ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਗ਼ੈਰ ਰਜਿਸਟਰਡ ਦਲਾਂ ਤੇ ਜਥੇਬੰਦੀਆਂ ਨੂੰ ਚੋਣ ਨਿਸ਼ਾਨ ਜਾਰੀ ਕਰਨ ਦੇ ਮਾਮਲੇ ਵਿੱਚ ਸਮੇਂ ਸਿਰ ਜਵਾਬ ਨਾ ਦੇਣ ਉਤੇ ਤੀਸ ਹਜ਼ਾਰੀ ਅਦਾਲਤ ਨੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਝਾੜ ਪਾਈ। ਇਸ ਕੇਸ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ।

ਪੰਥਕ ਸੇਵਾ ਦਲ ਦੇ ਜਨਰਲ ਸਕਤੱਰ ਕਰਤਾਰ ਸਿੰਘ ਕੋਛੜ ਨੇ ਮੀਡੀਆ ਨੂੰ ਦੱਸਿਆ ਕਿ ਦਲ ਵੱਲੋਂ ਪਾਈ ਇਸ ਪਟੀਸ਼ਨ ਬਾਰੇ ਜੱਜ ਡਾ. ਕਾਮਿਨੀ ਦੀ ਅਦਾਲਤ ਵਿੱਚ ਗੁਰਦੁਆਰਾ ਚੋਣ ਡਾਇਰੈਕਟੋਰੇਟ ਅਦਾਲਤ ਦੇ ਆਦੇਸ਼ ਅਨੁਸਾਰ ਨਿਰਧਾਰਤ ਸਮੇਂ ਵਿੱਚ ਜਵਾਬ ਦਾਖ਼ਲ ਕਰਨ ਵਿੱਚ ਅਸਫਲ ਰਿਹਾ ਹੈ, ਜਿਸ ਕਰ ਕੇ ਡਾਇਰੈਕਟੋਰੇਟ ਦੇ ਜਵਾਬ ਨੂੰ ਰਿਕਾਰਡ ਵਿੱਚ ਨਹੀਂ ਲਿਆ ਜਾ ਸਕਿਆ। ਇਸ ਤੋਂ ਪਹਿਲਾਂ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਵਕੀਲ ਨਿਰਧਾਰਤ ਸਮੇਂ ‘ਤੇ ਜਵਾਬ ਦਾਖ਼ਲ ਨਾ ਕਰ ਪਾਉਣ ਦਾ ਕੋਈ ਸਹੀ ਕਾਰਨ ਨਹੀਂ ਦੱਸ ਸਕੇ।
ਕੋਛੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੱਜ ਨੇ ਕਿਹਾ ਹੈ ਕਿ ਚੋਣ ਪਟੀਸ਼ਨ ਵਿੱਚ ਜਵਾਬ ਦਾਖ਼ਲ ਕਰਨ ਲਈ ਵਾਧੂ ਸਮਾਂ ਨਹੀਂ ਮਿਲਦਾ। ਇਸ ਦੌਰਾਨ ਭਾਈ ਮਤੀ ਦਾਸ ਸੇਵਾ ਸੁਸਾਇਟੀ ਨੇ ਇਸ ਮਾਮਲੇ ਵਿੱਚ ਧਿਰ ਬਣਨ ਲਈ ਅਦਾਲਤ ਵਿੱਚ ਅਰਜ਼ੀ ਦਾਖ਼ਲ ਕੀਤੀ, ਜਿਸ ‘ਤੇ ਸੁਣਵਾਈ ਹੋਈ ਅਤੇ ਬਹਿਸ ਤੋਂ ਬਾਅਦ 29 ਜੁਲਾਈ ਦੀ ਤਰੀਕ ਦਿੱਤੀ ਗਈ।