ਅੰਮ੍ਰਿਤਸਰ, ਪੰਜਾਬ: ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਲਈ ਸੰਘਰਸ ਕਰ ਰਹੀਆਂ ਜੱਥੇਬੰਦੀਆ ਨੇ ਕਿਹਾ ਹੈ ਕਿ ਪੀਲੀ ਭੀਤ ਝੂਠੇ ਮੁਕਾਬਲੇ ਵਿੱਚ ਪੀੜਤ ਪਰਿਵਾਰਾਂ ਨੂੰ ਭਾਂਵੇ ਮਹਿੰਗਾ ਮੁੱਲ ਤਾਰਨਾ ਪਿਆ ਹੈ ਪਰ ਫਿਰ ਵੀ ਜਸਟਿਸ ਲੱਲੂ ਸਿੰਘ ਵੱਲੋਂ ਸਿੱਖਾਂ ਨੂੰ ਝੂਠੇ ਮੁਕਬਲੇ ਵਿਚ ਮਾਰਨ ਵਾਲੇ ਪੁਲਿਸ ਵਾਲਿਆਂ ਨੂੰ ਦੋਸ਼ੀ ਐਲਾਨਣਾਂ ਸ਼ਲਾਘਾਯੋਗ ਹੈ।
ਇਸ ਫੈਸਲੇ ਨੇ ਸਾਬਿਤ ਕੀਤਾ ਹੈ ਕਿ ਕਿਵੇਂ 1990ਵਿਆਂ ਦੌਰਾਨ ਸਿੱਖਾਂ ਖਿਲਾਫ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆ ਵਿੱਚ ਜੰਗਲ ਦਾ ਰਾਜ ਚੱਲਦਾ ਰਿਹਾ ਹੈ।
ਅੱਜ ਇੱਥੇ ਖਾਲੜਾ ਮਿਸ਼ਨ ਦੀ ਸਰਪ੍ਰਸਤ ਪਰਮਜੀਤ ਕੌਰ ਖਾਲੜਾ, ਬੁਲਾਰੇ ਸਤਵਿੰਦਰ ਸਿੰਘ ਪਲਾਸੋਰ, ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਕੇਂਦਰੀ ਕਮੇਟੀ ਮੈਂਬਰ ਭਾਈ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ, ਤਰਨ ਤਾਰਨ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਸਿੱਖਾਂ ਦੇ ਝੂਠੇ ਮੁਕਾਬਲਿਆ ਲਈ ਕਾਂਗਰਸ, ਬਾਦਲ ਅਤੇ ਭਾਜਪਾਕਿਆ ਦੀ ਸਾਂਝੀ ਯੋਜਨਾਬੰਦੀ ਸੀ ਅਤੇ ਇਹ ਗੱਲ ਕੇ.ਪੀ.ਐਸ. ਗਿੱਲ ਅਤੇ ਬਾਦਲ ਦੀਆਂ ਗੁਪਤ ਮੁਲਾਕਾਤਾਂ ਨੇ ਵੀ ਸਾਬਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੀ ਬਾਦਲ ਸਪੱਸ਼ਟ ਕਰਨ ਕਿ ਤਤਕਾਲੀ ਪੁਲਿਸ ਮੁਖੀ ਕੇ. ਪੀ. ਐਸ. ਗਿੱਲ ਨਾਲ ਰਾਤ ਦੇ ਹੰਨੇਰਿਆਂ ਵਿੱਚ ਗੁਪਤ ਮੁਲਾਕਾਤਾਂ ਕਰਕੇ ਕਿਵੇਂ ਨੋਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ।

ਮਨੁੱਖੀ ਅਧਿਕਾਰ ਜੱਥੇਬੰਦੀਆਂ ਨੇ ਕਿ ਕੁੱਤੀ ਚੋਰਾਂ ਨਾਲ ਰਲੀ ਹੋਣ ਕਰਕੇ ਬਾਦਲ ਦੇ 14 ਸਾਲਾਂ ਰਾਜ ਵਿੱਚ ਇੱਕ ਵੀ ਝੂਠੇ ਮੁਕਾਬਲੇ ਦੀ ਪੜਤਾਲ ਨਹੀ ਹੋਈ ਅਤੇ ਨਾ ਹੀ ਝੂਠੇ ਮੁਕਾਬਲਿਆ ਦੇ ਮਹਾਦੋਸ਼ੀ ਕੇ.ਪੀ.ਐਸ. ਗਿੱਲ ਖਿਲਾਫ ਕੋਈ ਕਾਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਚੋਣਾ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਪੜਤਾਲ ਦਾ 1997 ਵਿੱਚ ਕੀਤਾ ਵਾਅਦਾ ਪੂਰਾ ਕਰਨ ਦੀ ਬਜਾਏ ਬਾਦਲਕਿਆ ਨੇ ਝੂਠੇ ਮੁਕਾਬਲਿਆ ਦੇ ਗੁਨਾਹਗਾਰਾਂ ਸੈਣੀਆ, ਆਲਮਾਂ, ਉਮਰਨੰਗਲਾਂ ਆਦਿ ਨੂੰ ਤਰੱਕੀਆਂ ਦਿੱਤੀਆਂ ਅਤੇ ਉੱਚੇ ਅਹੁਦੇ ਬਖਸ਼ੇ।
ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਝੂਠੇ ਮੁਕਾਬਲਿਆ ਦੀ ਪੜਤਾਲ ਲਈ ਬਣਿਆ ਲੋਕ ਕਮਿਸ਼ਨ ਵੀ ਬੰਦ ਕਰਵਾ ਦਿੱਤਾ। ਉਨ੍ਹਾਂ ਕਿਹਾ ਖਾੜਕੂ ਆਗੂ ਬਾਬਾ ਗੁਰਬਚਨ ਸਿੰਘ ਮਾਣੋਚਾਹਲ ਦੀ ਗ੍ਰਿਫਤਾਰੀ ਲਈ ਉਸਦੇ 14 ਜੀਆਂ ਨੂੰ ਝੂਠੇ ਮੁਕਾਬਲਿਆ ਵਿੱਚ ਖਤਮ ਕਰ ਦਿੱਤਾ ਗਿਆ। ਜਿਲ੍ਹਾ ਫਿਰੋਜਪੁਰ ਅੰਦਰ ਪੈਂਦੇ ਪਿੰਡ ਕਿੱਲੀ ਬੋਦਲਾਂ ਕਾਂਡ ਦੀ ਪੜਤਾਲ ਸਿੱਖ ਪੰਥ ਅਤੇ ਪੰਜਾਬ ਦੇ ਲੋਕ ਚਾਹੁੰਦੇ ਹਨ ਜਿਸ ਵਿੱਚ ਅੋਰਤਾਂ ਸਮੇਤ ਸਮੱੁਚੇ ਪਰਿਵਾਰ ਨੂੰ ਸੰਗਲਾਂ ਨਾਲ ਨੂੜ ਕੇ ਰੁੱਖ ਨਾਲ ਬੰਨ ਦਿੱਤਾ ਗਿਆ । ਉਨ੍ਹਾਂ ਦੇ ਸਰੀਰਾਂ ਤੋਂ ਕੱਦੂਕੱਸ਼ ਨਾਲ ਮਾਸ ਉਧੇੜਿਆ ਗਿਆ। ਗਰਮ ਗਰਮ ਲੁੱਕ ਅਤੇ ਡੀਜਲ ਨਿਰਦੋਸ਼ਾ ਦੇ ਸਰੀਰਾਂ ਤੇ ਪਾਇਆ ਗਿਆ। ਧਰਤੀ ਅਸਮਾਨ ਕੰਬ ਉੱਠੇ ਪਰ ਜਾਲਮਾ ਦੇ ਹਿਰਦੇ ਕੋਈ ਰਹਿਮ ਨਾ ਆਇਆ। ਆਖਿਰ ਸਾਰੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ ਕੇ ਮਾਮਲਾ ਕਰਾਸ ਫਾਇਰੰਗ ਦਾ ਬਣਾ ਦਿੱਤਾ ਗਿਆ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਅੱਜ ਤੱਕ ਪੁਲਿਸ ਹਿਰਾਸਤ ਵਿੱਚੋਂ ਫਰਾਰ ਦੱਸਿਆ ਗਿਆ ਹੈ। ਪੁਲਿਸ ਹਿਰਾਸਤ ਵਿੱਚ ਹੋਏ ਭਾਈ ਕਾਉਂਕੇ ਦੇ ਕਤਲ ਸੰਬੰਧੀ ਸਾਰਾ ਸੱਚ ਸਾਹਮਣੇ ਆਉਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀ ਹੋਈ ਉਲਟਾ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਖਰ-ਏ-ਕੋਮ ਦਾ ਖਿਤਾਬ ਦੇ ਦਿੱਤਾ ਗਿਆ।
ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਉੱਪਰ ਢਾਏ ਜੁਲਮ ਅਤੇ ਬਹਿਲਾਂ ਗੋਲੀ ਕਾਂਡ ਵਿੱਚ ਮਨੁੱਖੀ ਸ਼ੀਲਡ ਬਣਾ ਕੇ ਮਾਰੇ ਗਏ 6 ਨਿਰਦੋਸ਼ਾ ਦੇ ਕਤਲਾਂ ਦੀ ਪੜਤਾਲ ਅੱਜ ਤੱਕ ਨਹੀ ਹੋਈ। ਹਜਾਰਾ ਸਿੱਖ ਬੀਬੀਆਂ ਦੀ ਥਾਣਿਆ ਅੰਦਰ ਪੱਤ ਰੋਲੀ ਗਈ ਅਤੇ ਸੈਂਕੜਿਆ ਦੇ ਪੁਲਿਸ ਵੱਲੋਂ ਝੂਠੇ ਮੁਕਾਬਲੇ ਬਣਾਏ ਗਏ ਪਰ ਬੇਸ਼ਰਮ ਸਰਕਾਰ ਨੂੰ 14 ਸਾਲਾਂ ਵਿੱਚ ਇੱਕ ਵੀ ਝੂਠਾ ਮੁਕਾਬਲਾ ਨਜਰ ਨਹੀ ਆਇਆ।
ਉਨ੍ਹਾਂ ਕਿਹਾ ਕਿ ਬਾਦਲ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਫੋਜੀ ਹਮਲੇ ਸਮੇਂ ਅਤੇ ਪੰਜਾਬ ਅੰਦਰ ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲਿਆ ਬਾਰੇ ਕੀਤੀ ਗੁਪਤ ਯੋਜਨਾਬੰਦੀ ਬਾਰੇ ਆਪਣਾ ਪੱਖ ਸਪੱਸ਼ਟ ਕਰਨ ਨਹੀ ਤਾਂ 2017 ਦੀਆਂ ਚੋਣਾ ਵਿੱਚ ਸਿੱਖ ਪੰਥ ਨਾਲ ਕੀਤੇ ਧੋਖੇ ਦਾ ਹਿਸਾਬ ਕਿਤਾਬ ਦੇਣਾ ਪਵੇਗਾ।