Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੁਸਤਕ ‘ਪਹਿਲਾ ਘੱਲੂਘਾਰਾ’ ਵਿਚ ਪ੍ਰਿੰ. ਸਵਰਨ ਸਿੰਘ ਚੂਸਲੇਵੜ ਦੀ ਇਤਿਹਾਸਕਾਰ

ਪੁਸਤਕ ‘ਪਹਿਲਾ ਘੱਲੂਘਾਰਾ’ ਵਿਚ ਪ੍ਰਿੰ. ਸਵਰਨ ਸਿੰਘ ਚੂਸਲੇਵੜ ਦੀ ਇਤਿਹਾਸਕਾਰ

ਡਾ. ਗੁਰਮਿੰਦਰ ਸਿੰਘ ਰੂਪੋਵਾਲੀ (ਰਿਸਰਚ ਸਕਾਲਰ)
ਸਿੱਖ ਇਤਿਹਾਸ ਰਿਸਰਚ ਬੋਰਡ (ਸ਼.ਘ.ਫ.ਛ) # ੯੯੧੪੨-੪੨੯੧੨
Singhgurminder845@gmail.com

ਇਤਿਹਾਸ, ਇਤਿਹਾਸਕਾਰੀ ਅਤੇ ਇਤਿਹਾਸ-ਦਰਸ਼ਨ ਇਕੋ ਧਾਰਾ ਵਿਚੋਂ ਨਿਕਲੇ ਹੋਏ ਅਲੱਗ-ਅਲੱਗ ਪ੍ਰਬੰਧ ਹਨ। ਇਹਨਾਂ ਤਿੰਨੋਂ ਪ੍ਰਬੰਧਾਂ ਵਿਚ ਮੁੱਖ ਕੜੀ ਦਾ ਕਾਰਜ ਇਤਿਹਾਸਕਾਰ ਹੀ ਕਰਦਾ ਹੈ। ਇਤਿਹਾਸਕਾਰ ਲਈ ਇਹਨਾਂ ਤਿੰਨਾਂ ਸੰਕਲਪਾਂ ਦੀ ਸਮਝ ਹੋਣੀ ਆਪਣੇ ਆਪ ਵਿਚ ਵਿਲੱਖਣ ਗੱਲ ਹੈ। ਇਤਿਹਾਸਕਾਰ ਦਾ ਰੁਤਬਾ ਕਿਸੇ ਵੀ ਸਮਾਜ ਲਈ ਪ੍ਰੇਰਣਾ ਸ੍ਰੋਤ ਵਜੋਂ ਕਾਰਜ ਕਰਦਾ ਹੋਇਆ ਕਿਸੇ ਸਮਾਜ ਦੇ ਵਿਕਾਸ ਵਿਚ ਅਸਰਦਾਇਕ ਭੂਮਿਕਾ ਨਿਭਾਉਂਦਾ ਹੈ। ਅਗਰ ਇਤਿਹਾਸਕਾਰ ਆਪਣੀ ਭੂਮਿਕਾ ਇਮਾਨਦਾਰੀ ਨਾਲ ਨਹੀਂ ਨਿਭਾਉਂਦਾ ਤਾਂ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦੇ ਅਰਥ ਬਦਲ ਜਾਣ ਦਾ ਖਦਸ਼ਾ ਵੱਧ ਜਾਂਦਾ ਹੈ। ਇਕ ਸੂਝਵਾਨ ਇਤਿਹਾਸਕਾਰ ਸਮਕਾਲੀ ਘਟਨਾਵਾਂ ਨੂੰ ਨੋਟ ਕਰਦਾ ਹੈ ਅਤੇ ਘਟਨਾਵਾਂ ਦੇ ਅਸਲੀ ਤੱਥਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਅਗਰ ਅਜਿਹਾ ਮੁਮਕਿਨ ਨਾ ਹੋਵੇ ਤਾਂ ਉਹ ਸਮਕਾਲੀ ਲਿਖਤਾਂ, ਥੇਹ, ਸਿੱਕੇ, ਚਿੱਠੀ, ਪੱਤਰ ਆਦਿ ਨੂੰ ਆਧਾਰ ਬਣਾਕੇ ਸਹੀ ਇਤਿਹਾਸ ਲਿਖਣ ਦਾ ਹਿਤਾਇਸ਼ੀ ਹੋਵੇ।

ਇਤਿਹਾਸਕਾਰ ਇਕੋ ਸਮੇਂ ਬਹੁ-ਦ੍ਰਿਸ਼ਟੀ ਨੂੰ ਨਜ਼ਰ ਵਿਚ ਰੱਖ ਰਿਹਾ ਹੁੰਦਾ ਹੈ। ਅਜਿਹੀ ਦ੍ਰਿਸ਼ਟੀ ਰੱਖਣ ਵਾਲਾ ਇਤਿਹਾਸਕਾਰ ਬਹੁਤ ਸੂਖਮ ਦ੍ਰਿਸ਼ਟੀ ਵਾਲਾ ਵਿਅਕਤੀ ਹੁੰਦਾ ਹੈ। ਇਤਿਹਾਸਕਾਰ ਦੀਆਂ ਨਿੱਜੀ ਭਾਵਨਾਵਾਂ, ਝੁਕਾਅ ਅਤੇ ਉਸਦੇ ਆਪਣੇ ਧਾਰਮਿਕ ਖਿਆਲ ਵੀ ਉਸਦੀ ਲੇਖਣੀ ਨੂੰ ਪ੍ਰਭਾਵਿਤ ਕਰਦੇ ਹਨ। ਇਤਿਹਾਸ ਵਿਚ ਇਤਿਹਾਸਕਾਰ ਦੇ ਵਿਅਕਤੀਤਵ ਦੀ ਛਾਪ ਵੀ ਸਪੱਸ਼ਟ ਨਜ਼ਰ ਆਉਂਦੀ ਹੈ। ਇਤਿਹਾਸ ਲਿਖਣ ਸਮੇਂ ਸੱਚਾ ਇਤਿਹਾਸਕਾਰ ਦੂਰਅੰਦੇਸ਼ੀ ਅਤੇ ਸੂਖਮ ਦ੍ਰਿਸ਼ਟੀ ਦੀ ਵਰਤੋਂ ਕਰਦਾ ਹੈ, ਉਸਦੇ ਦੋਵੇਂ ਨੇਤਰ ਤੱਥਾਂ ਦੇ ਸੂਖਮ ਅਧਿਐਨ ਲਈ ਤਤਪਰ ਰਹਿੰਦੇ ਹਨ। ਇਤਿਹਾਸਕਾਰ ਦੀ ਭਵਿੱਖਬਾਣੀ ਵਿਚ ਸੂਖਮਤਾ ਦਾ ਸਪੱਸ਼ਟ ਪ੍ਰਭਾਵ ਹੁੰਦਾ ਹੈ, ਹਾਲਾਂਕਿ ਇਤਿਹਾਸਕਾਰ ਵਿਗਿਆਨ ਦੀ ਤਰ੍ਹਾਂ ਭਵਿੱਖਬਾਣੀ ਨਹੀਂ ਕਰ ਸਕਦਾ ਕਿ ਇਸ ਦਿਨ ਇਸ ਟਾਇਮ ’ਤੇ ਸੂਰਜ ਗ੍ਰਹਿਣ ਲੱਗੇਗਾ ਆਦਿ। ਇਤਿਹਾਸਕਾਰ ਅਤੀਤ ਅਤੇ ਸਮਕਾਲੀ ਪ੍ਰਸਥਿਤੀਆਂ ਦੇ ਸੰਦਰਭ ਨੂੰ ਮੁੱਖ ਰੱਖਕੇ ਭਵਿੱਖਬਾਣੀਆਂ ਕਰਦਾ ਹੈ। ਇਸ ਤੋਂ ਇਲਾਵਾ ਉਹ ਭੌਤਿਕ ਹਾਲਾਤਾਂ ਦਾ ਵੀ ਜਾਇਜ਼ਾ ਲੈਂਦਾ ਹੈ। ਇਤਿਹਾਸਕਾਰ ਲਈ ਘਟਨਾਵਾਂ ਅਤੇ ਤੱਥ ਆਧਾਰ ਸਮੱਗਰੀ ਵਜੋਂ ਕਾਰਜ ਕਰਦੇ ਹਨ। ਇਹਨਾਂ ਤੋਂ ਬਗੈਰ ਇਤਿਹਾਸ ਦੀ ਸਿਰਜਣਾ ਕਰਨੀ ਬਹੁਤ ਔਖਾ ਕਾਰਜ ਹੈ। ਇਤਿਹਾਸਕਾਰ ਘਟਨਾਵਾਂ, ਤੱਥਾਂ ਅਤੇ ਦਸਤਾਵੇਜ਼ਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੀ ਵਿਆਖਿਆ ਆਪਣੇ ਨਜ਼ਰੀਏ ਅਨੁਸਾਰ ਕਰਦਾ ਹੈ। ਇਤਿਹਾਸਕ ਤੱਥ ਉਦੋਂ ਤੱਕ ਅਰਥਹੀਣ ਹੁੰਦੇ ਹਨ ਜਦੋਂ ਤੱਕ ਇਤਿਹਾਸਕਾਰ ਕਿਸੇ ਸਿਧਾਂਤ ਨੂੰ ਆਧਾਰ ਬਣਾ ਕੇ ਉਹਨਾਂ ਦਾ ਵਿਆਖਿਆ ਵਿਸ਼ਲੇਸ਼ਣ ਨਹੀਂ ਕਰਦਾ। ਇਹ ਫੈਸਲਾ ਇਤਿਹਾਸਕਾਰ ਨੇ ਹੀ ਕਰਨਾ ਹੁੰਦਾ ਹੈ ਕਿ ਉਸ ਨੇ ਕਿਹੜੇ ਤੱਥਾਂ ਨੂੰ ਅਗਰਭੂਮੀ ਵਿਚ ਲਿਆਉਣਾ ਹੈ ਤੇ ਕਿਹੜੇ ਤੱਥਾਂ ਨੂੰ ਪਿੱਠਭੂਮੀ ਵਿਚ ਰੱਖਣਾ ਹੈ, ਕਿਹੜੇ ਬੇਲੋੜੇ ਤੱਥਾਂ ਨੂੰ ਛੱਡਣਾ ਹੈ ਤੇ ਕਿੰਨ੍ਹਾਂ ਨੂੰ ਵਰਤੋਂ ਵਿਚ ਲਿਆਉਣਾ ਹੈ। ਇਤਿਹਾਸਕਾਰ ਕਿਸੇ ਵੀ ਸਾਹਿਤਕ ਕਿਰਤ ਵਿਚ ਪੇਸ਼ ਭਾਵਾਂ, ਵੇਰਵਿਆਂ ਅਤੇ ਘਟਨਾਵਾਂ ਨਾਲ ਇਕਸੁਰਤਾ ਕਾਇਮ ਕਰਕੇ ਆਪਣੀ ਚਿੰਤਨ ਦ੍ਰਿਸ਼ਟੀ ਨਾਲ ਉਹਨਾਂ ਦਾ ਗਹਿਨ ਅਧਿਐਨ ਕਰਦਾ ਹੈ। ਉਸ ਦਾ ਪਹਿਲਾ ਕਰਤਵ ਆਪਣਾ ਕਾਰਜ ਖੇਤਰ ਨਿਰਧਾਰਿਤ ਕਰਨਾ ਹੁੰਦਾ ਹੈ ਅਤੇ ਇਹ ਜਾਣਨ ਲਈ ਉਤਸੁਕ ਹੁੰਦਾ ਹੈ ਕਿ ਪ੍ਰਮੁੱਖ ਘਟਨਾਵਾਂ, ਪ੍ਰਮੁੱਖ ਵੰਨਗੀਆਂ ਅਤੇ ਉਹਨਾਂ ਦੇ ਤੱਥ, ਸਰੋਤ ਕਿਹੜੇ ਹਨ, ਉਸ ਨੂੰ ਇਤਿਹਾਸ ਦੀ ਸਿਰਜਣਾ ਲਈ ਕਿਵੇਂ ਦੀ ਸਮੱਗਰੀ ਦੀ ਜ਼ਰੂਰਤ ਹੈ। ਇਤਿਹਾਸਕਾਰ ਦਾ ਮਨਸ਼ਾ ਸਿਧਾਂਤਕ ਦ੍ਰਿਸ਼ਟੀ ਨੂੰ ਆਧਾਰ ਬਣਾ ਕੇ ਨਿਸ਼ਚਿਤ ਸਿੱਟੇ ਉਪਰ ਪਹੁੰਚਕੇ ਆਪਣਾ ਅੰਤਿਮ ਨਿਰਣਾ ਪੇਸ਼ ਕਰਨਾ ਹੁੰਦਾ ਹੈ।

