ਪਟਿਆਲਾ ( 10 ਅਪ੍ਰੈਲ, 2015):ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਗੁਰਗਿਆਨ ਇੰਸਟੀਚਿਊਟ ਫਾਰ ਹਿਊਮਨ ਕੰਸਰਨਜ਼ ਵੱਲੋਂ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਡਾ. ਗੁਰਭਗਤ ਸਿੰਘ ਦੀ ਯਾਦ ਵਿਚ “ਖੋਜ ਵਿਚ ਨੈਤਿਕਤਾ” ਵਿਸ਼ੇ ਉਤੇ ਲੈਕਚਰ ਕਰਵਾਇਆ ਗਿਆ। ਜਿਸ ਵਿਚ ਡਾ. ਮੇਹਰ ਸਿੰਘ ਗਿੱਲ ਯੂਨੀਵਰਸਿਟੀ ਆਫ ਮਲਾਇਆ (ਮਲੇਸ਼ੀਆ) ਦੇ ਰਹਿ ਚੁੱਕੇ ਪ੍ਰੋਫੈਸਰ ਨੇ ਅਕਾਦਮਿਕ ਖੋਜ ਵਿਚ ਨੈਤਿਕਤਾ ਦੀ ਅਹਿਮੀਅਤ ਦੇਣ ਲਈ ਆਪਣਾ ਵਿਸ਼ੇਸ਼ ਭਾਸ਼ਣ ਦਿੱਤਾ ਦੁਆਰਾ ਸੰਬੰਧਿਤ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ ਗਏ।
ਡਾ. ਗਿੱਲ ਨੇ ਆਪਣੇ ਲੈਕਚਰ ਵਿਚ ਖੋਜ ਦੇ ਮਹੱਤਵਪੂਰਨ ਨੁਕਤਿਆਂ ਵਿਸ਼ੇਸ਼ ਕਰਕ ਖੋਜੀ ਦੀ ਇਮਾਨਦਾਰੀ ਖੋਜ ਦੇ ਦਾਅਵਿਆਂ ਅਤੇ ਮਨੁੱਖ ਦੀ ਬ੍ਰਹਿਮੰਡੀ ਸੋਚ ਅਪਨਾਉਣ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਪੂਰਵ ਧਾਰਨਾਵਾਂ ਨੂੰ ਸਹੀ ਸਾਬਤ ਕਰਨ ਲਈ ਕੀਤੀ ਖੋਜ ਅਕਾਦਮਿਕ ਪ੍ਰਦੂਸ਼ਣ ਦੀ ਤਰ੍ਹਾਂ ਹੈ। ਉਹਨਾਂ ਕਿਹਾ ਕਿ ਬੇਸ਼ਕ ਖੋਜ ਤੋਂ ਬਗੈਰ ਸਮਾਜ ਤਰੱਕੀ ਨਹੀਂ ਕਰ ਸਕਦਾ ਅਤੇ ਨੈਤਿਕਤਾ ਤੋਂ ਸੱਖਣੀ ਤਰੱਕੀ ਬੇਅਰਥ ਹੁੰਦੀ ਹੈ ਮਨੁੱਖੀ ਜੀਵਨ ਵਿਚ ਨੈਤਿਕਤਾ ਨੂੰ ਬਹਾਲ ਰੱਖਣ ਲਈ ਸੰਵਾਦ ਜ਼ਰੂਰੀ ਹੈ। ਸੰਵਾਦ ਦੇ ਰਾਹੀਂ ਅਸੀਂ ਆਪਣੀਆਂ ਕਮਜ਼ੋਰੀਆਂ ਅਤੇ ਪ੍ਰਾਪਤੀਆਂ ਸੰਬੰਧੀ ਇਕ – ਦੂਸਰੇ ਦੀ ਗੱਲ ਸਮਝ ਸਕਦੇ ਹਾਂ।

ਇਸ ਤੋਂ ਇਲਾਵਾ ਉਹਨਾਂ ਨੇ ਖੋਜਾਰਥੀਆਂ ਲਈ ਖੋਜ ਵਿਚ ਸ਼ਾਮਿਲ ਹੋਣ ਵਾਲੀਆਂ ਤਕਨੀਕਾਂ ਦੀ ਵਰਤੋਂ ਨੂੰ ਨੈਤਿਕਤਾ ਦੇ ਅਧਾਰ ਉਤੇ ਵਰਤਣ ਦਾ ਤਰੀਕਾ ਦੱਸਿਆ ਅਤੇ ਅਜੋਕੇ ਸਮੇਂ ਵਿਚ ਹੋ ਰਹੇ ਖੋਜ ਕਾਰਜਾਂ ਤੇ ਸਵਾਲ ਵੀ ਉਠਾਇਆ। ਉਹਨਾਂ ਇਹ ਵੀ ਕਿਹਾ ਕਿ ਜੇਕਰ ਖੋਜ ਵਿਚ ਨੈਤਿਕਤਾ ਨਹੀਂ ਤਾਂ ਉਹ ਖੋਜ ਛਪਣਯੋਗ ਨਹੀਂ ਹੈ।
ਬਗੈਰ ਨਵੇਂ ਵਿਚਾਰਾਂ ਤੋਂ ਕੇਵਲ ਪ੍ਰਕਾਸ਼ਿਤ ਕਰਨ ਲਈ ਕੀਤੀ ਖੋਜ ਵਿਅਰਥ ਹੈ। ਅਜੋਕੀ ਖੋਜ ਆਰਥਿਕ ਹਿਤਾਂ ਅਤੇ ਸ਼ੋਹਰਤ ਨਾਲ ਜੁੜ ਚੁਕੀ ਹੈ। ਅਕਸਰ ਖੋਜ ਦੇ ਨਤੀਜੇ ਪੂਰਵ ਨਿਰਧਾਰਿਤ ਹੁੰਦੇ ਹਨ ਜੋ ਕਿਸੇ ਖਾਸ ਸਮਾਜ ਜਾਂ ਵਿਚਾਰਧਾਰਾ ਦੇ ਹਿਤਾਂ ਦੀ ਪ੍ਰੋੜਤਾ ਕਰਦੇ ਹਨ। ਉਹਨਾਂ ਅਖੀਰ ਵਿਚ ਖੋਜਾਰਥੀਆਂ ਨੂੰ ਖੋਜ ਵਿਚ ਨੈਤਿਕਤਾ ਦਾ ਪਾਲਣ ਕਰਦਿਆਂ ਹੀ ਖੋਜ ਕਾਰਜ ਵੱਧ ਮਿਹਨਤ ਨਾਲ ਕਰਨ ਦੀ ਤਾਕੀਦ ਕੀਤੀ।
