ਨਵੀਂ ਦਿੱਲੀ (3 ਫਰਵਰੀ, 2015): ਦਿੱਲੀ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਦਾ ਪ੍ਰਚਾਰ ਸਿਖਰਾਂ ‘ਤੇ ਹੈ ਅਤੇ ਮੁੱਖ ਮੁਕਾਬਲਾ ਭਾਜਪਾ ਅਤੇ ਆਮ ਆਦਮੀ ਪਾਰਟੀ ਦਰਮਿਆਨ ਹੈ।ਦਿੱਲੀ ਚੋਣਾਂ ਲਈ ਵੱਖ-ਵੱਖ ਮੀਡੀਆਂ ਗਰੁੱਪਾਂ ਵੱਲੋਂ ਸਰਵੇ ਜਾਰੀ ਹਨ।

ਇੰਡੀਆ ਟੂਡੇ ਗਰੁੱਪ ਅਤੇ ਸਿਸੇਰੋ ਦੇ ਅੱਜ ਰਾਤ ਜਾਰੀ ਕੀਤੇ ਚੋਣ ਸਰਵੇਖਣ ‘ਚ ਵੀ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲਣ ਦੇ ਆਸਾਰ ਹਨ। ਸਰਵੇਖਣ ਅਨੁਸਾਰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ‘ਚੋਂ 38 ਤੋਂ 46 ਸੀਟਾਂ ਜਿੱਤ ਕੇ ‘ਆਪ’ ਨੂੰ ਸਪਸ਼ਟ ਬਹੁਮਤ ਮਿਲ ਸਕਦਾ ਹੈ।
ਉਥੇ ਭਾਜਪਾ ਕੇਵਲ 19 ਤੋਂ 25 ਸੀਟਾਂ ਹੀ ਪ੍ਰਾਪਤ ਕਰ ਸਕਦੀ ਹੈ। ਕਾਂਗਰਸ ਦਾ ਹਾਲ ਇਸ ਵਾਰ ਵੀ ਮਾੜਾ ਹੋਵੇਗਾ, ਜਿਸ ਦੇ ਹਿੱਸੇ ਕੇਵਲ 3 ਤੋਂ 7 ਸੀਟਾਂ ਆਉਣ ਦੀ ਉਮੀਦ ਹੈ, ਜਦੋਂਕ ਦੋ ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਦਿੱਤੀਆਂ ਹਨ।
ਸਰਵੇਖਣ ਅਨੁਸਾਰ ‘ਆਪ’ ਨੂੰ 43.5 ਫੀਸਦੀ, ਭਾਜਪਾ ਨੂੰ 35.5 ਫੀਸਦੀ ਅਤੇ ਕਾਂਗਰਸ ਨੂੰ 13 ਫੀਸਦੀ ਵੋਟਾਂ ਪ੍ਰਾਪਤ ਹੋ ਸਕਦੀਆਂ ਹਨ।
ਟਾਈਮਜ਼ ਨਾਓ ਚੈਨਲ ਦੇ ਸਰਵੇਖਣ ਅਨੁਸਾਰ ‘ਆਪ’ 34, ਭਾਜਪਾ 32 ਤੇ ਕਾਂਗਰਸ 4 ਸੀਟਾਂ ਪ੍ਰਾਪਤ ਕਰ ਸਕਦੀ ਹੈ। ਇਸ ਤੋਂ ਪਹਿਲਾਂ ਏ. ਬੀ. ਪੀ. ਨਿਊਜ਼-ਨੀਲਸਨ ਸਰਵੇਖਣ ਵਿਚ ‘ਆਪ’ ਨੂੰ 35, ਭਾਜਪਾ ਨੂੰ 29 ਅਤੇ ਕਾਂਗਰਸ ਨੂੰ 6 ਸੀਟਾਂ ਦਿੱਤੀਆਂ ਗਈਆਂ ਹਨ।