ਬਹੁਤ ਵਾਰ ਇਤਿਹਾਸਕਾਰ ਨੂੰ ਘਟਨਾਵਾਂ ਦੀ ਕੜੀ ਨੂੰ ਜੋੜਨ ਲਈ ਕਲਪਨਾ ਦ੍ਰਿਸ਼ਟੀ ਦਾ ਵੀ ਸਹਾਰਾ ਲੈਣਾ ਪੈਂਦਾ ਹੈ, ਕਿਉਂਕਿ ਬਿਰਤਾਂਤ ਦੀ ਇਕਸਾਰਤਾ ਤੋਰਨ ਲਈ ਅਜਿਹਾ ਕਰਨਾ ਲੋੜੀਂਦਾ ਹੁੰਦਾ ਹੈ। ਇਤਿਹਾਸਕਾਰ ਜਿਸ ਸਮਾਜ ਵਿਚ ਵਿਚਰ ਰਿਹਾ ਹੁੰਦਾ ਹੈ, ਉਸ ਸਮਾਜ ਦੀਆਂ ਗਤੀਵਿਧੀਆਂ ਨੂੰ ਆਪਣੀਆਂ ਅੱਖਾਂ ਦੇ ਸ਼ੀਸ਼ੇ ਰਾਹੀਂ ਉਤਾਰ ਦਾ ਰਹਿੰਦਾ ਹੈ। ਜਿਥੇ ਸਮਾਜ ਵੀ ਇਕ ਬਦਲਦੇ ਪ੍ਰਵਾਹ ਵਿਚ ਤਬਦੀਲ ਹੋ ਰਿਹਾ ਹੁੰਦਾ ਹੈ, ਉਥੇ ਇਤਿਹਾਸਕਾਰ ਵੀ ਬਦਲਦੇ ਵੇਗ ਵਿਚ ਵਿਚਰ ਰਿਹਾ ਹੁੰਦਾ ਹੈ। ਇਤਿਹਾਸਕਾਰ ਨੂੰ ਸਮਾਜਕ ਵਾਤਾਵਰਨ ਅਤੇ ਉਸ ਦੀਆਂ ਤਬਦੀਲੀਆਂ ਨੂੰ ਵੀ ਧਿਆਨ ਵਿਚ ਰੱਖਣਾ ਪੈਂਦਾ ਹੈ। ਇਤਿਹਾਸਕਾਰ ਇਕ ਉਹ ਵਿਅਕਤੀ ਹੁੰਦਾ ਹੈ ਜੋ ਸਮੇਂ ਅਤੇ ਸਮਾਜ ਦੀ ਉਪਜ ਹੁੰਦਾ ਹੈ। ਈ. ਐਚ. ਕਾਰ  ਲਿਖਦਾ ਹੈ ਕਿ ਇਤਿਹਾਸ ਦਾ ਅਧਿਐਨ ਕਰਨ ਤੋਂ ਪਹਿਲਾਂ ਇਤਿਹਾਸਕਾਰ ਦਾ ਅਧਿਐਨ ਕਰੋ ਪਰ ਇਤਿਹਾਸਕਾਰ ਦਾ ਅਧਿਐਨ ਕਰਨ ਤੋਂ ਵੀ ਪਹਿਲਾਂ ਉਸਦੇ ਇਤਿਹਾਸਕ ਅਤੇ ਸਮਾਜਿਕ ਪਰਿਵੇਸ਼ ਜਾਂ ਢਾਂਚੇ ਦਾ ਅਧਿਐਨ ਕਰੋ, ਕਿਉਂਕਿ ਇਤਿਹਾਸਕਾਰ ਇਕ ਵਿਅਕਤੀ ਦੇ ਰੂਪ ਵਿਚ ਇਤਿਹਾਸ ਅਤੇ ਸਮਾਜ ਦੀ ਪੈਦਾਵਾਰ ਹੁੰਦਾ ਹੈ।  ਇਤਿਹਾਸਕਾਰ ਦੀ ਲਿਖਤ ਨੂੰ ਉਦੋਂ ਤਕ ਨਹੀਂ ਸਮਝਿਆ ਜਾ ਸਕਦਾ ਜਦੋਂ ਤਕ ਉਸ ਦੇ ਦ੍ਰਿਸ਼ਟੀਕੋਣ ਨੂੰ ਨਾ ਸਮਝਿਆ ਜਾਵੇ ਜਿਸ ਦੇ ਰਾਹੀਂ ਉਸ ਨੇ ਇਤਿਹਾਸ ਦਾ ਅਧਿਐਨ ਕੀਤਾ ਹੁੰਦਾ ਹੈ। ਇਤਿਹਾਸਕਾਰ ਦੇ ਦ੍ਰਿਸ਼ਟੀਕੋਣ ਦੀਆਂ ਜੜ੍ਹਾਂ ਉਸ ਦੇ ਇਤਿਹਾਸਕ ਅਤੇ ਸਮਾਜਕ ਪਿਛੋਕੜ ਵਿਚ ਹੀ ਪਈਆਂ ਹੁੰਦੀਆਂ ਹਨ। ਇਤਿਹਾਸਕਾਰ ਦਾ ਗਿਆਨ ਕਦੇ ਵੀ ਨਿੱਜੀ ਸੰਪਤੀ ਨਹੀਂ ਹੋ ਸਕਦਾ, ਇਤਿਹਾਸਕਾਰ ਜਿਸ ਯੁੱਗ ਅਤੇ ਸਮਾਜ ਵਿਚ ਪੈਦਾ ਹੋਇਆ ਹੁੰਦਾ ਹੈ, ਉਸ ਦੇਸ ਕਾਲ ਨਾਲ ਉਸ ਦਾ ਡੂੰਘਾ ਸੰਬੰਧ ਹੁੰਦਾ ਹੈ। ਇਸੇ ਕਰਕੇ ਇਤਿਹਾਸਕ ਤੱਥਾਂ ਦੀ ਵਿਆਖਿਆ ਨੂੰ ਸਮਝਣ ਲਈ ਇਤਿਹਾਸਕਾਰ ਦਾ ਉਸ ਦੇ ਸਮਾਜ ਨਾਲ ਸੰਬੰਧ ਦੇਖਣਾ ਪੈਂਦਾ ਹੈ। ਇਤਿਹਾਸਕਾਰ ਭੂਤਕਾਲ ਨਾਲ ਹੀ ਨਹੀਂ ਵਰਤਮਾਨ ਨਾਲ ਵੀ ਸੰਬੰਧਤ ਹੁੰਦਾ ਹੈ। ਉਸ ਦੀ ਲਿਖਤ ਵਿਚ ਵਰਤਮਾਨ ਪ੍ਰਗਟ ਹੋਏ ਬਿਨ੍ਹਾਂ ਨਹੀਂ ਰਹਿ ਸਕਦਾ। ਇਤਿਹਾਸਕਾਰ ਆਪਣੇ ਸਮੇਂ ਦੀ ਸਮਾਜਕ ਰੁਚੀ ਅਤੇ ਲੋੜ ਅਨੁਸਾਰ ਉਸ ਸਮੇਂ ਦੀਆਂ ਘਟਨਾਵਾਂ ਦਾ ਲੇਖਾ ਜੋਖਾ ਸਮੇਂ-ਸਮੇਂ ’ਤੇ ਕਰਦਾ ਰਹਿੰਦਾ ਹੈ, ਇਸ ਸੰਦਰਭ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇਤਿਹਾਸਕਾਰ ਦਾ ਉਦੇਸ਼ ਅਤੀਤ ਅਤੇ ਵਰਤਮਾਨ ਵਿਚਕਾਰ ਇਕ ਅਜਿਹੇ ਪੁਲ ਦਾ ਨਿਰਮਾਣ ਕਰਨਾ ਹੁੰਦਾ ਹੈ ਜਿਸ ਰਾਹੀਂ ਉਹ ਸਮਾਜ ਨੂੰ ਅਤੀਤ ਦੇ ਦਰਸ਼ਨ ਕਰਵਾ ਸਕੇ।

ਇਕ ਚੰਗਾ ਇਤਿਹਾਸਕਾਰ ਸੱਚ ਦੀ ਰਹਿਨੁਮਾਈ ਹੇਠ ਦ੍ਰਿੜ ਨਿਸ਼ਚੈ ਨਾਲ ਕਾਰਜ ਕਰਨ ਵਾਲਾ ਵਿਅਕਤੀ ਹੋਵੇ। ਉਸ ਕੋਲ ਅਸੀਮ ਅੰਤਰ ਦ੍ਰਿਸ਼ਟੀ ਹੋਵੇ ਜਿਸ ਰਾਹੀਂ ਉਹ ਇਤਿਹਾਸ ਵਿਚਲੀਆਂ ਬਰੀਕੀਆਂ ਨੂੰ ਸਮਝ ਸਕੇ ਅਤੇ ਉਸ ਉਪਰ ਆਪਣਾ ਸੰਕਲਪ ਸਿਰਜ ਸਕੇ। ਇਕ ਇਤਿਹਾਸਕਾਰ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਿਕ, ਭੂਗੋਲਿਕ, ਸੰਸਕ੍ਰਿਤਕ ਅਤੇ ਆਦਿਕ ਸਥਿਤੀਆਂ ਸੰਬੰਧੀ ਗਿਆਨਵਾਨ ਹੋਵੇ, ਜਿਸ ਦੇ ਸਹਾਰੇ ਰਚਨਾ ਦੇ ਮੂਲ ਚੌਖਟੇ ਅਤੇ ਸਿਧਾਂਤ ਨੂੰ ਉਚਿਤ ਪ੍ਰਸੰਗ ਵਿਚ ਸਮਝਿਆ ਜਾ ਸਕੇ।

ਕੁਝ ਇਸੇ ਤਰ੍ਹਾਂ ਦੇ ਇਤਿਹਾਸਕਾਰੀ ਦੇ ਗੁਣਾਂ ਨਾਲ ਭਰਪੂਰ ਪ੍ਰਿੰ. ਸ. ਸਵਰਨ ਸਿੰਘ ਚੂਸਲੇਵੜ ਸਨ। ਇਕ ਸਿੱਖ ਇਤਿਹਾਸਕਾਰ ਵਜੋਂ ਉਹਨਾਂ ਦਾ ਜ਼ਿਕਰ ਬਹੁਤ ਅਹਿਮੀਅਤ ਰੱਖਦਾ ਹੈ। ਇਤਿਹਾਸ ਲਿਖਣਾ ਉਹਨਾਂ ਦੀ ਰੂਹ ਦੀ ਖੁਰਾਕ ਸੀ। ਜਿਸ ਸ਼ੈਲੀ ਅਤੇ ਬੋਲੀ ਵਿਚ ਉਹਨਾਂ ਇਤਿਹਾਸਕਾਰੀ ਦੀ ਸਿਰਜਣਾ ਕੀਤੀ ਹੈ ਉਹ ਬਹੁਤ ਸੌਖੀ, ਸਪੱਸ਼ਟ ਅਤੇ ਸਿੱਖ ਇਤਿਹਾਸ ਨਾਲ ਨਿਆਂ ਕਰਨ ਵਾਲੀ ਹੈ। ਡੂੰਘੀ ਸਿੱਖੀ ਭਾਵਨਾ ਅਤੇ ਸਿੱਖ ਜਜ਼ਬਾਤ ਉਹਨਾਂ ਦੁਆਰਾ ਲਿਖੇ ਇਤਿਹਾਸ ਵਿਚ ਵੇਖੇ ਜਾ ਸਕਦੇ ਹਨ, ਸਿੱਖੀ ਪ੍ਰਤੀ ਨਿਰਮਲ ਭਾਵਨਾ ਉਹਨਾਂ ਵੱਲੋਂ ਕੀਤੀ ਇਤਿਹਾਸਕਾਰੀ ਵਿਚ ਸਹਿਜੇ ਹੀ ਨਜ਼ਰ ਆ ਜਾਂਦੀ ਹੈ। ਉਹਨਾਂ ਦੀ ਇਤਿਹਾਸਕਾਰੀ ਵਿਚ ਕਿਤੇ ਵੀ ਬਿਗਾਨਾਪਨ ਅਤੇ ਪੱਛਮੀ ਸ਼ੈਲੀ ਦਾ ਰੁੱਖਾਪਨ ਨਜ਼ਰ ਨਹੀਂ ਆਉਂਦਾ ਹੈ। ਇਤਿਹਾਸਕਾਰੀ ਦਾ ਵਹਾ ਉਹਨਾਂ ਦੇ ਹਿਰਦੇ ਵਿਚੋਂ ਇਕ ਨਿਰਮਲ ਝਰਨੇ ਦੀ ਤਰ੍ਹਾਂ ਫੁੱਟਦਾ ਹੈ ਅਤੇ ਹਰ ਕੋਈ ਉਸ ਵਿਚ ਤਾਰੀ ਲਾਉਣ ਵਾਲਾ ਆਪਣੀ ਖਸਲਤ ਦਾ ਅਕਸ ਲੈ ਕੇ ਆਉਂਦਾ ਹੈ।

ਸ. ਸਵਰਨ ਸਿੰਘ ਜੀ ਦਾ ਜਨਮ ੧੧ ਅਗਸਤ ੧੯੩੦ ਈ. ਨੂੰ ਪਿਤਾ ਸ. ਅਰਜਨ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਬਲਵੰਤ ਕੌਰ ਜੀ ਦੀ ਕੁੱਖ ਤੋਂ ਪਿੰਡ ਚੂਸਲੇਵੜ (ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ) ਵਿਚ ਹੋਇਆ। ਸ. ਸਵਰਨ ਸਿੰਘ ਜੀ ਸੱਤ ਭੈਣ-ਭਰਾ ਸਨ (ਸਵਰਨ ਸਿੰਘ, ਇਕਬਾਲ ਸਿੰਘ, ਗੁਲਜ਼ਾਰ ਸਿੰਘ, ਦਿਲਬਾਗ ਸਿੰਘ, ਸਤਪਾਲ ਸਿੰਘ, ਕਿਰਪਾਲ ਕੌਰ ਅਤੇ ਹਰਿਭਜਨ ਕੌਰ), ਜਿਹਨਾਂ ਵਿਚ ਸ. ਸਵਰਨ ਸਿੰਘ ਸਭ ਤੋਂ ਵੱਡੇ ਸਨ। ਆਪ ਜੀ ਦੇ ਪਿਤਾ ਮੈਡੀਕਲ ਸਾਇੰਸ ਦੇ ਵਿਦਿਆਰਥੀ ਸਨ ਅਤੇ ਫ਼ਾਰਸੀ ਦੇ ਵੀ ਚੰਗੇ ਗਿਆਤਾ ਸਨ, ਜਿਸ ਦੇ ਗੁਣ ਆਪ ਜੀ ਵਿਚ ਵੀ ਪ੍ਰਗਟ ਹੋਏ। ਸ. ਸਵਰਨ ਸਿੰਘ ਜੀ ਦੀ ਮੁੱਢਲੀ ਪੜ੍ਹਾਈ ਸਥਾਨਕ ਡੀ. ਏ. ਵੀ. ਸਕੂਲ ਪੱਟੀ ਵਿਖੇ ਹੋਈ (ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਦਸਵੀਂ ਤਕ ਆਪ ਜੀ ਦੇ ਜਮਾਤੀ ਰਹੇ)। ਇਸ ਤੋਂ ਬਾਅਦ ਬੀ. ਏ. ਨੈਸ਼ਨਲ ਕਾਲਜ ਕਾਦੀਆਂ (ਗੁਰਦਾਸਪੁਰ), ਜੀ. ਬੀ. ਟੀ. ਏਸ਼ੀਅਨ ਸਟੇਟ ਕਾਲਜ ਪਟਿਆਲਾ ਅਤੇ ਐਮ. ਏ. ਅੰਗਰੇਜ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਇਸ ਤੋਂ ਇਲਾਵਾ ਸ. ਸਵਰਨ ਸਿੰਘ ਜੀ ਨੇ ਪੀ.ਸੀ.ਐਸ. (ਪੰਜਾਬ ਸਿਵਲ ਸਰਵਿਸਸ) ਦਾ ਟੈਸਟ ਵੀ ਪਾਸ ਕੀਤਾ। ਆਪਣੀ ਵਿਦਿਆ ਹਾਸਿਲ ਕਰਨ ਤੋਂ ਬਾਅਦ ਆਪ ਜੀ ਨੇ ਬਰਨਾਲੇ ਦੇ ਪਿੰਡ ਦਾਨਾਗੜ੍ਹ ਵਿਚ ਲਗਪਗ ਡੇਢ ਸਾਲ ਤਕ ਪੜ੍ਹਾਇਆ। ਆਪ ਜੀ ਦਾ ਅਨੰਦ ਕਾਰਜ ਭਿੱਖੀਵਿੰਡ ਵਿਖੇ ਬੀਬੀ ਗੁਰਬਚਨ ਕੌਰ ਨਾਲ ਹੋਇਆ। ਆਪ ਜੀ ਘਰ ਦੋ ਬੇਟੀਆਂ ਬੀਬੀ ਕੁਲਵੰਤ ਕੌਰ ਅਤੇ ਬੀਬੀ ਗੁਰਮੀਤ ਕੌਰ ਨੇ ਜਨਮ ਲਿਆ।