ਇਸ ਲੈਕਚਰ ਦੀ ਪ੍ਰਧਾਨਗੀ ਕਰਦੇ ਹੋਏ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਜੀ ਨੇ ਡਾ. ਗਿੱਲ ਨੂੰ ਮੁਬਾਰਕ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਲੈਕਚਰ ਖੋਜਾਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਲਾਹੇਵੰਦ ਹੈ, ਜਿਸ ਵਿਚ ਖੋਜ ਕਰਨ ਦੇ ਢੰਗਾਂ ਨੂੰ ਬਹੁਤ ਹੀ ਸੰਖੇਪ ਵਿਚ ਬਿਆਨ ਕੀਤਾ ਗਿਆ ਹੈ। ਉਹਨਾਂ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਮੌਜੂਦਾ ਸਮੇਂ ਵਿਚ ਖੋਜ ਦਾ ਪੱਧਰ ਘੱਟ ਹੋਣ ਦਾ ਵੱਡਾ ਕਾਰਨ ਜੀਵਨ ਵਿਚੋਂ ਨੈਤਿਕਤਾ ਦਾ ਪਤਨ ਹੈ।

ਉਨ੍ਹਾਂ ਕਿਹਾ ਕਿ ਅਜੋਕੀ ਖੋਜ ਤੱਥਾਂ ਤਕ ਹੀ ਸੀਮਿਤ ਰਹਿ ਗਈ ਹੈ ਜਦੋਂ ਕਿ ਖੋਜ ਦਾ ਮੁੱਖ ਉਦੇਸ਼ ਵਿਵੇਕ ਨੂੰ ਪ੍ਰਾਪਤ ਕਰਨਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇੰਟਰਨੈਟ ਦੇ ਹਵਾਲੇ ਨਾਲ ਕਿਹਾ ਕਿ ਭਾਵੇਂ ਇੰਟਰਨੈਟ ਤੋਂ ਫਾਇਦੇ ਵੀ ਹੁੰਦੇ ਹਨ ਪਰ ਇਸਦੇ ਖੋਜ ਨੂੰ ਨੁਕਸਾਨ ਵੀ ਹਨ।
ਇਸ ਦੌਰਾਨ ਵਾਈਸ ਚਾਂਸਲਰ ਨੇ ਡਾ. ਗੁਰਭਗਤ ਸਿੰਘ ਦੀ ਯਾਦ ਵਿਚ ਕਰਵਾਏ ਇਹ ਲੈਕਚਰ ਕਰਵਾਉਣ ਲਈ ਧਰਮ ਅਧਿਐਨ ਵਿਭਾਗ ਨੂੰ ਵਧਾਈ ਦਿੱਤੀ। ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਰਜਿੰਦਰ ਕੌਰ ਰੋਹੀ ਨੇ ਇਸ ਵਿਸ਼ੇਸ਼ ਲੈਕਚਰ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਡਾ. ਗੁਰਮੀਤ ਸਿੰਘ ਸਿੱਧੂ ਨੇ ਅੱਜ ਦੇ ਲੈਕਚਰ ਬਾਰੇ ਮੁਢਲੀ ਜਾਣਕਾਰੀ ਦਿੰਦਿਆਂ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵੀ.ਸੀ. ਐਚ. ਕੇ. ਮਨਮੋਹਨ ਸਿੰਘ, ਡਾ. ਜੋਧ ਸਿੰਘ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਪ੍ਰੋ. ਹਰਪਾਲ ਸਿੰਘ ਪੰਨੂ, ਡਾ. ਹੁਕਮ ਚੰਦ ਰਾਜਪਾਲ, ਡਾ. ਸੁਖਦਿਆਲ ਸਿੰਘ, ਡਾ. ਗੁਰਨਾਇਬ ਸਿੰਘ, ਡਾ. ਸਰਬਜਿੰਦਰ ਸਿੰਘ, ਡਾ. ਲਖਵਿੰਦਰ ਸਿੰਘ, ਡਾ. ਸਵਰਾਜ ਸਿੰਘ ਡਾ. ਪਰਮਵੀਰ ਸਿੰਘ, ਡਾ. ਜਸਬੀਰ ਕੌਰ, ਡਾ. ਮਲਕਿੰਦਰ ਕੌਰ, ਡਾ. ਜਗਰੂਪ ਕੌਰ, ਡਾ. ਬਲਜੀਤ ਕੌਰ, ਡਾ. ਪ੍ਰਦੁਮਨਸ਼ਾਹ ਸਿੰਘ, ਡਾ. ਹਬੀਬ ਅਤੇ ਹੋਰ ਵਿਦਵਾਨ ਅਤੇ ਖੋਜਾਰਥੀ ਹਾਜ਼ਰ ਸਨ।