
ਫ਼ਰੀਦਕੋਟ (9 ਅਕਤੂਬਰ, 2014 ): ਪੰਜਾਬ ਪੁਲਿਸ ਵੱਲੌਂ ਵੱਖ-ਵੱਖ ਕੇਸਾਂ ਵਿੱਚ ਗ੍ਰਿਫਤਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਅੱਜ ਦਰਜ਼ ਸਾਰੇ ਮੁਕੱਦਮਿਆਂ ‘ਚੋ ਜ਼ਮਾਨਤਾਂ ਮਿਲਣ ਉਪਰੰਤ ਜਿਉਂ ਹੀ ਫਰੀਦਕੋਟ ਜੇਲ ਵਿੱਚੋਂ ਰਿਹਾਅ ਹੋਏ ਤਾਂ ਫਰੀਦਕੋਟ ਪੁਲਿਸ ਨੇ ਫਿਰ ਗ੍ਰਿਫਤਾਰ ਕਰਕੇ ਦੁਬਾਰਾ ਜੇਲ ਭੇਜ ਦਿੱਤਾ।
ਪੁਲਿਸ ਵੱਲੋਂ ਹੁਣ ਬਾਬਾ ਦਾਦੂਵਾਲ ਖਿਲਾਫ ਧਾਰਾ 107/151 (ਸੰਭਾਵੀ ਝਗੜੇ ਤੋਂ ਬਚਣ ਲਈ ਕੀਤੀ ਕਾਰਵਾਈ) ਅਧੀਨ ਪਰਚਾ ਦਰਜ਼ ਕਰਕੇ 16 ਅਕਤੂਬਰ ਤੱਕ ਮੁੜ ਜੇਲ੍ਹ ਭੇਜਿਆ ਹੈ।
ਪ੍ਰਤੱਖ ਦਰਸ਼ੀਆਂ ਅਨੁਸਾਰ ਪੁਲਿਸ ਨੇ ਸਮੁੱਚੀ ਕਾਰਵਾਈ ਬੜੀ ਵਿਉਂਤਬੰਦੀ ਨਾਲ ਕੀਤੀ। ਇੰਸਪੈਕਟਰ ਲਖਵੀਰ ਸਿੰਘ ਤੇ ਡੀ. ਐਸ. ਪੀ. ਗੁਰਭੇਜ ਸਿੰਘ ਨੇ ਜੇਲ੍ਹ ਦੀ ਡਿਊਢੀ ‘ਚੋਂ ਸੰਤ ਦਾਦੂਵਾਲ ਨੂੰ ਕੁਝ ਮਿੰਟਾਂ ਲਈ ਜੇਲ੍ਹ ਦੇ ਮੁੱਖ ਗੇਟ ‘ਤੇ ਲਿਆਂਦਾ ਤੇ ਇਕ ਮਿੰਟ ਬਾਅਦ ਹੀ ਉਨ੍ਹਾਂ ਨੂੰ ਫਿਰ ਵਾਪਸ ਜੇਲ੍ਹ ‘ਚ ਲੈ ਗਏ ਜਿੱਥੇ ਕਾਰਜਕਾਰੀ ਮੈਜਿਸਟ੍ਰੇਟ ਵਰਿੰਦਰ ਸਿੰਘ ਸੈਣੀ ਨੂੰ ਬੁਲਾਇਆ ਗਿਆ।
ਸਿਟੀ ਪੁਲਿਸ ਫ਼ਰੀਦਕੋਟ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ 107/151 ਤਹਿਤ ਕਲੰਦਰਾ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਿਸ ਵਿਚ ਮੈਜਿਸਟ੍ਰੇਟ ਨੇ ਸੰਤ ਦਾਦੂਵਾਲ ਨੂੰ 16 ਅਕਤੂਬਰ ਤੱਕ ਜੇਲ੍ਹ ਭੇਜਣ ਦਾ ਹੁਕਮ ਦਿੱਤਾ।

ਜ਼ਮਾਨਤ ਦੇ ਕਾਗਜ਼ ਜੇਲ ਪਹੁੰਚਣ ਤੋਂ ਬਾਅਦ ਅਧਿਕਾਰੀਆਂ ਨੇ ਇਕ ਘੰਟੇ ਬਾਅਦ ਦਾਦੂਵਾਲ ਨੂੰ ਰਸਮੀ ਤੌਰ ‘ਤੇ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਪ੍ਰੰਤੂ ਫ਼ਰੀਦਕੋਟ ਪੁਲਿਸ ਨੇ ਉਨ੍ਹਾਂ ਨੂੰ ਜੇਲ੍ਹ ਦੀ ਡਿਊਢੀ ‘ਚੋਂ ਹੀ ਹਿਰਾਸਤ ‘ਚ ਲੈ ਲਿਆ। ਦਾਦੂਵਾਲ ਦੇ ਸੈਂਕੜੇ ਸਮਰਥਕ ਜੇਲ੍ਹ ਦੇ ਬਾਹਰ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ ਪ੍ਰੰਤੂ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ।
ਜੇਲ ਦੇ ਬਾਹਰ ਬਾਬਾ ਦਾਦੂਵਾਲ ਦੇ ਹਮਾਈਤੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰਿਆਣਾ ਵਿੱਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਕਰਕੇ ਦਾਦੂਵਾਲ ਨੂੰ ਫਿਰ ਗ੍ਰਿਫਤਾਰ ਕੀਤਾ ਹੈ। ਕਿਉਕਿ ਸਰਾਕਰ ਨੂਮਡਰ ਹੈ ਕਿ ਬਾਬਾ ਦਾਦੂਵਾਲ ਹਰਿਅਣੇ ਵਿੱਚ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਖਿਲ਼ਾਫ ਪ੍ਰਚਾਰ ਕਰਕੇ ਉਨ੍ਹਾਂ ਦਾ ਚੋਣਾਂ ਵਿੱਚ ਨੁਕਾਸਾਨ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਬਾਬਾਬਲਜੀਤ ਸਿੰਘ ਦਾਦੂਵਾਲ ਨੂੰ ਫ਼ਰੀਦਕੋਟ ਪੁਲਿਸ ਨੇ 21 ਅਗਸਤ ਨੂੰ ਅਸਲਾ ਐਕਟ ਤਹਿਤ ਗ੍ਰਿਫਤਾਰ ਕੀਤਾ ਸੀ ਤੇ ਫਿਰ ਦੋ ਹੋਰ ਪੁਰਾਣੇ ਬੰਦ ਕੀਤੇ ਕੇਸ ਵੀ ਖੋਲ੍ਹ ਲਏ ਸਨ।