ਸ. ਸਵਰਨ ਸਿੰਘ ਜੀ ਨੇ ਨੌਂ ਸਾਲ ਫੌਜ ਵਿਚ ਵੀ ਨੌਕਰੀ ਕੀਤੀ। ਫੌਜ ਦੀ ਨੌਕਰੀ ਕਰਨ ਤੋਂ ਬਾਅਦ ਉਹਨਾਂ ਇਕ ਵਾਰ ਅਧਿਆਪਨ ਦੇ ਕਾਰਜ ਨੂੰ ਚੁਣਿਆ ਅਤੇ ਸਰਕਾਰੀ ਹਾਈ ਸਕੂਲ, ਘਰਿਆਲਾ (ਨੇੜੇ ਪੱਟੀ, ਜਿਲ੍ਹਾ-ਤਰਨਤਾਰਨ) ਵਿਚ ਲਗਾਤਾਰ ੨੧ ਸਾਲ ਪੜਾਇਆ। ਇਥੋਂ ਹੀ ਉਹ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਇਥੇ ਅਧਿਆਪਨ ਦੌਰਾਨ ਹੀ ਉਹਨਾਂ ਇਤਿਹਾਸ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਸੀ, ਜੋ ਅੰਤ ਸਮੇਂ ਤਕ ਨਿਰੰਤਰ ਜਾਰੀ ਰਹੀ। ਸ. ਸਵਰਨ ਸਿੰਘ ਜੀ ਇਤਿਹਾਸ ਦੀ ਖੋਜ ਕਰਦਿਆਂ ਅਖੀਰ ਆਪ ਵੀ ੨੪ ਅਗਸਤ ੨੦੨੩ ਨੂੰ ਆਖਰੀ ਫਤਹਿ ਬੁਲਾ ਗਏ।

ਸ. ਸਵਰਨ ਸਿੰਘ ਲਗਪਗ ਅੱਠ ਭਾਸ਼ਾਵਾਂ (ਪੰਜਾਬੀ, ਅੰਗਰੇਜ਼ੀ, ਸੰਸਕ੍ਰਿਤ, ਹਿੰਦੀ, ਉਰਦੂ, ਫ਼ਾਰਸੀ, ਅਰਬੀ ਅਤੇ ਪਸ਼ਤੋ) ਦੇ ਚੰਗੇ ਗਿਆਤਾ ਸਨ। ਸ. ਸਵਰਨ ਸਿੰਘ ਜੀ ਚੂਸਲੇਵੜ ਨੇ ਸਿੱਖ ਇਤਿਹਾਸ ਦੀ ਸਿਰਜਣਾ ਕਰਦਿਆਂ ਅਨੇਕ ਲਿਖਤਾਂ ਲਿਖੀਆਂ ਹਨ। ਉਹਨਾਂ ਦੀ ਹਰ ਲਿਖਤ ਆਪਣੇ ਆਪ ਵਿਚ ਵਿਸ਼ੇਸ਼ ਥਾਂ ਰੱਖਦੀ ਹੈ ਅਤੇ ਸਿੱਖ ਇਤਿਹਾਸ ਦੀ ਸੱਚੀ-ਸੁੱਚੀ ਤਸਵੀਰ ਪੇਸ਼ ਕਰਦੀ ਹੈ।

ਸ. ਸਵਰਨ ਸਿੰਘ ਜੀ ਨੇ ਕੁਲ ਸੱਤ ਕਿਤਾਬਾਂ ਲਿਖੀਆਂ:

੧. ਸ਼ਹੀਦੀ ਭਾਈ ਤਾਰਾ ਸਿੰਘ ਵਾਂ (੧੯੯੭)
੨. ਮੱਸੇ ਰੰਗੜ ਨੂੰ ਕਰਣੀ ਦਾ ਫਲ (੧੯੯੭)
੩. ਸ਼ਹੀਦੀ ਸਾਕਾ ਭਾਈ ਤਾਰੂ ਸਿੰਘ (੧੯੯੭)
੪. ਸਿੱਖ, ਅਬਦਾਲੀ ਤੇ ਵੱਡਾ ਘੱਲੂਘਾਰਾ (੨੦੧੬)
੫. ਪਹਿਲਾ ਘੱਲੂਘਾਰਾ  (੨੦੧੮)
੬. ਭੂਰਿਆਂ ਵਾਲੇ ਰਾਜੇ ਕੀਤੇ (੨੦੨੦)
੭. ਕਦੀਮ ਤਵਾਰੀਖ਼ੀ ਸ਼ਹਿਰ ਪੱਟੀ (੨੦੨੩)

ਇਸ ਤੋਂ ਇਲਾਵਾ ਆਪ ਜੀ ਦੇ ਬੇਅੰਤ ਪਰਚੇ ਅਲੱਗ-ਅਲੱਗ ਰਸਾਲਿਆਂ ਵਿਚ ਛਪੇ ਹਨ। ਆਪ ਜੀ ਨੇ ਜ਼ਮੀਨੀ ਪੱਧਰ ‘ਤੇ ਜਾ ਕੇ ਇਤਿਹਾਸ ਦੀ ਖੋਜ ਕੀਤੀ, ਆਪ ਨੇ ਉਹਨਾਂ ਧੂੜਾਂ ਨੂੰ ਛਾਣਿਆਂ ਜਿਥੇ ਖਾਲਸੇ ਦਾ ਦੋ ਘੱਲੂਘਾਰਿਆਂ ਵੇਲੇ ਲਹੂ ਡੁੱਲਿਆ। ਕਾਹਨੂੰਵਾਲ ਦੀ ਛੰਭ ਨੂੰ ਛਾਣਦਿਆਂ ਸ਼ਹੀਦ ਸਿੰਘਾਂ ਦੀਆਂ ਦਬੀਆਂ, ਰੁਲੀਆਂ ਹੱਢੀਆਂ ਨੂੰ ਲੱਭ ਕੇ ਸੰਭਾਲਿਆ ਤਾਂ ਕਿ ਇਹਨਾਂ ਦਾ ਭਵਿੱਖ ਵਿਚ ਡੀ.ਐਨ.ਏ ਕਰਵਾ ਕੇ ਉਹਨਾਂ ਪਰਿਵਾਰਾਂ ਤਕ ਪਹੁੰਚ ਕੀਤੀ ਜਾ ਸਕੇ। ਇਹਨਾਂ ਯਤਨਾਂ ਤੋਂ ਪਤਾ ਲਗਦਾ ਹੈ ਕਿ ਉਹ ਕਿੰਨੀ ਡੂੰਘੀ ਸੋਚ ਦੇ ਇਤਿਹਾਸਕਾਰ ਸਨ।

ਇਸ ਪਰਚੇ ਵਿਚ ਉਹਨਾਂ ਦੀ ਲਿਖੀ ਕਿਤਾਬ ‘ਪਹਿਲਾ ਘੱਲੂਘਾਰਾ’ (੨੦੧੮) ਵਿਚਲੀ ਇਤਿਹਾਸਕਾਰੀ ਨੂੰ ਖੋਜ ਦਾ ਆਧਾਰ ਬਣਾਇਆ ਗਿਆ ਹੈ। ਇਸ ਲਿਖਤ ਦੀ ਉਸਾਰੀ ਕਰਦਿਆਂ ਉਹਨਾਂ ਗੁਰਮੁਖੀ ਸਰੋਤ, ਫ਼ਾਰਸੀ ਸਰੋਤ ਅਤੇ ਅੰਗਰੇਜ਼ੀ ਸਰੋਤਾਂ ਨੂੰ ਆਧਾਰ ਬਣਾਇਆ ਹੈ ਅਤੇ ਪੂਰੇ ਵਿਸਥਾਰ ਨਾਲ ਪਹਿਲੇ ਘੱਲੂਘਾਰੇ ਦੇ ਵਾਕਿਆਤ ਪੇਸ਼ ਕੀਤੇ ਹਨ। ਹਰ ਵਾਕਿਆਤ ਨੂੰ ਕਿਸੇ ਖਾਸ ਸਿਰਲੇਖ ਹੇਠ ਦਿੱਤਾ ਗਿਆ ਹੈ, ਜਿਸ ਨਾਲ ਪਾਠਕ ਨੂੰ ਕਿਸੇ ਖਾਸ ਘਟਨਾ ਬਾਰੇ ਜਾਣਨ ਲਈ ਆਸਾਨੀ ਹੁੰਦੀ  ਹੈ। ਇਤਿਹਾਸਕਾਰ ਨੇ ਉਹਨਾਂ ਸਥਾਨਾਂ ਦਾ ਨਾਵਾਂ ਸਮੇਤ ਇਕ ਨਕਸ਼ਾ ਵੀ ਤਿਆਰ ਕੀਤਾ ਹੈ, ਜਿਹਨਾਂ ਰਾਹਵਾਂ ਥਾਣੀਂ ਪਹਿਲੇ ਘੱਲੂਘਾਰੇ ਦੌਰਾਨ ਸਿੰਘ ਗੁਜ਼ਰੇ ਸਨ। ਇਤਿਹਾਸਕਾਰ ਹਰ ਘਟਨਾ ਨੂੰ ਇਕ ਵਿਧੀਵਤ ਰੂਪ ਵਿਚ ਪਹਿਲੇ ਘੱਲੂਘਾਰੇ ਦੇ ਸਮੁੱਚੇ ਬਿਰਤਾਂਤ ਨੂੰ ਸਿਰਜਦਾ ਹੈ। ਉਹ ਘਟਨਾ ਨੂੰ ਪੁਣ-ਛਾਣ ਕੇ ਲਿਖਤ ਵਿਚ ਲਿਆਉਂਦਾ ਹੈ ਤੱਥਾਂ ਦੀ ਅਸਲ ਹਕੀਕਤ ਵੱਲ ਲੈਕੇ ਜਾਂਦਾ ਹੈ। ਇਤਿਹਾਸਕਾਰ ਨੇ ਲਿਖਤ ਵਿਚ ਸਿੰਘਾਂ ਦੇ ਕਾਰਨਾਮਿਆਂ ਦੇ ਉਹ ਝਲਕਾਰੇ ਪੇਸ਼ ਕੀਤੇ ਹਨ, ਜਿਸ ਤੋਂ ਸ਼ਾਇਦ ਅਸੀਂ ਅਣਜਾਣ ਹੀ ਰਹਿ ਜਾਂਦੇ। ਇਤਿਹਾਸਕਾਰ ਸਿੰਘਾਂ ਦੇ ਬਾਣੀ ਪ੍ਰੇਮ, ਜ਼ਮੀਨੀ ਹਾਲਾਤ, ਪੈਂਤੜੇਬਾਜ਼ੀ, ਹਥਿਆਰਾਂ ਦੀ ਵਰਤੋਂ ਆਦਿ ਕੰਮਾਂ ਨੂੰ ਨਾਲੋ-ਨਾਲ ਦਸਦਾ ਹੈ। ਇਤਿਹਾਸਕਾਰ ਜ਼ਰੂਰੀ ਤਾਰੀਖਾਂ, ਸ਼ਹੀਦ ਸਿੰਘਾਂ ਦੀ ਗਿਣਤੀ, ਖਾਸ ਦਿਨ ਤਿਉਹਾਰਾਂ, ਸਾਕ-ਸੰਬੰਧੀਆਂ ਆਦਿਕ ਚੀਜ਼ਾਂ ਨੂੰ ਵੀ ਥਾਂ-ਥਾਂ ਦਰਸਾਉਂਦਾ ਹੈ।

ਜਿਥੋਂ ਤਕ ਉਹਨਾਂ ਦੇ ਇਤਿਹਾਸ ਲਿਖਣ ਦੀ ਕਲਾ ਦੀ ਗੱਲ ਹੈ ਉਹ ਬਹੁਤ ਸਾਦੀ, ਸੌਖੀ ਅਤੇ ਸਰਲ ਹੈ, ਜਿਸ ਵਿਚ ਸੌਖਿਆਂ ਹੀ ਮਝੈਲੀ ਪ੍ਰਭਾਵ ਵੇਖਿਆ ਜਾ ਸਕਦਾ ਹੈ। ਕਿਉਂਕਿ ਇਤਿਹਾਸਕਾਰ ਖੁਦ ਵੀ ਇਸੇ ਖੇਤਰ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਲੇਖਕ ਦੀ ਲਿਖਤ ਵਿਚੋਂ ਸਹਿਜੇ ਹੀ ਮਝੈਲੀ ਅੰਸ਼ ਵੇਖੇ ਜਾ ਸਕਦੇ ਹਨ;

“ਭਾਈ ਸੁੱਖਾ ਸਿੰਘ ਲਖਪਤ ਰਾਏ ਨੂੰ ਵੰਗਾਰਦੇ ਹਨ “ਕਰਾੜਾ! ਜੇ ਪਿਉ ਆਪਣੇ ਦਾ ਪੁੱਤ ਹੈਂ ਤਾਂ ਹੁਣ ਨੱਠੀਂ ਨਾ।”

ਇਤਿਹਾਸਕਾਰ ਦਾ ਇਤਿਹਾਸ ਨੂੰ ਲਿਖਣ ਦਾ ਸਮੁੱਚਾ ਵਰਤਾਰਾ ਸ਼ਰਧਾ ਅਤੇ ਸਿੱਖੀ ਭਾਵਨਾ ਨਾਲ ਭਰਿਆ ਪਿਆ ਹੈ। ਇਸੇ ਕਰਕੇ ਉਹ ਥਾਂ ਥਾਂ ‘ਤੇ ਸਿੱਖਾਂ ਦੇ ਉਚ ਕਿਰਦਾਰਾਂ, ਨਾਮ ਬਾਣੀ, ਗੁਰਮਤਾ ਅਤੇ ਸਿੱਖਾਂ ‘ਤੇ ਆਉਂਦੇ ਭਾਰੀ ਕਸ਼ਟਾਂ ਨੂੰ ਬਿਆਨ ਕਰਦਾ ਹੈ। ਉਹ ਕਿਸੇ ਵੀ ਘਟਨਾ ਦੇ ਵਿਸਥਾਰ ਵਿਚ ਜਾਣ ਤੋਂ ਪਹਿਲਾਂ ਪਿਛਲੀਆਂ ਘਟਨਾਵਾਂ ਪ੍ਰਤੀ ਵੀ ਡੂੰਘੀ ਸਮਝ ਰੱਖਦਾ ਹੈ ਅਤੇ ਉਹਨਾਂ ਦੇ ਕਾਰਨਾਂ ਦਾ ਚੰਗਾ ਜਾਇਜਾ ਲੈਂਦਾ ਹੈ। ਕਿਸੇ ਵੱਡੀ ਘਟਨਾ ਤੋਂ ਪਹਿਲਾਂ ਲੇਖਕ ਕਾਰਨਾਂ ਦੀ ਛਾਣਬੀਣ ਕਰਦਾ ਹੈ। ਉਹ ਕਾਰਨਾਂ ਦੀ ਡੂੰਘਿਆਈ ਵਿਚ ਜਾਂਦਾ ਹੈ। ਸਿੰਘਾਂ ਦੇ ਲਾਹੌਰ ਲੁੱਟਣ ਵਾਲੀ ਘਟਨਾ ਦਾ ਕੀ ਅਸਰ ਹੋਇਆ ਉਸ ਪੱਖ ਨੂੰ ਲੇਖਕ ਬਾਖੂਬੀ ਪੇਸ਼ ਕਰਦਾ ਹੋਇਆ ਲਿਖਦਾ ਹੈ;

