲੁਧਿਆਣਾ: ਭਾਈ ਜਗਤਾਰ ਸਿੰਘ ਹਵਾਰਾ ਦੇ ਇਕ ਕੇਸ ਦੀ ਮੋਗਾ ਅਦਾਲਤ ਵਿਚ 12 ਜੁਲਾਈ ਨੂੰ ਹੋਈ ਸੁਣਵਾਈ ਦੌਰਾਨ ਪੰਜਾਬ ਪੁਲਿਸ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕਰਨ ਤੋਂ ਬਚਣ ਲਈ ਇਕ ਨਵਾਂ ਬਹਾਨਾ ਲਾਇਆ।
ਪੁਲਿਸ ਨੇ ਅਦਾਲਤ ਵਿਚ ਕਿਹਾ ਕਿ ਉਹ ਸਬੰਧਿਤ ਮਾਮਲੇ ਦੀ ਮੁੜ ਤਫਤੀਸ਼ ਕਰ ਰਹੀ ਹੈ ਤੇ ਇਸ ਵਾਰ ਜਾਂਚ ਹੋਰ ਡੂੰਘਾਈ ਨਾਲ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਵਧੀਕ ਸੈਸ਼ਨ ਜੱਜ ਜਗਦੀਪ ਸੂਦ ਨੇ ਬਧਨੀ ਕਲਾਂ ਪੁਲਿਸ ਥਾਣੇ ਨਾਲ ਸਬੰਧਿਤ ਐਫਆਈਆਰ ਨੰ. 10/2015 ਦੇ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਿਚ ਨਿਜੀ ਤੌਰ ‘ਤੇ ਪੇਸ਼ ਕਰਨ ਦੇ ਹੁਕਮ ਕੀਤੇ ਸਨ।
ਪੁਲਿਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਜਗਤਾਰ ਸਿੰਘ ਹਵਾਰਾ ਨੂੰ ਨਿਜੀ ਤੌਰ ‘ਤੇ ਅਦਾਲਤ ਵਿਚ ਪੇਸ਼ ਕਰਨ ਲਈ ਨਾ ਕਿਹਾ ਜਾਵੇ ਕਿਉਂਕਿ ਇਸ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਖਰਾਬ ਹੋ ਸਕਦੀ ਹੈ।
ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਮਹਿਮੂਦ ਪਰਾਚਾ ਨੇ ਪੁਲਿਸ ਦੀ ਇਸ ਦਲੀਲ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਨਿਜੀ ਤੌਰ ‘ਤੇ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਜਾਵੇ।
ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 16 ਜੁਲਾਈ ਮੁਕਰਰ ਕੀਤੀ ਹੈ ਤੇ ਕੇਸ ਨੂੰ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਵਿਚ ਤਬਦੀਲ ਕਰ ਦਿੱਤਾ ਹੈ।