ਅੰਮ੍ਰਿਤਸਰ (4 ਅਕਤੂਬਰ, 2014): ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਅਵਤਾਰ ਸਿੰਘ ਨੇ ਪਿੱਛਲੇ ਕੁਝ ਸਮੇਂ ਤੋਂ ਪਾਕਿਸਤਾਨ ਅੰਦਰ ਸਿੱਖਾਂ ‘ਤੇ ਹਮਲਿਆਂ ਦੌਰਾਨ ਹੋਏ ਕਤਲਾਂ ਦਾ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਉਦਿਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉੱਥੇ ਰਹਿ ਰਹੇ ਸਿੱਖਾਂ ਦੇ ਜਾਨਮਾਲ ਦੀ ਰਾਖੀ ਯਕੀਨੀ ਬਨਾਵੇ।
ਜਾਰੀ ਇੱਕ ਬਿਆਨ ਰਾਹੀਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੇ ਪੇਸ਼ਾਵਰ, ਪਖਤੂਨ ਤੇ ਵੱਖ-ਵੱਖ ਸ਼ਹਿਰਾਂ ਵਿੱਚ ਦਹਿਸ਼ਤਗਰਦਾਂ ਵੱਲੋਂ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਸਿੱਖਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ 18 ਮਹੀਨਿਆਂ ਵਿੱਚ ਤਕਰੀਬਨ 8 ਤੋਂ ਵੱਧ ਸਿੱਖਾਂ ਦੀ ਮੌਤ ਹੋ ਚੁੱਕੀ ਹੈ ਜੋ ਅਤਿ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਰਹਿ ਰਹੇ ਸਿੱਖ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ ਤੇ ਡਰ ਕਾਰਣ ਉਹ ਆਪਣੇ ਬੱਚੇ-ਬੱਚੀਆਂ ਨੂੰ ਸਕੂਲਾਂ-ਕਾਲਜਾਂ ਵਿੱਚ ਵੀ ਨਹੀਂ ਭੇਜ ਰਹੇ।
ਉਥੇ ਰਹਿ ਰਹੇ ਸਿੱਖਾਂ ਦੇ ਕਾਰੋਬਾਰ ਦਹਿਸ਼ਤ ਕਾਰਨ ਬਿਲਕੁਲ ਖਤਮ ਹੋਣ ਕੰਢੇ ਜਾ ਰਹੇ ਹਨ ਤੇ ਉਹ ਆਰਥਿਕ ਮੰਦੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ ਅਤੇ ਸਿੱਖਾਂ ਦੀ ਇਸ ਅਸਥਾਨ ਨਾਲ ਆਸਥਾ ਜੁੜੀ ਹੈ। ਪਰੰਤੂ ਦਹਿਸ਼ਤ ਦੇ ਮਾਹੌਲ ਨਾਲ ਬਹੁਤ ਸਾਰੇ ਸਿੱਖ ਆਪਣੇ ਧਾਰਮਿਕ ਅਸਥਾਨ ਤੇ ਨਤਮਸਤਕ ਹੋਣ ਵੀ ਨਹੀਂ ਜਾ ਸਕਦੇ।
ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਰਾਖੀ ਕਰੇ ਤੇ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਲੋਕਾਂ ਨੂੰ ਸ਼ਾਂਤੀ ਨਾਲ ਆਪਣਾ ਕਾਰੋਬਾਰ ਕਰਨ ਅਤੇ ਬੱਚਿਆਂ ਦੇ ਭਵਿੱਖ ਸੁਧਾਰਨ ਲਈ ਸਹਾਇਤਾ ਪ੍ਰਦਾਨ ਕਰੇ।
ਇਥੇ ਇਕ ਬਿਆਨ ਰਾਹੀਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੇ ਪੇਸ਼ਾਵਰ, ਪਖਤੂਨ ਤੇ ਵੱਖ-ਵੱਖ ਸ਼ਹਿਰਾਂ ਵਿੱਚ ਦਹਿਸ਼ਤਗਰਦਾਂ ਵੱਲੋਂ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਸਿੱਖਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।