“ਜਦ ਵੱਡੇ ਵੱਡੇ ਦਾਈਏ ਬੰਨ੍ਹਣ ਵਾਲੇ ਦੇ ਲਾਹੌਰ ਬੈਠਿਆਂ ਅਤੇ ਪਾਸ ਬੜੀ ਤਕੜੀ ਫ਼ੌਜ ਮੌਜੂਦ ਹੁੰਦਿਆਂ ਸ਼ਹਿਰ ਲੁੱਟਿਆ ਜਾਵੇ, ਦੁਕਾਨਦਾਰ ਮਾਰੇ ਜਾਣ, ਤੇ ਦੀਨੀ ਜੋਸ਼ ਚੜਾਅ ਭੂਏ ਕਰਨ ਵਾਲੇ ਮੁਫ਼ਤੀ ਮੁਲਾਣੇ ਤੇ ਕਾਜ਼ੀ ਤੇਗ਼ ਦੀ ਭੇਟ ਚੜ੍ਹਾਅ ਦਿੱਤੇ ਜਾਣ ਤਾਂ ਉਸ ਦੀ ਸਿਕਦਾਰੀ ਕਾਹਦੀ ਰਹੀ। ਬੜੀ ਵੱਡੀ ਨੱਕ-ਵੱਢਣੀ ਹੋਈ। ਉਹ ਰਿਆਇਆ ਨੂੰ ਕੀ ਮੂੰਹ ਵਿਖਾਵੇਗਾ। ਸੋ ਇਸ ਘਟਨਾ ਦੀ ਖ਼ਬਰ ਨੇ ਯਾਹੀਆ ਖ਼ਾਨ ਨੂੰ ਤੜਫਾ ਕੇ ਰੱਖ ਦਿੱਤਾ। ਝੱਟ ਪੱਟ ਆਪਣੇ ਦੀਵਾਨ ਲਖਪਤ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਇਨ੍ਹਾਂ ਸਿੰਘਾਂ ਵਿਰੁੱਧ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇ।”

ਇਤਿਹਾਸਕਾਰ ਕਿਵੇਂ ਸਰਲ ਤੇ ਆਮ ਸ਼ਬਦਾਂ ਰਾਹੀਂ ਅਗਾਮੀਂ ਘਟਨਾਵਾਂ ਦੀ ਪੇਸ਼ਕਾਰੀ ਤੋਂ ਪਹਿਲਾਂ ਧਰਾਤਲ ਤਿਆਰ ਕਰਦਾ ਹੈ, ਅਤੇ ਫਿਰ ਉਹਨਾਂ ਦੇ ਵਿਸਥਾਰ ਵਿਚ ਜਾਂਦਾ ਹੈ। ਸਿੰਘਾਂ ਦੇ ਲਾਹੌਰ ਨੂੰ ਲੁੱਟਣ ਤੋਂ ਤੁਰੰਤ ਬਾਅਦ ਕੀ ਹੋਇਆ, ਉਹ ਯਾਹੀਆ ਖ਼ਾਨ ਦੇ ਹੁਕਮ ਤੋਂ ਬਾਅਦ ਲਖਪਤ ਰਾਏ ਦੇ ਕਤਲੇਆਮ ਦਾ ਵਰਣਨ ਕਰਦਾ ਦਸਦਾ ਹੈ ਕਿ;

“ਲਖਪਤ ਰਾਏ ਨੇ ਲਾਹੌਰ ਵਿਚ ਅਮਨ ਅਮਾਨ ਨਾਲ ਵੱਸਦੇ ਗੁਰਮੁਖਿ ਸਿੱਖਾਂ ਦਾ ਕਤਲਾਮ ਵੀ ਆਰੰਭ ਦਿੱਤਾ। ਇਸਦੇ ਨਾਲ ਸ਼ਹਿਰ ਵਿਚ ਹੋਕਾ ਫਿਰਵਾ ਦਿੱਤਾ ਕਿ ਜੋ ਗੁਰੂ ਦੀ ਬਾਣੀ ਪੜ੍ਹੇ, ਗੁਰੂ ਦਾ ਨਾਮ ਲਵੇ ਉਸਨੂੰ ਟੱਬਰ ਸਮੇਤ ਖਤਮ ਕਰ ਦਿੱਤਾ ਜਾਵੇ। ਗੁੜ ਨੂੰ ਕੋਈ ਗੁੜ ਨਾ ਕਹੇ, ਰੋੜੀ ਜਾਂ ਭੇਲੀ ਕਹੇ। ਗੁਰਬਾਣੀ ਅਤੇ ਇਤਿਹਾਸ ਦੀਆਂ ਪੋਥੀਆਂ ਲੱਭ-ਲੱਭ ਕੇ ਖੂਹਾਂ ਵਿਚ ਸੁਟਵਾ ਦਿੱਤੀਆਂ ਅਤੇ ਧਰਮਸ਼ਾਲਾਵਾਂ ਵੀ ਢੁਆ ਦਿੱਤੀਆਂ। ਉਹ ਸਿੱਖੀ ਦਾ ਨਾਮ ਨਿਸ਼ਾਨ ਵੀ ਨਹੀਂ ਛੱਡਣਾ ਚਾਹੁੰਦੇ ਸਨ।”

ਇਸ ਤਰ੍ਹਾਂ ਇਤਿਹਾਸਕਾਰ ਘਟਨਾਵਾਂ ਦੇ ਮੁੱਢਲੇ ਕਾਰਣਾਂ ਦੀ ਵਿਆਖਿਆ ਤੋਂ ਬਾਅਦ ਉਹਨਾਂ ਦੇ ਤੁਰੰਤ ਅਸਰ ਦਾ ਜਾਇਜਾ ਲੈਂਦਾ ਹੈ ਅਤੇ ਘਟਨਾ ਦਰ ਘਟਨਾ ਨੂੰ ਜੋੜਦਾ ਹੋਇਆ ਇਤਿਹਾਸ ਦੀ ਪੇਸ਼ਕਾਰੀ ਕਰਦਾ ਹੈ। ਉਹ ਨਾਲੋ ਨਾਲ ਸਿੱਖਾਂ ਦੇ ਸਿਰੜ, ਪੈਦੀਆਂ ਬਿਪਤਾਵਾਂ ਅਤੇ ਚੜ੍ਹਦੀ ਕਲਾ ਦੇ ਜਲੋਅ ਨੂੰ ਥਾਂ ਥਾਂ ਪੇਸ਼ ਕਰਦਾ ਹੈ, ਸਿੱਖਾਂ ਸਿਰ ਆਉਣ ਵਾਲੀਆਂ ਔਖੀਆਂ ਘੜੀਆਂ ਦੀ ਸਪੱਸ਼ਟ ਤਸਵੀਰ ਖਿੱਚਦਾ ਹੈ।

ਇਤਿਹਾਸਕਾਰ ਇਤਿਹਾਸ ਦੀ ਪੇਸ਼ਕਾਰੀ ਇਵੇਂ ਪੇਸ਼ ਕਰਦਾ ਹੈ ਜਿਵੇਂ ਸਭ ਕੁਝ ਉਸ ਦੀਆਂ ਅੱਖਾਂ ਅੱਗੇ ਵਾਪਰ ਰਿਹਾ ਹੋਵੇ। ਇਤਿਹਾਸਕਾਰ ਆਪਣੀ ਠੇਠ ਬੋਲੀ ਰਾਹੀਂ ਪਾਠਕ ਨੂੰ ਵੀ ਇਵੇਂ ਪਰਤੀਤ ਕਰਵਾਉਂਦਾ ਹੈ ਜਿਵੇਂ ਕਿਰਪਾਨਾਂ, ਗੋਲੇ, ਜੈਕਾਰੇ ਉਸ ਦੇ ਸਾਹਮਣੇ ਗਜਾਏ ਜਾ ਰਹੇ ਹੋਣ, ਜਿਵੇਂ ਪਾਠਕ ਸੱਚਮੁਚ ਯੁੱਧ ਦੇ ਮੈਦਾਨ ਵਿਚ ਪਹੁੰਚ ਗਿਆ ਹੋਵੇ। “ਤੋਪਾਂ ਦੀ ਧੜ-ਧੜ, ਅੱਗ ਦੀ ਸੜ ਸੜ, ਨਗਾਰਿਆਂ ਦੀ ਧਾਊਂਸ, ਅੱਲਾ ਹੂ ਅਕਬਰ ਅਤੇ ਸਤਿ ਸ੍ਰੀ ਅਕਾਲ ਦੇ ਨਾਅਰੇ” ਆਦਿ ਚੀਜ਼ਾਂ ਨੂੰ ਦਰਸਾ ਕੇ ਇਤਿਹਾਸਕਾਰ ਲਿਖਤ ਵਿਚ ਰੌਚਕਤਾ ਅਤੇ ਬੀਰ ਰਸ ਪੈਦਾ ਕਰਦਾ ਹੈ।

ਇਤਿਹਾਸਕਾਰ ਦੁਆਰਾ ਪਾਰ-ਇਤਿਹਾਸਕ ਪਹੁੰਚ ਦ੍ਰਿਸ਼ਟੀ ਤੋਂ ਵੀ ਘਟਨਾਵਾਂ ਨੂੰ ਬਿਆਨ ਕੀਤਾ ਗਿਆ ਹੈ। ਉਦਾਹਰਨ ਮਾਤਰ ਭਾਈ ਪ੍ਰਿਥੀ ਜੀ ਅਤੇ ਲਖਪਤ ਰਾਏ ਵਾਲੀ ਘਟਨਾ ਨੂੰ ਦੇਖਿਆ ਜਾ ਸਕਦਾ ਹੈ। ਜਦ ਭਾਈ ਪ੍ਰਿਥੀ ਜੀ ਦਸਮ ਪਾਤਸ਼ਾਹ ਜੀ ਦੇ ਬਚਨ ਅਨੁਸਾਰ ਮਾਝੇ ਦੀ ਧਰਤੀ ਲਾਹੌਰ ਪਾਸ ਪੁੱਜੇ ਤਾਂ ਭੁੱਖ ਨੇ ਵਿਆਕੁਲ ਕੀਤਾ। ਘੁੰਗਣੀਆਂ ਵੇਚ ਰਹੇ ਬਾਲਕ ਲਖਪਤ ਰਾਏ ਨੂੰ ਕਿਹਾ ਕਿ ‘ਪੁੱਤਰ ਘੁੰਗਣੀਆਂ ਛਕਾਵੇਂਗਾ’, ਲਖਪਤ ਰਾਏ ਨੇ ਦਰਿਆ ਦਿਲੀ ਦਿਖਾਉਂਦੇ ਹੋਏ ਕਿਹਾ ਕਿ ‘ਜਿੰਨੀਆਂ ਚਾਹੋ ਛਕ ਸਕਦੇ ਹੋ’। ਭਾਈ ਪ੍ਰਿਥੀ ਜੀ ਨੇ ਮੁੱਠ ਘੁੰਗਣੀਆਂ ਲੈ ਕੇ ਅਸੀਸ ਦੇਂਦਿਆਂ ਕਿਹਾ ਕਿ ‘ਭਾਈ ਤੂੰ ਤਾਂ ਦੀਵਾਨ ਹੈਂ’। ਸਮਾਂ ਪਾ ਕੇ ਲਖਪਤ ਰਾਏ ਸਚਮੁੱਚ ਦੀਵਾਨ ਬਣ ਗਿਆ। ਦੂਸਰੀ ਘਟਨਾ ਵੀ ਲਖਪਤ ਰਾਏ ਨਾਲ ਹੀ ਸਬੰਧਤ ਹੈ। ਜਦ ਉਸਨੇ ਸਿੱਖਾਂ ਦੇ ਕਤਲ ਕਰਨ ਸਮੇਂ ਭਾਈ ਪ੍ਰਿਥੀ ਜੀ ਦੇ ਉਤਰਾਧਿਕਾਰੀ ਭਾਈ ਜਗਤ ਭਗਤ ਜੀ ਦੀ ਵੀ ਨਾ ਮੰਨੀ। ਉਸ ਵਕਤ ਭਾਈ ਜੀ ਨੇ ਕਿਹਾ ਕਿ “ਜਿਸ ਪਾਣੀਓਂ ਉੱਗੀ ਹੈ, ਉਸੇ ਪਾਣੀ ਮਾਰਾਂਗੇ। ਤੇਰੀ ਜੜ੍ਹ ਨਾ ਰਹੂ ਅਤੇ ਇਹ ਪੰਥ ਦਿਨੋ ਦਿਨ ਵਧੂ।”

ਇਤਿਹਾਸਕ ਘਟਨਾਵਾਂ ਨੂੰ ਪੇਸ਼ ਕਰਦਿਆਂ ਇਤਿਹਾਸਕਾਰ ਕਈ ਜਗ੍ਹਾ ਆਪਣੀ ਕਲਪਨਾ ਸ਼ਕਤੀ ਰਾਹੀਂ ਇਤਿਹਾਸਕ ਖੱਪਿਆਂ ਨੂੰ ਪੂਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਇਤਿਹਾਸਕਾਰ ਦੀ ਖ਼ੂਬੀ ਹੈ ਕਿ ਉਹ ਇਤਿਹਾਸ ਦੀ ਲੜੀ ਨੂੰ ਟੁੱਟਣ ਨਹੀਂ ਦਿੰਦਾ। ਉਹ ਇਤਿਹਾਸ ਦੇ ਚਲਦੇ ਪ੍ਰਸੰਗ ਵਿਚ ਐਸੇ ਦ੍ਰਿਸ਼ ਖਿੱਚਦਾ ਹੈ ਕਿ ਮਾਨੋ ਅਜੇ ਘਟਨਾਵਾਂ ਤਾਜ਼ੀਆਂ-ਤਾਜ਼ੀਆਂ ਹੀ ਵਾਪਰੀਆਂ ਹੋਣ। ਇਤਿਹਾਸਕਾਰ ਮਾਝੇ ਦੇ ਨੌਜਵਾਨਾਂ ਦੇ ਰੁਝਾਨ ਨੂੰ ਪੇਸ਼ ਕਰਦਾ ਦਸਦਾ ਹੈ ਕਿ ਉਸ ਵਕਤ ਪਿੰਡਾਂ ਦੀਆਂ ਢਾਣੀਆਂ ਵਿਚ ਕੀ ਗੋਸਟਾਂ ਹੁੰਦੀਆਂ ਸਨ, ਆਮ ਲੋਕਾਈ ਕਿਹੋ ਜਿਹੀ ਸਮਝ ਰੱਖਦੀ ਸੀ ਆਦਿ;

