
ਚੰਡੀਗੜ੍ਹ (17 ਸਤੰਬਰ, 2015): ਬਾਦਲ ਦਲ ਦੀ ਕੌਰ ਕਮੇਟੀ ਦੀ ਅੱਜ ਰਾਤ ਇਥੇ ਹੋਈ ਬੈਠਕ ਵੱਲੋਂ ਰਾਜ ਵਿਚਲੀ ਤਾਜ਼ਾ ਰਾਜਸੀ ਸਥਿਤੀ ਅਤੇ ਮਗਰਲੇ ਕੁੱਝ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਜਨਤਕ ਰੈਲੀਆਂ ਦੀ ਪੜਚੋਲ ਕਰਦਿਆਂ ਫ਼ੈਸਲਾ ਲਿਆ ਗਿਆ ਕਿ ਬਾਦਲ ਦਲ ਵੱਲੋਂ ਵੀ ਝੋਨੇ ਦੀ ਖ਼ਰੀਦ ਤੋਂ ਬਾਅਦ ਰਾਜ ਭਰ ‘ਚ ਵਿਧਾਨ ਸਭਾ ਹਲਕਾ ਪੱਧਰ ‘ਤੇ ਜਨਤਕ ਰੈਲੀਆਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ |
ਜਿੰਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਨਗੇ |
ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਰਾਜ ਦੇ ਵਿਕਾਸ ਅਤੇ ਜਨਤਾ ਨੂੰ ਬਿਹਤਰ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਅਤੇ ਆਉਂਦੇ ਇੱਕ ਸਾਲ ਦੌਰਾਨ ਹੋਣ ਵਾਲੇ ਕੰਮਾਂ ਦਾ ਬਿਊਰਾ ਦਿੱਤਾ ਗਿਆ |
ਕੁੱਝ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਮਾਲਵਾ ਖੇਤਰ ‘ਚ ਚਿੱਟੀ ਮੱਖੀ ਕਾਰਨ ਹੋਏ ਨੁਕਸਾਨ ਤੋਂ ਕਿਸਾਨਾਂ ‘ਚ ਨਿਰਾਸ਼ਾ ਵਧੀ ਹੈ ਅਤੇ ਜਿਸ ਢੰਗ ਨਾਲ ਸਰਕਾਰੀ ਮਸ਼ੀਨਰੀ ਵੱਲੋਂ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ‘ਚੋਂ ਨਿੱਜੀ ਕੰਮਾਂ ਲਈ ਰੇਤ ਬੱਜਰੀ ਕੱਢਣ ਤੋਂ ਰੋਕਿਆ ਜਾ ਰਿਹਾ ਹੈ ਉਸ ਕਾਰਨ ਕਿਸਾਨੀ ਪਾਰਟੀ ਤੋਂ ਟੁੱਟ ਰਹੀ ਹੈ |
ਕੁੱਝ ਮੈਂਬਰਾਂ ਨੇ ਬੀਤੇ ਕੁੱਝ ਦਿਨਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੀਆਂ ਕੁੱਝ ਰੈਲੀਆਂ ਲਈ ਮਿਲੇ ਹੁੰਗਾਰੇ ‘ਤੇ ਚਿੰਤਾ ਪ੍ਰਗਟਾਈ ਜਦੋਂ ਕਿ ਦੂਜੇ ਮੈਂਬਰਾਂ ਦਾ ਇਹ ਕਹਿਣਾ ਸੀ ਕਿ ਇਹ ਰੈਲੀਆਂ ਲੋਕਲ ਨਾ ਹੋ ਕੇ ਸੂਬਾ ਪੱਧਰੀ ਸਨ, ਜਿੱਥੇ ਦੂਜੇ ਖੇਤਰਾਂ ਤੋਂ ਵੀ ਵਰਕਰ ਬੁਲਾਏ ਗਏ ਸਨ |
ਸੁਖਬੀਰ ਵੱਲੋਂ ਮੀਟਿੰਗ ਦੌਰਾਨ ਵਿਰੋਧੀ ਧਿਰਾਂ ਅਤੇ ਖ਼ਾਸ ਕਰ ਆਮ ਆਦਮੀ ਪਾਰਟੀ ਨਾਲੋਂ ਨੌਜਵਾਨਾਂ ਨੂੰ ਤੋੜਨ ਲਈ ਆਉਂਦੇ ਦਿਨਾਂ ਦੌਰਾਨ ਨੌਜਵਾਨ ਵਰਗ ਨੂੰ ਅਕਾਲੀ ਦਲ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਗਿਆ ਹੈ |