ਜਲੰਧਰ( 16 ਜਨਵਰੀ, 2015): ਸਿੱਖ ਹਿੱਤਾਂ ਲਈ ਤੱਤਪਰ ਰਹਿਣ ਵਾਲੀ ਸਿੱਖ ਜੱਥੇਬੰਦੀ ਦਲ ਖਾਲਸਾ ਨੇ ਬਾਦਲ ਦਲ ਦੇ ਹੁਕਮਾਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਦਮਦਮਾ ਸਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿਮਘ ਨੰਦਗੜ੍ਹ ਨੂੰ ਗੈਰ ਵਾਜਿਬ ਤਰੀਕੇ ਨਾਲ ਅਹੂਦੇ ਤੋਂ ਲਾਹੁਣ ਨੂੰ ਬਾਦਲ ਦਲ ਵੱਲੋਂ ਕੀਤੀ ਜਾ ਰਹੀ ਇੱਕ ਹੋਰ ਬੱਜ਼ਰ ਗਲਤੀ ਕਰਾਰ ਦਿੰਦਿਆਂ ਕਿਹਾ ਕਿ ਤਖਤ ਸਹਿਬਾਨਾਂ ਦੇ ਜੱਥੇਦਾਰਾਂ ਦੀ ਨਿਯੁਕਤੀ, ਸੇਵਾ-ਮੁਕਤੀ, ਕਾਰਜ਼ ਖੇਤਰ ਅਤੇ ਭੁਮਿਕਾ ਸਬੰਧੀ ਨਿਯਮ ਨਾ ਨਿਰਧਾਰਤ ਕੀਤੇ ਜਾਣ ਕਰਕੇ ਸਿੱਖ ਕੌਮ ਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਾਰਟੀ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਚੁੱਪ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਮੋਜੁਦਾ ਜੱਥੇਦਾਰ ਸਾਹਿਬਾਨਾਂ ਨੂੰ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨਾਲ ਹੋ ਰਹੇ ਦੁਰਵਿਹਾਰ ਤੋਂ ਆਪਣਾ ਭਵਿੱਖ ਵੇਖ ਲੈਣਾ ਚਾਹੀਦਾ ਹੈ।
ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਪਹਿਲਾਂ ਵੀ ਤਿੰਨ ਵਾਰ ਜੱਥੇਦਾਰ ਸਾਹਿਬਾਨਾਂ ਨੂੰ ਬੇਪੱਤ ਕਰਕੇ ਜ਼ਬਰੀ ਹਟਾਇਆ ਅਤੇ ਗਲਤ ਪਿਰਤਾਂ ਪਾਈਆਂ ਅਤੇ ਹੁਣ ਵੀ ਜੱਥੇਦਾਰ ਨੰਦਗੜ੍ਹ ਨੂੰ ਹਟਾ ਕੇ ਬਾਦਲ ਦਲ ਉਨ੍ਹਾਂ ਗਲਤ ਪਿਰਤਾਂ ਨੂੰ ਹੋਰ ਪੱਕਿਆਂ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੱਥੇਦਾਰ ਸਾਹਿਬਾਨਾਂ ਦੇ ਖਾਰਜ਼ ਖੇਤਰ ਸਬੰਧੀ ਨਿਯਮ ਨਾ ਹੋਣ ਕਰਕੇ ਇਸ ਸਬੰਧੀ ਕੌਮ ਭੰਬਲਭੂਸੇ ਵਿੱਚ ਪਈ ਹੋਈ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਤਰਾਸਦੀ ਕੀ ਹੋ ਸਕਦੀ ਹੈ ਕਿ ਸਾਬਕਾ ਜੱਥੇਦਾਰ ਜਸਬੀਰ ਸਿੰਘ ਰੋਡੇ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਨੇ ਬੇਇੱਜ਼ਤ ਕਰਕੇ ਅਹੁਦੇ ਤੋਂ ਹਟਾਇਆ ਸੀ, ਉਹ ਖੁਦ ਜੱਥੇਦਾਰ ਨੰਦਗੜ੍ਹ ਨੁੰ ਹਟਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ।
ਭਾਈ ਕੰਵਰਪਾਲ ਸਿੰਘ ਨੇ ਸ਼੍ਰੌਮਣੀ ਕਮੇਟੀ ਦੇ ਮੋਜੂਦਾ ਹਾਊਸ ਦੀ ਹੋਂਦ ਸਬੰਧੀ ਭਾਰਤੀ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੱਥੇਦਾਰ ਨੰਦਗੜ੍ਹ ਖਿਲਾਫ ਕਾਰਵਾਈ ਲਈ ਜਿੰਨ੍ਹਾ 150 ਮੈਂਬਰਾਂ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਤੋ ਮੰਗ ਕੀਤੀ ਹੈ, ਉਨ੍ਹਾਂ ‘ਚੋਂ ਪਹਿਲੀਵਾਰ ਚੁਣੇ ਗਏ ਮੈਂਬਰਾਂ ਬਾਰੇ ਤਾਂ ਅਜੇ ਤੱਕ ਇਹ ਵੀ ਸਾਫ ਨਹੀਂ ਕਿ ਉਹ ਮੌਜੂਦਾ ਹਾਉਸ ਦੇ ਕਾਨੂੰਨੀ ਤੌਰ ‘ਤੇ ਮੈਂਬਰ ਵੀ ਹਨ ਕਿ ਨਹੀਂ।