“ਮਾਝੇ ਦਿਆਂ ਜੱਟਾਂ ਵਾਸਤੇ ਦੋ ਹੀ ਰਾਹ ਰਹਿ ਗਏ ਸਨ ਕਿ ਜਾਂ ਤਾਂ ਸਰਕਾਰੀ ਮਾਮਲਾ ਪੂਰਾ ਕਰਨ ਲਈ ਦਿਨ ਰਾਤ ਖਪਾ ਕਰਨ ਜਾਂ ਸਰਕਾਰ ਦੇ ਬਾਗੀਆਂ ਨਾਲ ਰਲ ਕੇ ਲੁੱਟ-ਮਾਰ ਕਰ ਕੇ ਛਕਣ ਛਕਾਉਣ ਤੇ ਦਿਨ ਰਾਤ ਖੇਤਾਂ ਵਿਚ ਟੁੱਟ ਟੁੱਟ ਮਰਨ ਤੋਂ ਮੁਕਤੀ ਪਾਉਣ, ਕਿਉਂਕਿ ਇਹ ਗੱਲ ਦਿਨ ਦੇ ਪ੍ਰਕਾਸ਼ ਵਾਂਗ ਸੀ ਕਿ ਸਰਕਾਰ ਦੇ ਬਾਗੀ ਸਿੰਘ ਉਹਨਾਂ ਨਾਲੋਂ ਕਿਤੇ ਸੁਖੀ ਹਨ ਤੇ ਸਰਕਾਰ ਨੂੰ ਵੀ ਟਿੱਚ ਸਮਝਦੇ ਹਨ। ਸੋ ਉਹਨਾਂ ਮਗਰਲਾ ਰਾਹ ਹੀ ਚੁਣਿਆ। ਰਾਤ ਨੂੰ ਜਦ ਘਰਾਂ, ਸੱਥਾਂ, ਖੁੰਡਾਂ, ਤਖ਼ਤਪੋਸ਼ਾਂ ਤੇ ਧੂਣਿਆਂ ਦੁਆਲੇ ਬੈਠ ਕੇ ਸਿੰਘਾਂ ਦਿਆਂ ਧਾੜਿਆਂ, ਫੌਜ ਨਾਲ ਲੜਾਈ ਘਾਂ ਨਾਲ ਮਿਲਣ ਦੀਆਂ ਬਹੁਤੀਆਂ ਕਰੜੀਆਂ ਸ਼ਰਤਾਂ ਤਾਂ ਨਹੀਂ ਸਨ। ਤਕੜਾ ਸਰੀਰ, ਘੋੜਾ, ਹਥਿਆਰ ਤੇ ਲੜਨ ਭਿੜਨ ਦੀ ਰੀਝ ਹੀ ਵੱਡੀ ਸਿਫ਼ਾਰਸ਼ ਸੀ, ਜਿਸ ਨਾਲ ਕੋਈ ਵੀ ਗੱਭਰੂ ਜਥੇ ਵਿਚ ਰਲ ਸਕਦਾ ਸੀ। ਬਹੁਤ ਵਾਰ ਗੱਭਰੂ ਘਰ ਦਾ ਗਹਿਣਾ ਗੱਟਾ ਵੇਚਕੇ ਆਪਣਾ ਜੰਗੀ ਸਾਜੋ-ਸਮਾਨ ਪੂਰਾ ਕਰਦੇ ਸਨ।” “ਸਿੱਖ ਜਥਿਆਂ ਵਿਚ ਕੋਈ ਤਨਖਾਹ ਨਹੀਂ ਸੀ ਮਿਲਦੀ, ਉਹ ਸਿਰਫ ਮਾਲ-ਏ-ਗਨੀਮਤ ਹੀ ਆਪਸ ਵਿਚ ਵੰਡਦੇ ਸਨ। ਸਮਾਜਕ ਤੇ ਧਾਰਮਿਕ ਪੱਖੋਂ ਹਰ ਸਿੱਖ ਦਾ ਹੱਕ ਤੇ ਦਰਜਾ ਇਕੋ ਜਿਹਾ ਸੀ।”

ਇਸ ਤਰ੍ਹਾਂ ਇਤਿਹਾਸਕਾਰ ਆਪਣੀ ਕਲਪਨਾ ਸ਼ਕਤੀ ਨਾਲ ਅਜਿਹਾ ਮਜ਼ਬੂਤ ਪੱਖ ਉਭਾਰਦਾ ਹੈ ਕਿ ਜੁਝਾਰੂ ਸਿੱਖਾਂ ਨਾਲ ਨੌਜਵਾਨ ਕਿਵੇਂ ਮਿਲਦੇ ਹੋਣਗੇ, ਕਿਵੇਂ ਉਹਨਾਂ ਦੇ ਜਥਿਆਂ ਵਿਚ ਸ਼ਾਮਿਲ ਹੁੰਦੇ ਹੋਣਗੇ, ਆਮ ਪਿੰਡਾਂ ਦੀਆਂ ਸੱਥਾਂ, ਚੌਰਾਹਿਆਂ ਆਦਿ ਵਿਚ ਸਿੰਘਾਂ ਪ੍ਰਤੀ ਲੋਕਾਂ ਦਾ ਕੀ ਨਜ਼ਰੀਆ ਹੋਵੇਗਾ। ਇਵੇਂ ਇਤਿਹਾਸਕਾਰ ਇਤਿਹਾਸਕ ਖੱਪਿਆਂ ਨੂੰ ਕਿਸੇ ਹੱਦ ਤਕ ਪੂਰਦਾ ਨਜ਼ਰ ਆਉਂਦਾ ਹੈ ਅਤੇ ਇਤਿਹਾਸ ਦੀ ਰੌਂ ਨੂੰ ਚਲਾਈ ਰੱਖਦਾ ਹੈ।

ਇਤਿਹਾਸਕਾਰ ਦੀ ਸਮੁੱਚੀ ਰਚਨਾ ਚੜ੍ਹਦੀ ਕਲਾ ਦਾ ਸੋਮਾ ਹੈ। ਜਿਸ ਵਿਚ ਸਿੱਖਾਂ ਦੇ ਉੱਚ ਕਿਰਦਾਰ ਦਾ ਨਿਭਾਅ ਕੀਤਾ ਹੈ। ਲਿਖਤ ਵਿਚ ੧੮ਵੀਂ ਸਦੀ ਦੇ ਸਿੱਖ ਜੁਝਾਰੂਆਂ ਦੇ ਕਾਰਨਾਮਿਆਂ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਸਿੱਖ ਜੁਝਾਰੂਆਂ ਦੇ ਸਿਰੜ ਅਤੇ ਇਖਲਾਕ ਨੂੰ ਬਹੁਤ ਸੂਖਮਤਾ ਨਾਲ ਬਿਆਨ ਕੀਤਾ ਹੈ। ਇਕ ਸਿੱਖ ੧੮ਵੀਂ ਸਦੀ ਵਿਚ ਕਿਵੇਂ ਦੁਸ਼ਮਣਾਂ ਨਾਲ ਜੂਝਦਾ ਹੈ, ਉਸਦੀ ਸਮਕਾਲੀ ਰਾਜਨੀਤਕ ਸੂਝ ਕੀ ਹੈ, ਲੇਖਕ ਅਜਿਹੇ ਇਸ਼ਾਰੇ ਜਗ੍ਹਾ-ਜਗ੍ਹਾ ਦਿੰਦਾ ਹੈ। ਇਹਨਾਂ ਗੱਲਾਂ ਨੂੰ ਦਿੰਦੇ ਸਮੇਂ ਲਿਖਤ ਵਿਚ ਅਕਾਦਮਿਕਤਾ ਦੀ ਰੁੱਖੀ ਪਰਤ ਨਹੀਂ ਹੈ। ਆਮ ਸ਼ਬਦਾਵਲੀ ਵਰਤੀ ਹੈ। ਜਿਸ ਵਿਚ ਅਪਣਤ ਦੀ ਖੁਸ਼ਬੋ ਆਉਂਦੀ ਹੈ। ਜਿਵੇਂ “ਸਰੀਰੋਂ ਮਾੜਚੂ ਜਿਹਾ, ਜੋ ਪਿਉ ਨੂੰ ਫੜੰਗ ਕੇ ਲੈ ਗਿਆ” ਆਦਿ। ਲੇਖਕ ਨੇ ਥਾਂ ਥਾਂ ‘ਤੇ ਪ੍ਰਚੱਲਤ ਅਖਾਣਾਂ ਦੀ ਵੀ ਵਰਤੋਂ ਕੀਤੀ ਹੈ। ਜੈਸੀ ਸੋਭਤ ਤੈਸਾ ਸੁਭਾਅ, ਹਕੂਮਤ ਨਵਾਬ ਅਨਦੁੱਲਾ, ਨਾ ਚੱਕੀ ਰਹੀ ਨਾ ਚੁੱਲ੍ਹਾ, (ਇਹ ਅਖਾਣ ਉਸ ਸਮਕਾਲ ਦਾ ਇਤਿਹਾਸ ਲੁਕੋਈ ਬੈਠਾ ਹੈ) ‘ਅੰਨਾ ਕੀ ਭਾਲੇ ਦੋ ਅੱਖੀਆਂ’ਆਦਿ। ਇਹੀ ਨਹੀਂ ਕਿ ਇਤਿਹਾਸਕਾਰ ਸਿਰਫ ਇਤਿਹਾਸਕ ਸੂਝ ਹੀ ਰੱਖਦਾ ਹੈ, ਸਗੋਂ ਉਹ ਸੱਭਿਆਚਾਰਕ ਸਮਝ ਰੱਖਦਾ ਹੋਇਆ ਥਾਂ-ਥਾਂ ਅਖਾਣਾਂ, ਲੋਕ ਬੋਲੀਆਂ, ਲੋਕ ਕਿੱਤਿਆਂ, ਫਸਲਾਂ, ਝੱਲਾਂ, ਛੰਭਾਂ ਆਦਿ ਬੇਅੰਤ ਐਸੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਜੋ ਕਿਸੇ ਵੀ ਸਮਾਜ-ਸੱਭਿਆਚਾਰ ਦੇ ਧਰਾਤਲ ਅਤੇ ਉਸ ਖੇਤਰ ਦੀ ਤਸਵੀਰ ਦਰਸਾ ਰਹੇ ਹੁੰਦੇ ਹਨ, ਜਿਥੇ ਕਿਸੇ ਇਤਿਹਾਸ ਦਾ ਕੋਈ ਵੱਡਾ ਵਰਤਾਰਾ ਵਾਪਰ ਰਿਹਾ ਹੋਵੇ।

ਇਤਿਹਾਸਕਾਰ ਨੂੰ ਇਤਿਹਾਸਕ ਘਟਨਾਵਾਂ ਦੀ ਪੇਸ਼ਕਾਰੀ ਕਰਦਿਆਂ ਵਿਅਕਤੀ, ਸਥਾਨਾਂ ਅਤੇ ਖਾਸ ਦਿਨ ਤਿਉਹਾਰਾਂ ਦੀ ਵੀ ਖੂਬਸੂਰਤ ਜਾਣਕਾਰੀ ਹੈ। ਜਿਵੇਂ, ਲਖਪਤ ਰਾਏ ਦੁਆਰਾ ਸਿੱਖਾਂ ਨੂੰ ਫੜ੍ਹਕੇ ਸੋਮਾਵਤੀ ਮੱਸਿਆ ਵਾਲੇ ਦਿਨ ਹੀ ਨਿਖ਼ਾਸ ਮੰਡੀ ਵਾਲੀ ਥਾਂ ‘ਤੇ ਸ਼ਹੀਦ ਕੀਤਾ ਜਾਣਾ, ਲੱਖਪਤ ਰਾਏ ਨੂੰ ਇਸ ਕੰਮ ਤੋਂ ਰੋਕਣ ਲਈ ਕੌੜਾ ਮਲ, ਦੀਵਾਨ ਸੂਰਤ ਸਿੰਘ, ਲੱਛੀ ਨਰਾਇਣ ਨੇ ਦਰਖ਼ਾਸਤ ਕੀਤੀ ਜਾਣੀ ਆਦਿ। ਇਸ ਤੋਂ ਇਲਾਵਾ ਲੇਖਕ ਕੁਝ ਹੋਰ ਨਾਮ ਵੀ ਦਿੰਦਾ ਹੈ ਜਿਵੇਂ, ਕਸ਼ਮੀਰੀ ਮਲ ਖੁਰਾਣਾ, ਕੁੰਜਾਹੀ ਮਲ ਖੁਰਾਣਾ, ਦਿਲੇ ਰਾਮ, ਹਰੀ ਮੱਲ, ਬਹਿਲੂ ਮੱਲ, ਹਰੀ ਸਿੰਘ, ਗੁਲਜ਼ਾਰ ਸਿੰਘ, ਜਵਾਹਰ ਮੱਲ, ਪੰਡਤ ਸੁਰਤ ਰਾਮ ਅਤੇ ਭਾਈ ਦੇਸ ਰਾਜ ਆਦਿ। ਇਤਿਹਾਸਕਾਰ ਨਾਵਾਂ, ਥਾਵਾਂ, ਪੈਂਡਿਆਂ ਦੀ ਗਿਣਤੀ-ਮਿਣਤੀ, ਨਾਲਿਆਂ-ਦਰਿਆਵਾਂ ਦੇ ਵਹਿਣਾਂ, ਪਹਾੜਾਂ ਆਦਿ ਦੀ ਜਾਣਕਾਰੀ ਨੂੰ ਸਹਿਜੇ ਹੀ ਬਿਆਨ ਕਰ ਜਾਂਦਾ ਹੈ। ਜਿਵੇਂ;

“ਦੋ ਜੇਠ ਸੰਮਤ ੧੮੦੩ ਦਾ ਦਿਨ ਸਿੱਖ ਇਤਿਹਾਸ ਵਿਚ ਪਹਿਲਾ ਦਿਨ ਸੀ ਜਦ ਕਿਸੇ ਇਕੋ ਦਿਨ ਏਨੀ ਵੱਡੀ ਗਿਣਤੀ ਵਿਚ ਸਿੰਘ ਸ਼ਹੀਦ ਹੋਏ ਹੋਣ। ਜਦ ਲਖਪਤ ਰਾਏ ਨੇ ਲਾਹੌਰ ਤੋਂ ਸਿੰਘਾਂ ‘ਤੇ ਚੜਾਈ ਕੀਤੀ ਸੀ, ਉਸ ਵੇਲੇ ਕੋਈ ਪੰਦਰਾਂ ਕੁ ਹਜ਼ਾਰ ਸਿੰਘ ਕਾਹਨੂੰਵਾਨ ਦੇ ਛੰਭ ਵਿਚ ਸਨ। ਜੋ ਸਿੰਘ ਇਥੋਂ ਨਿਕਲ ਕੇ ਪੜੋਲ, ਕਠੂਹੇ ਤੇ ਬਸੋਹਲੀ ਦੀਆਂ ਪਹਾੜੀਆਂ ਤੇ ਫਿਰ ਇਥੋਂ ਪਿਛਾਂਹ ਨੂੰ ਹਟੇ, ਫਿਰ ਦੋ ਜੇਠ ਦੇ ਘੋਰ ਯੁੱਧ ਪਿਛੋਂ ਦੁਸ਼ਮਣ ਨੂੰ ਚੀਰ ਕੇ ਮੁੜ ਰਾਵੀ ਨੂੰ ਪਾਰ ਕਰ ਕੇ ਬਚ ਕੇ ਸ. ਸੁੱਖਾ ਸਿੰਘ ਦੇ ਜਥੇ ਨਾਲ ਮਾਲਵੇ ਵਿਚ ਪੁੱਜੇ, ਉਹ ਤਿੰਨ ਕੁ ਹਜ਼ਾਰ ਸਨ। ਕੁਝ ਥੋੜ੍ਹੇ-ਥੋੜ੍ਹੇ ਕਰਕੇ ਬਸੋਹਲੀ ਦੀਆਂ ਪਹਾੜੀਆਂ ਤੋਂ ਅੱਗੇ ਪਹਾੜੋ ਪਹਾੜ ਹੋ ਕੇ ਬਚ ਨਿਕਲੇ ਹੋਣਗੇ, ਜੋ ਬੇਸ਼ੁਮਾਰ ਕਸ਼ਟ ਸਹਾਰਦੇ ਹੋਏ ਕੀਰਤਪੁਰ ਆਣ ਪੁੱਜੇ ਸਨ। ਇਹਨਾਂ ਦੀ ਗਿਣਤੀ ਬਹੁਤੀ ਨਹੀਂ ਸੀ। ਸਾਰੇ ਮਿਲ ਮਿਲਾ ਕੇ ਪੰਜ ਕੁ ਹਜ਼ਾਰ ਦੀ ਕਰੀਬ ਹੋਣਗੇ। ਇਸ ਹਿਸਾਬ ਨਾਲ ੯-੧੦ ਹਜ਼ਾਰ ਦੇ ਕਰੀਬ ਸਿੰਘ ਇਸ ਜੰਗ ਵਿਚ ਸ਼ਹੀਦੀਆਂ ਪਾ ਚੁੱਕੇ ਸਨ।”

