ਪੰਚਕੂਲਾ (4 ਜੁਲਾਈ, 2015): ਸਿਰਸਾ ਸਥਿਤ ਵਿਵਾਦਤ ਡੇਰਾ ਸੌਦਾ ਦੇ ਗੁਰਮੀਤ ਰਾਮ ਰਹੀਮ ਨੇ ਅੱਜ ਡੇਰੇ ਦੇ ਸਾਬਕਾ ਮੈਨੇਜ਼ਰ ਰਣਜੀਤ ਸਿੰਘ ਅਤੇ ਸਿਰਸਾ ਦੇ ਪੂਰਾ ਸੱਚ ਅਖਬਾਰ ਦੇ ਸੰਪਾਦਕ (ਪੱਤਰਕਾਰ) ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਵਿੱਚ ਸੀਬੀਆਈ ਅਦਲਾਤ ਪੰਚਕੂਲਾ ਵਿੱਚ ਵੀਡੀਓੁ ਕਾਨਫਰੰਸ ਦੇ ਜਰੀਏ ਪੇਸ਼ੀ ਭੁਗਤੀ।

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਚੱਲ ਰਹੇ ਸਾਧਵੀ ਯੋਨ ਸੋਸ਼ਣ, ਛਤਰਪਤੀ ਤੇ ਰਣਜੀਤ ਹੱਤਿਆ ਮਾਮਲੇ ‘ਚ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ‘ਚ ਸੁਣਵਾਈ ਹੋਈ, ਜਿਸ ‘ਚ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ। ਸਾਧਵੀ ਯੋਨ ਸੋਸ਼ਣ ਮਾਮਲੇ ‘ਚ ਹਾਈਕੋਰਟ ‘ਚ 6 ਅਗਸਤ ਤੱਕ ਮਾਮਲਾ ਲੰਬਿਤ ਹੋਣ ਕਾਰਨ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ ।
ਅਦਾਲਤ ‘ਚ ਰਣਜੀਤ ਹੱਤਿਆ ਮਾਮਲੇ ‘ਚ ਸ਼ਾਹ ਸਤਨਾਮ ਸਿੰਘ ਸਕੂਲ ਦੀ ਪਿ੍ੰਸੀਪਲ ਸ਼ੀਲਾ ਪੁਨਿਆ ਦੀ ਗਵਾਹੀ ਹੋਈ ਤੇ ਅਗਲੀ ਤਰੀਕ ਲਈ ਚਾਰ ਗਵਾਹਾਂ ਨੂੰ ਸੰਮਨ ਭੇਜੇ ਗਏ । ਛਤਰਪਤੀ ਹੱਤਿਆ ਮਾਮਲੇ ‘ਚ ਕੋਈ ਗਵਾਹੀ ਨਹੀਂ ਹੋਈ ਤੇ ਦੋਨਾਂ ਮਾਮਲਿਆਂ ‘ਚ ਅਗਲੀ ਪੇਸ਼ੀ 18 ਜੁਲਾਈ ‘ਤੇ ਅੱਗੇ ਪੈ ਗਈ ਹੈ । ਪੇਸ਼ੀ ਦੌਰਾਨ ਪੁਲੀਸ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਡੇਰਾ ਪ੍ਰੇਮੀ ਵੱਡੀ ਗਿਣਤੀ ਵਿੱਚ ਅਦਾਲਤ ਦੇ ਬਾਹਰ ਅਤੇ ਅਦਾਲਤ ਨੂੰ ਜਾਣ ਵਾਲੀ ਸੜਕ ’ਤੇ ਪੇਸ਼ੀ ਭੁਗਤਣ ਤੱਕ ਤਾਇਨਾਤ ਰਹੇ।
ਸੌਦਾ ਸਾਧ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਪੇਸ਼ੀਆਂ ਸਿਰਸਾ ਦੀ ਅਦਾਲਤ ਵਿੱਚ ਬਣੇ ਇੱਕ ਵਿਸ਼ੇਸ਼ ਵੀਡੀਓ ਕਾਨਫਰੰਸਿੰਗ ਰੂਮ ਜ਼ਰੀਏ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਭੁਗਤੀਆਂ ਜਾ ਰਹੀਆਂ ਹਨ। ਪੇਸ਼ੀ ਦੌਰਾਨ ਜਿੱਥੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਉੱਥੇ ਹੀ ਡੇਰਾ ਪ੍ਰੇਮੀ ਵੀ ਵੱਡੀ ਗਿਣਤੀ ਵਿੱਚ ਅਦਾਲਤ ਦੇ ਬਾਹਰ ਬਰਨਾਲਾ ਰੋਡ ਤੇ ਅਦਾਲਤ ਨੂੰ ਜਾਣ ਵਾਲੇ ਰਾਹ ’ਤੇ ਤਾਇਨਾਤ ਰਹੇ।