ਨਵੀ ਦਿੱਲੀ (8 ਅਪ੍ਰੈਲ 2015): ਅੱਜ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਫੋਰਸ ਦੀ ਸਖਤ ਸੁਰਖਿਆ ਹੇਠ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ, 121 ਅਤੇ 307 ਅਧੀਨ ਮੁੜ ਬੇੜੀਆਂ ਵਿਚ ਜਕੜ ਕੇ ਜੱਜ ਰੀਤਿਸ਼ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ।
ਦਿੱਲੀ ਦੇ ਇਸ ਕੇਸ ਵਿਚ ਬਚੀਆਂ ਹੋਈਆਂ ਗਵਾਹੀਆਂ ਚਲ ਰਹੀਆਂ ਹਨ ਤੇ ਅਜ ਸਰਕਾਰੀ ਗਵਾਹ ਵੀ ਪੇਸ਼ ਹੋਏ ਸਨ ਪਰ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਮੰਨਿਦਰ ਸਿੰਘ ਦੇ ਪੇਸ਼ ਨਾ ਹੋਣ ਕਰਕੇ ਮਾਮਲੇ ਦੀ ਅਗਲੀ ਸੁਣਵਾਈ 18 ਮਈ ਨੂੰ ਹੋਵੇਗੀ ।

ਪੇਸ਼ੀ ੳਪਰੰਤ ਭਾਈ ਹਵਾਰੇ ਨੇ ਬੀਬੀ ਮਨਪ੍ਰੀਤ ਕੌਰ ਨਾਲ ਮੁਲਾਕਾਤ ਵਿਚ ਕੌਮ ਦੇ ਨਾਮ ਸੁਨੇਹਾ ਦੇਦੇਆਂ ਕਿਹਾ ਕਿ ਵਿਵਾਦਤ ਨਾਨਕ ਸ਼ਾਹ ਫਕੀਰ ਫਿਲਮ ਤੇ ਤੁੰਰਤ ਰੋਕ ਲਾਈ ਜਾਣੀ ਚਾਹੀਦੀ ਹੈ ।ਉਨ੍ਹਾਂ ਕਿਹਾ ਕਿ ਜੇਕਰ ਇਹ ਰੋਕ ਨਾ ਲਾਈ ਗਈ ਤਦ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਣ ਦਾ ਖਤਰਾ ਹੈ ਤੇ ਇਹ ਫਿਲਮ ਕਿਸੇ ਵੀ ਤਰ੍ਹਾਂ ਸਿੱਖੀ ਰਹਿਤ ਮਰਿਆਦਾ ਅਨੁਸਾਰ ਠੀਕ ਨਹੀ ਹੈ ।
ਉਨ੍ਹਾਂ ਕਿਹਾ ਕਿ ਸਿੱਖੀ ਸਿਧਾਂਤਾਂ ‘ਤੇ ਹਮਲਾ ਕਰਨ ਵਾਲੀ ਇਸ ਫਿਲਮ ਦਾ ਸਮੂਹ ਸਿੱਖ ਜਥੇਬੰਦੀਆਂ, ਧਾਰਮਿਕ ਅਤੇ ਰਾਜਸੀ ਕਮੇਟੀਆਂ ਨੂੰ ਇੱਕਠੇ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਹਿਬਾਨ ਅਤੇ ਉਨ੍ਹਾਂ ਨਾਲ ਸਬੰਧਿਤ ਹਸਤੀਆਂ ਨੂੰ ਫਿਲਮਾਂ ਵਿੱਚ ਦ੍ਰਿਸ਼ਮਾਨ ਕਰਨ ਦੇ ਸ਼ੁਰੂ ਹੋਏ ਇਸ ਨਾਜ਼ੂਕ ਵਰਤਾਰੇ ਨੂੰ ਰੋਕਣ ਲਈ ਸਮੁੱਚੀ ਕੌਮ ਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ।
ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਬੀਬੀ ਮਨਪ੍ਰੀਤ ਕੌਰ, ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਬਲਬੀਰ ਸਿੰਘ ਹਿਸਾਰ, ਕਾਕਾ ਅਮਨਦੀਪ ਸਿੰਘ ਸਮੇਤ ਦੇਸ਼ ਅਤੇ ਵਿਦੇਸ਼ ਤੋਂ ਬਹੁਤ ਸਾਰੇ ਸਿੰਘ ਅਤੇ ਪ੍ਰੇਮੀ ਸੱਜਣ ਹਾਜਿਰ ਸਨ ।