ਇਤਿਹਾਸਕਾਰ ਇਵੇਂ ਦੀ ਜਾਣਕਾਰੀ ਥਾਂ-ਥਾਂ ਮੁਹੱਈਆ ਕਰਵਾਉਂਦਾ ਹੋਇਆ ਕਈ ਕੁਝ ਸਹਿਜੇ ਹੀ ਪੇਸ਼ ਕਰ ਜਾਂਦਾ ਹੈ।

ਇਤਿਹਾਸਕਾਰ ਸਿੰਘਾਂ ਦੀ ਪੈਂਤੜੇਬਾਜ਼ੀ ਪ੍ਰਤੀ ਵੀ ਚੰਗੀ ਵਾਕਫ਼ੀਅਤ ਰੱਖਦਾ ਹੈ, ਉਹ ਸਿੰਘਾਂ ਦੀ ਪੈਂਤੜੇਬਾਜ਼ੀ ਦਾ ਥਾਂ ਥਾਂ ਵਰਣਨ ਕਰਦਾ ਹੈ ਅਤੇ ਸਿੰਘਾਂ ਦੇ ਮਨਸ਼ੇ ਨੂੰ ਸਾਫ ਦਰਸਾਉਂਦਾ ਹੈ, ਉਹ ਦੱਸਦਾ ਹੈ ਸਿੰਘ ਆਪਣੀਆਂ ਨਿੱਜੀ ਖੂਬੀਆਂ ਕਰਕੇ, ਆਪਣੇ ਜੰਗੀ ਜੌਹਰਾਂ ਤੇ ਦੇਸ਼ ਧਰਮ ਤੇ ਅਣਖ ਤੋਂ ਆਪਣੇ ਆਪ ਨੂੰ ਵਾਰਨ ਲਈ ਸਦਾ ਤਿਆਰ ਰਹਿਣ ਦੇ ਗੁਣਾਂ ਕਰਕੇ ਸਰਦਾਰੀ ਲਈ ਪਰਵਾਨ ਕੀਤੇ ਜਾਂਦੇ ਸਨ। ਜਦ ਕੋਈ ਜਥਾ ਬਹੁਤਾ ਭਾਰਾ ਹੋ ਜਾਂਦਾ ਤਾਂ ਜਥੇਦਾਰ ਦੀ ਆਗਿਆ ਨਾਲ ਸਿਰਕੱਢ ਸੂਰਮੇ ਆਪਣੇ ਜਥੇ ਵੱਖਰੇ ਥਾਪ ਲੈਂਦੇ। ਮੁਗਲ ਸਰਕਾਰ ਵਿਰੁੱਧ ਸਾਰਾ ਢੰਗ ਗੁਰੀਲਾ ਯੁੱਧ ਵਾਲਾ ਸੀ। ਸਿੰਘ ਵੱਡਿਆਂ ਹਥਿਆਰਾਂ ਤੋਂ ਬਿਨਾਂ ਜੰਮ ਕੇ ਨਹੀਂ ਸਨ ਲੜ ਸਕਦੇ, ਉਹਨਾਂ ਦਾ ‘ਢਾਈ ਫੱਟਾਂ’ ਵਾਲਾ ਲੜਨ-ਢੰਗ ਹੀ ਕਾਮਯਾਬ ਸੀ। ਨਿਸ਼ਾਨਾ ਇਹ ਸੀ ਕਿ ਆਪਣਾ ਘੱਟ ਤੋਂ ਘੱਟ ਨੁਕਸਾਨ ਕਰਵਾਕੇ ਦੁਸ਼ਮਣ ਦਾ ਵੱਧ ਨੁਕਸਾਨ ਕਰਨਾ ਹੈ ਅਤੇ ਨਾ ਹੀ ਉਹਨਾਂ ਨੂੰ ਟਿਕਣ ਦਿੱਤਾ ਜਾਵੇ। ਇਸਦੇ ਨਾਲ-ਨਾਲ ਆਪਣੀ ਤਾਕਤ ਵਧਾਈ ਜਾਵੇ। ਮੁਗਲ ਰਾਜ ਦੀ ਜੜ੍ਹ ਪੱਕੇ ਤੌਰ ‘ਤੇ ਪੁੱਟੀ ਜਾਵੇ। ਇਤਿਹਾਸਕਾਰ ਦੱਸਦਾ ਹੈ ਕਿ ਸਿੰਘ ਕਿਵੇਂ ਕਿਸੇ ਫੌਜ ਦੀ ਇਕ ਟੁਕੜੀ ‘ਤੇ ਹਮਲਾ ਕਰਕੇ ਭੱਜ ਜਾਂਦੇ ਸਨ, ਫੌਜ ਸਿੰਘਾਂ ਦਾ ਪਿੱਛਾ ਕਰਦੀ, ਪਰ ਉਹ ਸਿੰਘਾਂ ਦੇ ਪੈਂਤੜੇ ਤੋਂ ਅਣਜਾਣ ਸੀ। ਸਿੰਘ ਇਵੇਂ ਉਸ ਫੌਜ ਦੇ ਸਿਪਾਹੀਆਂ ਨੂੰ ਆਪਣਾ ਪਿੱਛਾ ਕਰਵਾਉਂਦੇ ਹੋਏ ਦੂਰ ਤਕ ਲੈ ਆਉਂਦੇ, ਫਿਰ ਅਚਾਨਕ ਉਸ ‘ਤੇ ਬਿਜਲੀ ਦੀ ਤਰ੍ਹਾਂ ਟੁੱਟ ਪੈਂਦੇ ਤੇ ਆਪਣੇ ਫੰਧੇ ਵਿਚ ਫਸਾ ਲੈਂਦੇ। ਇਵੇਂ ਕਰਦੇ ਕਰਦੇ ਵਿਰੋਧੀ ਫੌਜ ਦਾ ਬਹੁਤ ਜਾਨੀ-ਮਾਲੀ ਨੁਕਸਾਨ ਕਰ ਜਾਂਦੇ। ਇਕ ਜਗ੍ਹਾ ਹੋਰ ਇਤਿਹਾਸਕਾਰ ਸਿੰਘਾਂ ਦੇ ਪੈਂਤੜੇ ਦਾ ਜ਼ਿਕਰ ਕਰਦਾ ਲਿਖਦਾ ਹੈ ਕਿ;

 “ਸਿੱਖ ਸਰਦਾਰਾਂ ਮਤਾ ਪਕਾਇਆ ਕਿ ਵਹੀਰ ਨੂੰ ਅੱਗੇ ਕਰ ਘੋੜਿਆਂ ਵਾਲੇ ਸਿੰਘ ਇਨ੍ਹਾਂ ਦੇ ਪਿੱਛੇ ਤੇ ਸ਼ਤਰੂ ਸੈਨਾ ਦੇ ਮੂਹਰੇ ਹੋ ਜਾਣ। ਵਹੀਰ ਅੱਗੇ ਨੂੰ ਤੁਰੀ ਜਾਵੇ, ਘੋੜ-ਸਵਾਰ ਸਿੰਘ ਪਿੱਛੇ ਮੁੜ ਮੁੜ ਵੈਰੀ ਨਾਲ ਲੜਨ ਤੇ ਮਾਰ ਮਾਰ ਉਨ੍ਹਾਂ ਨੂੰ ਪਿੱਛੇ ਹਟਾਈ ਰੱਖਣ। ਦਾਅ ਬਚਾਅ ਫਿਰ ਅੱਗੇ ਨੂੰ ਤੁਰਨ। ਵੈਰੀ ਨੂੰ ਪਿਆਦਾ ਵਹੀਰ ਦੇ ਨਜ਼ਦੀਕ ਨਾ ਢੁਕਣ ਦੇਣ। ਇਨ੍ਹਾਂ ਛੋਟੇ ਝੱਲਾਂ ਵਿਚ ਦੁਸ਼ਮਣ ਦਾ ਕੱਸ ਪੈ ਜਾਵੇਗਾ ਤਾਂ ਸਾਨੂੰ ਖਰਾਬ ਕਰਨਗੇ। ਇਸ ਲਈ ਇਨ੍ਹਾਂ ‘ਚੋਂ ਛੇਤੀ ਨਿਕਲ ਜਾਣਾ ਚਾਹੀਦਾ ਹੈ। ਇਕ ਵਾਰ ਵੱਡੇ ਝੱਲਾਂ ਵਿਚ ਜਾ ਵੜੇ ਤਾਂ ਮਾਰ ਮਾਰ ਵੈਰੀਆਂ ਨੂੰ ਸੁਰਤ ਭੁਲਾ ਦਿਆਂਗੇ।”

ਇਤਿਹਾਸਕਾਰ ਸਿੰਘਾਂ ਦੀ ਮਜ਼ਬੂਤੀ ਦੇ ਪੱਖਾਂ ਨੂੰ ਲਿਖਦਾ ਹੋਇਆ ਦੱਸਦਾ ਹੈ ਕਿ ਸਿੰਘਾਂ ਲਈ ਜੰਗਲ-ਬੇਲਿਆਂ ਵਾਲੀਆਂ ਥਾਂਵਾਂ ਹੰਢੀਆਂ ਪਰਖੀਆਂ ਸਨ, ਜਿਹਨਾਂ ਦੇ ਭੇਤੀ ਹੋਣ ਕਰਕੇ ਉਹ ਹੱਥ ਨਾ ਆਉਂਦੇ। ਉਹ ਸਿੰਘਾਂ ਦੇ ਰਹਿਣ-ਸਹਿਣ, ਖਾਣ-ਪੀਣ, ਜ਼ਮੀਨੀ ਰਾਹਾਂ ਦੀ ਸਮਝ ਅਤੇ ਆਉਣ ਵਾਲੀਆਂ ਮੁਸ਼ਕਲਾਂ ਆਦਿ ਨੂੰ ਇਵੇਂ ਪੇਸ਼ ਕਰਦਾ ਹੈ ਜਿਵੇਂ ਲੇਖਕ ਨੇ ਉਹ ਹੱਢੀਂ ਹੰਢਾਇਆ ਹੋਵੇ ਅਤੇ ਜਿਵੇਂ ਖੁਦ ਸਿੰਘਾਂ ਦੇ ਰਾਹ ਥਾਣੀਂ ਗੁਜ਼ਰਿਆ ਹੋਵੇ। ਇਹ ਸਹੀ ਹੈ ਕਿ ਲੇਖਕ ਨੇ ਪੁਸਤਕ ਦੀ ਰਚਨਾ ਕਰਦਿਆਂ ਉਹਨਾਂ ਰਾਹਾਂ ਨੂੰ ਛਾਣਿਆਂ ਹੈ ਜਿਹਨਾਂ ਰਾਹਾਂ ਤੋਂ ਸਿੰਘ ਗੁਜ਼ਰੇ ਸਨ, ਜਿਹਨਾਂ ਥਾਵਾਂ ‘ਤੇ ਸਿੰਘ ਲੜੇ ਭਿੜੇ ਅਤੇ ਆਪਣੀਆਂ ਕੀਮਤੀ ਜਾਨਾਂ ਨਿਛਾਵਰ ਕਰ ਗਏ। ਇਤਿਹਾਸਕਾਰ ਧਰਾਤਲੀ ਮੁਸ਼ਕਿਲਾਂ ਨੂੰ ਪੇਸ਼ ਕਰਦਾ ਹੋਇਆ ਸਮਕਾਲੀ ਸਥਿਤੀਆਂ ਨੂੰ ਸਨਮੁੱਖ ਰੱਖਕੇ ਉਸ ਘਟਨਾ ਅਤੇ ਸਥਾਨ ਦਾ ਚਿੱਤਰ ਬਾਖੂਬੀ ਖਿੱਚਦਾ ਹੈ। ਇਹ ਇਤਿਹਾਸਕਾਰ ਦੀ ਖਾਸੀਅਤ ਹੈ ਕਿ ਉਹ ਹਰ ਪੱਖ ਨੂੰ ਲਿਖਤ ਵਿਚ ਉਤਾਰਦਾ ਹੈ। ਇਤਿਹਾਸਕਾਰ ਝੱਲਾਂ ਦਾ ਦ੍ਰਿਸ਼, ਦਰਿਆ ਦੀ ਤਪਦੀ ਰੇਤ, ਉਸ ਸਮੇਂ ਦਾ ਮੌਸਮੀ ਮਿਜਾਜ਼ ਆਦਿ ਪੱਖਾਂ ਨੂੰ ਬਿਆਨ ਕਰਦਾ ਹੈ। ਇਸ ਤੋਂ ਇਲਾਵਾ ਇਤਿਹਾਸਕਾਰ ਸਿੰਘਾਂ ਦੀ ਸਰੀਰਕ ਹਾਲਤ ਅਤੇ ਉਹਨਾਂ ਦੇ ਲਿਬਾਸ ਦਾ ਵੀ ਜ਼ਿਕਰ ਕਰਦਾ ਹੈ ਕਿ ਉਹਨਾਂ ਦਾ ਲਿਬਾਸ ਬੀਆਬਾਨ ਜੰਗਲਾਂ ਵਿਚ ਗੁਜ਼ਰਦਿਆਂ ਕਿਸ ਹਾਲਤ ਵਿਚ ਹੋ ਸਕਦਾ ਹੈ। ਇਤਿਹਾਸਕਾਰ ਸਿੱਖਾਂ ਦੇ ਕਿਰਦਾਰ, ਕਰਤਬ, ਸਿਰੜ ਅਤੇ ਕਸ਼ਟਾਂ ਦੀ ਪੇਸ਼ਕਾਰੀ ਵੀ ਨਾਲੋ ਨਾਲ ਕਰਦਾ ਹੈ। ਸਿੱਖਾਂ ਦੇ ਉੱਚ ਕਿਰਦਾਰ ਬਾਰੇ ਲਿਖਦਾ ਹੈ ਕਿ;

“ਬਹੁਤ ਸਾਰੇ ਆਮ ਮੁਸਲਮਾਨ ਸਿੱਖਾਂ ਦਾ ਵਿਰੋਧ ਨਹੀਂ ਸਨ ਕਰਦੇ ਸਗੋਂ ਮਾਰੀ ਦਿਆਂ ਨੂੰ ਕਰਨਾ ਪੈਂਦਾ ਸੀ। ਸਿੱਖਾਂ ਦਾ ਵੀ ਕਿਰਦਾਰ ਇਹੋ ਜਿਹਾ ਸੀ ਕਿ ਉਹਨਾਂ ਕਦੇ ਵੀ ਇਸਲਾਮ ਦਾ ਵਿਰੋਧ ਨਹੀਂ ਸੀ ਕੀਤਾ, ਅਤੇ ਨਾ ਹੀ ਸਿੱਖਾਂ ਨੇ ਆਮ ਮੁਸਲਮਾਨਾਂ ਨੂੰ ਕਦੇ ਮਾਰਿਆ ਸੀ। ਇਕ ਸੱਚੇ ਸਿੱਖ ਦਾ ਕਦੇ ਵੀ ਕਿਸੇ ਨਾਲ ਧਾਰਮਿਕ ਜਾਂ ਜ਼ਾਤੀ ਮਸਲਾ ਨਹੀਂ ਸੀ, ਉਹਨਾਂ ਦਾ ਵਿਰੋਧ ਸਿਰਫ ਜ਼ੁਲਮੀ ਹਕੂਮਤ ਦੇ ਖਿਲਾਫ ਸੀ। ਜੇ ਬਘੇਲ ਸਿੰਘ ੧੭੮੯ ਵਿਚ ਦਿੱਲੀ ਫ਼ਤਹਿ ਕਰ ਲੈਣ ਤੋਂ ਪਿਛੋਂ ਦਿੱਲੀ ਦਾ ਕਤਲੇਆਮ ਕਰਵਾਉਣਾ ਚਾਹੁੰਦਾ ਤਾਂ ਉਸ ਨੂੰ ਕੌਣ ਰੋਕ ਸਕਦਾ ਸੀ।”

ਇਤਿਹਾਸਕਾਰ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਸਿੱਖ ਕਿਸੇ ਦੇ ਧਾਰਮਿਕ ਵਿਰੋਧੀ ਨਹੀਂ ਸਨ, ਉਹ ਆਪਣੇ ਕਿਰਦਾਰ ਅਤੇ ਇਰਾਦੇ ਦੇ ਪੱਕੇ ਸਨ। ਉਹ ਲਿਖਦਾ ਹੈ ਕਿ ਸਿੱਖ ਆਪਣੇ ਘਰੇਲੂ ਦੁਸ਼ਮਣਾਂ ਤੋਂ ਵੀ ਪੂਰੀ ਤਰ੍ਹਾਂ ਵਾਕਿਫ਼ ਸਨ, ਉਹ ਹਮੇਸ਼ਾ ਦੁਸ਼ਮਣ ਦੀ ਤਾਕ ਰੱਖਦੇ ਅਤੇ ਸਹੀ ਸਮਾਂ ਆਉਣ ‘ਤੇ ਸੋਧਾ ਲਾਉਂਦੇ ਤੇ ਅਗਲੇ ਜਹਾਨ ਵਿਚ ਭੇਜ ਕੇ ਹੀ ਸਾਹ ਲੈਂਦੇ ਸਨ। ਸਿੰਘਾਂ ਇਹ ਗੁਰਮਤਾ ਕੀਤਾ ਹੋਇਆ ਸੀ ਕਿ ਮੁਖ਼ਬਰਾਂ ਅਤੇ ਸਰਕਾਰੀ ਸਹਾਇਕਾਂ ਨੂੰ ਸੋਧਣਾ ਹੈ। ਸਿੰਘਾਂ ਨੇ ਨੌਸ਼ਹਿਰੇ ਢਾਲੇ ਵਾਲੇ ਸਾਹਿਬ ਰਾਏ, ਰਾਮਾ ਰੰਧਾਵਾ, ਕਰਮਾ ਛੀਨਾ ਨੂੰ ਅਗਲ ਜਹਾਨੇ ਭੇਜਿਆ। ਇਸਤੋਂ ਇਲਾਵਾ ਕਾਜ਼ੀ ਫ਼ਜ਼ਲ, ਅਹਿਮਦ ਖ਼ਾਨ, ਸ਼ਮਸ਼ੇਰ ਖ਼ਾਨ ਖੋਖਰ ਆਦਿ ਮੁਖ਼ਬਰ ਅਤੇ ਛੋਟੇ-ਮੋਟੇ ਚੌਧਰੀ ਤਲਵਾਰ ਦੇ ਘਾਟ ਉਤਾਰੇ।

ਇਤਿਹਾਸਕਾਰ ਸਿੰਘਾਂ ਦੇ ਕਸ਼ਟਾਂ, ਕਰਤਬਾਂ, ਚੜ੍ਹਦੀ ਕਲਾ ਵਾਲੇ ਰੌਂ ਅਤੇ ਬੁਲੰਦ ਹੌਸਲਿਆਂ ਨੂੰ ਅੰਦਰੋਂ ਭਿੱਜ ਕੇ ਕਲਮ ਰਾਹੀਂ ਪਰੌਂਦਾ ਹੈ। ਜਿਵੇਂ ਉਹ ਸਿੰਘਾਂ ਦਾ ਵਾਰ-ਵਾਰ ਘੇਰੇ ਚੋਂ ਨਿਕਲਣਾ, ਫੱਟ ਖਾਣੇ ਅਤੇ ਹਥਿਆਰਾਂ ਦੀ ਮੁਰੰਮਤ ਕਰਨ ਦਾ ਵੀ ਸਮਾਂ ਨਾ ਹੋਣ ਵਾਲੇ ਦ੍ਰਿਸ਼ ਦੀ ਪੇਸ਼ਕਾਰੀ ਕਰਦਾ ਹੈ ਉਹ ਸਿੰਘਾਂ ਦੇ ਜੁਝਾਰੂਪਨ ਦੀ ਸੱਚੀ ਤਸਵੀਰ ਹੈ;

“ਖੁੰਢੀਆਂ ਕਿਰਪਾਨਾਂ, ਬਹੁਤੀਆਂ ਟੁੱਟੀਆਂ ਕਮਾਨਾਂ, ਤੀਰਾਂ ਤੋਂ ਸੱਖਣੇ ਭੱਥੇ ਤੇ ਟੁੱਟੇ ਭੱਜੇ ਨੇਜ਼ੇ, ਵਿਰਲੇ ਘੋੜੇ, ਬਹੁਤੇ ਪੈਦਲ, ਫੱਟੜਾਂ ਜਾਂ ਘਾਇਲਾਂ ਦਾ ਕੋਈ ਪ੍ਰਬੰਧ ਨਹੀਂ, ਮਲ੍ਹਮ ਨਾ ਪੱਟੀ, ਕਈ ਕਈ ਦਿਨਾਂ ਦੇ ਭੁੱਖਣ ਭਾਣੇ, ਘੋੜਿਆਂ ਦੇ ਵੀ ਭੁੱਖ ਨਾਲ ਲੱਕੇ ਵੱਜੇ ਹੋਏ, ਚੁਫੇਰੇ ਮੌਤ ਦਾ ਨੰਗਾ ਨਾਚ, ਸੜ ਰਹੇ ਜੰਗਲਾਂ ਝਲਾਂ ਵਿਚ ਕਿਤੇ ਪੈਰ ਧਰਨ ਨੂੰ ਵੀ ਥਾਂ ਨਹੀਂ। ਇਹ ਹਾਲਤ ਹੈ ਉਨ੍ਹਾਂ ਸਿੰਘਾਂ ਸੂਰਮਿਆਂ ਦੀ ਜੋ ਅਕਾਲ ਪੁਰਖ ਦਾ ਭਰੋਸਾ ਰੱਖ ਕੇ ਮੌਤ ਨੂੰ ਟਿੱਚਰਾਂ ਕਰਦੇ ਕਹਿੰਦੇ ਹਨ ਚੜ੍ਹਦੀ ਕਲਾ ਵਿਚ ਹਾਂ।”

ਇਤਿਹਾਸਕਾਰ ਅਠ੍ਹਾਰਵੀਂ ਸਦੀ ਦੇ ਸਿੱਖਾਂ ਦੇ ਦਲੇਰਾਨਾ ਫੈਸਲਿਆਂ, ਜਜ਼ਬੇ ਅਤੇ ਕੁਰਬਾਨੀਆਂ ਨਾਲ ਪੂਰਨ ਨਿਆਂ ਕਰਦਾ ਹੈ। ਉਹ ਸਿੰਘਾਂ ਦੇ ਉਚ ਕਿਰਦਾਰ ਨੂੰ ਲੋਕਾਈ ਅੱਗੇ ਰੱਖਦਾ ਹੈ ਅਤੇ ਕੌਮ ਨੂੰ ਤਾਜ਼ਾ ਦਮ ਕਰਨ ਦਾ ਪੂਰਾ ਹੀਲਾ ਕਰਦਾ ਹੈ। ਇਤਿਹਾਸਕਾਰ ਨੇ ਜ਼ਰੂਰ ਉਹਨਾਂ ਝੱਲਾਂ ਵਿਚ ਜਾ ਕੇ ਉਹ ਕੁਝ ਮਹਿਸੂਸ ਕੀਤਾ ਹੋਵੇਗਾ ਜੋ ਉਸਨੇ ਆਪਣੀ ਲਿਖਤ ਵਿਚ ਉਤਾਰਿਆ। ਜਿਵੇਂ ਉਹ ਝੱਲਾਂ ਵਿਚ ਬੈਠੇ ਸਿੱਖਾਂ ‘ਤੇ ਲਖਪਤ ਵੱਲੋਂ ਕੀਤੇ ਹਮਲੇ ਨੂੰ ਪੇਸ਼ ਕਰਦਾ ਹੋਇਆ ਲਿਖਦਾ ਹੈ;

“ਲਖਪਤ ਰਾਏ ਨੇ ਖਿੱਝ ਕੇ ਝੱਲਾਂ ਨੂੰ ਅੱਗ ਲਗਵਾ ਕੇ ਸਾੜਨਾ ਸ਼ੁਰੂ ਕਰ ਦਿੱਤਾ ਅਤੇ ਸਾਰੇ ਪਾਸਿਆਂ ਤੋਂ ਤੋਪਾਂ ਮਾਰ-ਮਾਰ ਕੇ ਸਿੰਘਾਂ ਨੂੰ ਅੰਦਰੇ ਹੀ ਭੁੰਨਣਾ ਆਰੰਭ ਦਿੱਤਾ। ਜੋ ਸ਼ਹੀਦ ਹੋ ਗਏ, ਉਹ ਮੁਕਤ ਹੋ ਗਏ, ਪਰ ਫੱਟੜਾਂ ਦਾ ਤਾਂ ਬੁਰਾ ਹੀ ਹਾਲ ਸੀ। ਮੱਲ੍ਹਮ ਨਾ ਪੱਟੀ, ਨਾ-ਕੋਈ ਫਟ-ਬੰਨ੍ਹ, ਨਾ ਡਿੱਗਿਆਂ ਦੀ ਸੇਵਾ-ਸੰਭਾਲ ਦਾ ਕੋਈ ਪ੍ਰਬੰਧ। ਉਤੋਂ ਛੰਭ ਦਾ ਮੱਛਰ ਤੇ ਜੋਕਾਂ, ਖਾਣ-ਪੀਣ ਨੂੰ ਵੀ ਕੁਝ ਵੀ ਨਾ ਲੱਭੇ। ਪਰ ਫਿਰ ਵੀ ਸਿੰਘ ਆਪਣੇ ਹੱਠ ਦੇ ਪੱਕੇ ਸਨ ਅਤੇ ਦੁਸ਼ਮਣਾਂ ਨਾਲ ਮੱਥਾ ਲਾਈ ਰੱਖਿਆ। ਲਖਪਤ ਨੇ ਢੰਡੋਰਾ ਦੇ ਕੇ ਬਹੁਤ ਲਾਲਚ ਵੀ ਦਿੱਤੇ ਪਰ ਸਿੰਘ ਆਪਣੇ ਅਕੀਦੇ ਦੇ ਪੱਕੇ ਸਨ। ਅਜਿਹੀ ਸਥਿਤੀ ਵਿਚ ਵੀ ਸਿੰਘਾਂ ਨੇ ਗੁਰੂ ਦਾ ਆਸਰਾ ਲੈ ਕੇ ਗੁਰਮਤਾ ਕੀਤਾ ਅਤੇ ਇਸ ਬਿਪਤਾ ਤੋਂ ਨਿਕਲਣ ਦੀ ਵਿਉਂਤ ਬਣਾਈ, ਜੋ ਕਾਰਗਰ ਵੀ ਹੋਈ। ਸਿੰਘਾਂ ਦੇ ਇਕ ਜਥੇ ਨੇ ਦੁਸ਼ਮਣਾਂ ਦਾ ਆਪਣੇ ਵੱਲ ਧਿਆਨ ਖਿੱਚਿਆ ਤਾਂ ਜੋ ਦੂਸਰਾ ਜਥਾ ਅਸਾਨੀ ਨਾਲ ਬਚਕੇ ਨਿਕਲ ਸਕੇ। ਸਿੰਘਾਂ ਦਾ ਹੌਸਲਾ ਵੇਖੋ ਕਿ ਗੁਰਮਤਾ ਕਰਕੇ ਆਰਾਮ ਕਰ ਰਹੀ ਦੁਸ਼ਮਣ ਫੌਜ ‘ਤੇ ਹਮਲਾ ਕਰਨ ਦੀ ਵਿਉਂਤ ਬਣਾਈ। ਸਿੰਘਾਂ ਪਹਿਰ ਰਾਤ ਗਈ ਨੂੰ ਜੋਰਦਾਰ ਹਮਲਾ ਕੀਤਾ, ਜਿਸ ਨਾਲ ਵੈਰੀ ਦਲ ਵਿਚ ਭਗਦੜ ਮੱਚ ਗਈ। ਸਿੰਘ ਘੋੜੇ ਅਤੇ ਹੋਰ ਸਾਮਾਨ ਖੋਹਕੇ ਤੂਫਾਨ ਦੀ ਤਰ੍ਹਾਂ ਆਏ ਤੇ ਤੂਫਾਨ ਦੀ ਤਰ੍ਹਾਂ ਨਿਕਲ ਗਏ। ਸਿੰਘਾਂ ਲਈ ਹਾਲਾਤ ਫਿਰ ਵੀ ਸੁਖਾਵੇਂ ਨਹੀਂ ਸਨ। ਪਿੱਛੇ ਲਖਪਤ ਰਾਏ ਅਤੇ ਅੱਗੇ ਪਹਾੜੀਏ ਬੰਦੂਕਾਂ ਤਾਣਕੇ ਖੜ੍ਹੇ ਸਨ। ਸਿੰਘਾਂ ਫਿਰ ਵੀ ਗੁਰਮਤਾ ਕੀਤਾ ਕਿ ਜੋ ਪਹਾੜੀਆਂ ਨਾਲ ਜੂਝਦਾ ਹੋਇਆ ਨਿਕਲ ਸਕਦਾ ਹੈ ਨਿਕਲ ਜਾਵੇ, ਜੋ ਲਖਪਤ ਰਾਏ ਨਾਲ ਜੂਝਕੇ, ਰਾਵੀ ਪਾਰ ਕਰਕੇ ਰਿਆੜਕੀ, ਮਾਝੇ, ਦੁਆਬੇ ਦੇ ਖੇਤਰ ਵਿਚ ਜਾਣਾ ਚਾਹਵੇ ਤਾਂ ਉਹ ਇਸ ਰਸਤੇ ਨੂੰ ਚੁਣ ਸਕਦਾ ਹੈ। ਸਿੰਘ ਭਾਰੀ ਤੋਂ ਭਾਰੀ ਮੁਸੀਬਤ ਵਿਚ ਵੀ ਗੁਰਮਤਾ ਕਰਦੇ ਅਤੇ ਪੂਰੀ ਸੂਝ-ਬੂਝ ਵਰਤਦੇ ਸਨ। ਪਰ ਪਿਛਾਂਹ ਫਿਰ ਦੁਸ਼ਮਣ ਫੌਜਾਂ ਰਾਹ ਰੋਕੀ ਖੜ੍ਹੀਆਂ ਸਨ। ਸਿੰਘਾਂ ਕੋਲ ਐਨਾ ਵੀ ਸਮਾਂ ਨਹੀਂ ਸੀ ਕਿ ਖੁੰਡੀਆਂ ਹੋ ਚੁੱਕੀਆਂ ਕਿਰਪਾਨਾਂ, ਨੇਜ਼ਿਆਂ ਅਤੇ ਕਮਾਨਾਂ ਦੀ ਮੁਰੰਮਤ ਕਰ ਸਕੀਏ। ਪਰ ਸਿੰਘਾਂ ਦੇ ਹੌਸਲੇ ਬੁਲੰਦ ਸਨ ਅਤੇ ਵੈਰੀ ਦਲ ’ਤੇ ਬਿਜਲੀ ਦੀ ਤਰ੍ਹਾਂ ਟੁੱਟਕੇ ਪੈ ਗਏ। ਸਿੰਘ ਐਨੇ ਜੋਸ਼ ਨਾਲ ਲੜੇ ਕਿ ਵੈਰੀ ਦਲ ਵਿਚ ਭਗਦੜ ਮੱਚ ਗਈ।”

ਇਤਿਹਾਸਕਾਰ ਬਹੁਤ ਬੇਬਾਕੀ ਨਾਲ ਸਿੰਘਾਂ ਦੇ ਹਾਲਾਤ, ਫੈਸਲਿਆਂ ਦੀ ਸੂਝ, ਗੁਰੂ ਭਰੋਸਾ ਅਤੇ ਵੈਰੀ ਦਲਾਂ ਦੀਆਂ ਨੀਚ ਹਰਕਤਾਂ ਨੂੰ ਬਿਆਨਦਾ ਹੈ। ਅਜਿਹੇ ਔਖੇ ਹਾਲਾਤਾਂ ਵਿਚ ਵੀ ਸਿੰਘ ਅਕਾਲ ਪੁਰਖ ਦੇ ਭਰੋਸੇ ਬਚ ਨਿਕਲਦੇ ਹਨ, ਬਚ ਹੀ ਨਹੀਂ ਨਿਕਲਦੇ ਸਗੋਂ ਪੂਰੇ ਜੋਸ਼ ਨਾਲ ਲਖਪਤ ਰਾਏ ਦੀ ਫੌਜ ‘ਤੇ ਹਮਲਾ ਕਰਨ ਦਾ ਗੁਰਮਤਾ ਕਰਦੇ ਹਨ। ਅਗਵਾਈ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਕਰਦੇ ਹਨ। ਇਕ ਜੋਰਦਾਰ ਹੱਲਾ ਲਖਪਤ ਰਾਏ ‘ਤੇ ਕੀਤਾ ਜਾਂਦਾ ਹੈ, ਭਾਈ ਸੁੱਖਾ ਸਿੰਘ ਲਖਪਤ ਰਾਏ ਨੂੰ ਵੰਗਾਰਦਾ ਹੈ “ਕਰਾੜਾ! ਜੇ ਪਿਉ ਆਪਣੇ ਦਾ ਪੁੱਤ ਹੈਂ ਤਾਂ ਹੁਣ ਨੱਠੀਂ ਨਾ। ਭਾਈ ਸੁੱਖਾ ਸਿੰਘ ਲਖਪਤ ਰਾਏ ਦੇ ਨੇੜੇ ਪਹੁੰਚਦੇ ਹਨ ਪਰ ਲਖਪਤ ਰਾਏ ਜਾਨ ਜਾਂਦੀ ਵੇਖਕੇ ਹਾਥੀ ਤੋਂ ਉਤਰ ਕੇ ਘੋੜੇ ‘ਤੇ ਬੈਠਕੇ ਭੱਜ ਜਾਂਦਾ ਹੈ। ਬਦਕਿਸਮਤੀ ਨਾਲ ਜ਼ੰਬੂਰੇ ਦਾ ਗੋਲਾ ਭਾਈ ਸੁੱਖਾ ਸਿੰਘ ਜੀ ਦੀ ਲੱਤ ‘ਤੇ ਵੱਜਦਾ ਹੈ, ਜਿਸ ਨਾਲ ਲੱਤ ਟੁੱਟ ਜਾਂਦੀ ਹੈ। ਪਰ ਉਹ ਫਿਰ ਵੀ ਪਿੱਛੇ ਨਹੀਂ ਹਟ ਦੇ, ਆਪਣੀ ਲੱਤ ਹੰਨੇ ਨਾਲ ਬੰਨ੍ਹਕੇ ਫਿਰ ਯੁੱਧ ਵਿਚ ਡੱਟ ਜਾਂਦੇ ਹਨ। ਲਗਪਗ ਪੰਜਵੇਂ ਦਿਨ ਬਾਅਦ ਆਪਣੀ ਟੁੱਟੀ ਹੋਈ ਲੱਤ ਨੂੰ ਹੰਨੇ ਨਾਲੋਂ ਖੋਲ੍ਹਦੇ ਹਨ। ਇਸ ਮੁਹਿੰਮ ਦੌਰਾਨ ਸ. ਜੱਸਾ ਸਿੰਘ ਆਹਲੂਵਾਲੀਆ, ਸ. ਚੜ੍ਹਤ ਸਿੰਘ, ਸ. ਗੁਰਦਿਆਲ ਸਿੰਘ ਡੱਲੇਵਾਲੀਆ, ਬਾਬਾ ਦੀਪ ਸਿੰਘ ਜੀ ਸ਼ਹੀਦ ਆਦਿ ਸਿੰਘ ਸ਼ਾਮਿਲ ਸਨ। ਇਹ ਇਕ ਐਸਾ ਦਲੇਰੀ ਭਰਿਆ ਸਿੰਘਾਂ ਦਾ ਕਾਰਨਾਮਾ ਸੀ, ਜਿਸ ਦੀ ਵੈਰੀ ਦਲ ਤਵੱਕੋਂ ਵੀ ਨਹੀਂ ਸੀ ਰੱਖਦਾ। ਇਸ ਸਿੰਘਾਂ ਦੇ ਅਚਾਨਕ ਕੀਤੇ ਹਮਲੇ ਨੇ ਲਖਪਤ ਰਾਏ ਦੇ ਪੁੱਤਰ ਹਰਭੱਜ ਰਾਏ, ਨਵਾਬ ਯਾਹੀਆ ਖਾਨ ਦੇ ਪੁੱਤਰ ਨਾਹਰ ਖ਼ਾਨ, ਸੈਫ਼ ਅਲੀ ਫ਼ੌਜਦਾਰ, ਨਵਾਬ ਕਰਮ ਬਖ਼ਸ਼ ਅਤੇ ਮਿਰਜ਼ਾ ਹਿੰਮਤ ਬੇਗ ਆਦਿ ਵੈਰੀ ਦਲ ਦੇ ਸਿਰਕੱਢ ਸੂਰਮਿਆਂ ਨੂੰ ਅਗਲੇ ਜਹਾਨ ਵਿਚ ਪਹੁੰਚਾਇਆ। ਸਿੰਘ ਇਹ ਕਰਤੱਬ ਕਰਨ ਉਪਰੰਤ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ। ਅਜਿਹੇ ਉੱਚ ਕਿਰਦਾਰ ਸਨ ਸਿੰਘਾਂ ਦੇ ਜੋ ਹਰ ਹਾਲਾਤ ਵਿਚ ਅਕਾਲ ਪੁਰਖ ਨੂੰ ਆਪਣੇ ਅੰਗ-ਸੰਗ ਜਾਣਦੇ ਸਨ। ਹਾਲਾਤ ਕਿੰਨੇ ਵੀ ਬਦ ਤੋਂ ਬਦਤਰ ਹੋਵਣ, ਪਰ ਸਿੰਘਾਂ ਦੇ ਹੌਸਲੇ ਹਮੇਸ਼ਾ ਬੁਲੰਦ ਸਨ।”

ਇਤਿਹਾਸਕਾਰ ਛੋਟੇ ਘੱਲੂਘਾਰੇ ਦੌਰਾਨ ਸਿੱਖਾਂ ਦਾ ਵੱਡਾ ਜਿਗਰਾ ਦਿਖਾਉਂਦਾ ਹੋਇਆ ਲਿਖਦਾ ਹੈ ਕਿ ਸਿੱਖ ਅੰਦਰੂਨੀ ਤੌਰ ‘ਤੇ ਕਿੰਨੇ ਮਜ਼ਬੂਤ ਹੋਣਗੇ ਜਿਥੇ ਇਕ ਪਾਸੇ ਤਾਂ ਹਿੰਦੁਸਤਾਨ ਦੀ ਮੁਗ਼ਲ ਬਾਦਸ਼ਾਹੀ ਫ਼ੌਜ ਹੈ, ਜੋ ਹਰ ਤਰ੍ਹਾਂ ਲੈਸ ਹੈ ਤੇ ਦੁਜੇ ਪਾਸੇ ਟਾਕਰੇ ‘ਤੇ ਨੰਗਿਆਂ ਪਿੰਡਿਆਂ ਵਾਲੇ ਉਹ ਵੀ ਸੌ ਸੌ ਨੂੰ ਇਕ ਇਕ ਆਵੇ। ਖੁੰਢੀਆਂ ਕਿਰਪਾਨਾਂ, ਬਹੁਤੀਆਂ ਟੁੱਟੀਆਂ ਕਮਾਨਾਂ, ਤੀਰਾਂ ਤੋਂ ਸੱਖਣੇ ਭੱਥੇ ਤੇ ਟੁੱਟੇ ਨੇਜ਼ਿਆਂ ਵਾਲੇ ਸਿੱਖ  ਹਨ। ਸਿੰਘਾਂ ਦੇ ਪੈਰਾਂ ਵਿਚ ਜੁੱਤੇ ਵੀ ਨਹੀਂ ਸਨ ਪਰ ਫਿਰ ਵੀ ਉਹਨਾਂ ਦੇ ਹੌਸਲੇ ‘ਤੇ ਗੁਰੂ ਦੀ ਬਾਣੀ ਦਾ ਪ੍ਰਕਾਸ਼ ਹੀ ਹੋ ਸਕਦਾ ਹੈ। ਇਹ ਬਾਣੀ ਦਾ ਹੀ ਅਸਰ ਸੀ ਕਿ ਵਿਲੱਖਣ ਇਤਿਹਾਸ ਸਿਰਜਿਆ ਜਾ ਰਿਹਾ ਸੀ।

ਇਤਿਹਾਸਕਾਰ ਇਕ ਐਸੇ ਦੌਰ ਅਤੇ ਮੁਸੀਬਤਾਂ ਭਰੇ ਸਮੇਂ ਨੂੰ ਕਲਮ ਬੱਧ ਕਰਦਾ ਹੈ, ਜਿਸਨੂੰ ਸਿੱਖਾਂ ਦੇ ਸੰਘਰਸ਼ ਦਾ ਸੁਨਿਹਰੀ ਦੌਰ ਕਿਹਾ ਜਾ ਸਕਦਾ ਹੈ, ਜਦ ਖਾਲਸਾ ਰਾਜ ਦੀਆਂ ਜੜ੍ਹਾਂ ਲਗ ਰਹੀਆਂ ਸਨ। ਅਜਿਹੇ ਅਨੇਕ ਸਿੰਘਾਂ ਦੇ ਕੌਤਕ ਅਤੇ ਕਸ਼ਟ ਭਰੀ ਦਾਸਤਾਨ ਨੂੰ ਇਤਿਹਾਸਕਾਰ ਨੇ ਰੂਹ ਨਾਲ ਲਿਖਿਆ ਹੈ। ਇਵੇਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸਭ ਕੁਝ ਸਾਹਮਣੇ ਵਾਪਰ ਰਿਹਾ ਹੋਵੇ। ਲੇਖਕ ਨੇ ਸਿੰਘਾਂ ਦੀ ਸੂਝ ਅਤੇ ਨਿਰਭੈਅਤਾ ਨੂੰ ਬਾਖੂਬੀ ਪੇਸ਼ ਕੀਤਾ ਹੈ। ਇਹ ਐਸੇ ਇਤਿਹਾਸਕ ਵਰਤਾਰੇ ਹਨ, ਜਿਹਨਾਂ ਦੀ ਖੂਬਸੂਰਤੀ ਨਾਲ ਪੇਸ਼ਕਾਰੀ ਕੀਤੀ ਗਈ ਹੈ। ਲੇਖਕ ਨੇ ਜਿਸ ਸ਼ਿੱਦਤ ਨਾਲ ਸਿੰਘਾਂ ਦੇ ਹਾਲ ਨੂੰ ਬਿਆਨ ਕੀਤਾ, ਉਹ ਲੇਖਕ ਦੀ ਸੱਚੀ ਭਾਵਨਾ ਨੂੰ ਪੇਸ਼ ਕਰਦਾ ਹੈ। ਜਿਸ ਕਸ਼ਟ ਅਤੇ ਪੀੜ ਨੂੰ ਸਿੰਘਾਂ ਨੇ ਹੰਢਾਇਆ, ਉਹ ਬਿਆਨ ਕਰਨਾ ਕਿਸੇ ਸੱਚੇ ਸਿੱਖ ਦੀ ਹੀ ਭਾਵਨਾ ਹੋ ਸਕਦੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਤਿਹਾਸ, ਇਤਿਹਾਸਕਾਰੀ ਅਤੇ ਇਤਿਹਾਸ-ਦਰਸ਼ਨ ਇਕੋ ਧਾਰਾ ਵਿਚੋਂ ਨਿਕਲੇ ਹੋਏ ਅਲੱਗ-ਅਲੱਗ ਪ੍ਰਬੰਧ ਹਨ। ਇਹਨਾਂ ਤਿੰਨੋਂ ਪ੍ਰਬੰਧਾਂ ਵਿਚ ਮੁੱਖ ਕੜੀ ਦਾ ਕਾਰਜ ਇਤਿਹਾਸਕਾਰ ਹੀ ਕਰਦਾ ਹੈ। ਇਤਿਹਾਸਕਾਰ ਲਈ ਇਹਨਾਂ ਤਿੰਨਾਂ ਸੰਕਲਪਾਂ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: