ਜਲੰਧਰ (5 ਅਗਸਤ 2014): ਕੱਲ੍ਹ ਜਲੰਧਰ ਜ਼ਿਲ੍ਹੇ ਦੀ ਦਿਹਾਤੀ ਪੁਲੀਸ ਵੱਲੋਂ ਜੰਮੂ ਤੋਂ ਗ੍ਰਿਫ਼ਤਾਰ ਕੀਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨ ਕਥਿਤ ਖਾੜਕੂਆਂ ਨੂੰ ਅੱਜ ਸਥਨਿਕ ਅਦਾਲਤ ਵਿੱਚ ਪੇਸ਼ ਕੀਤਾ।
ਅਦਾਲਤ ਨੇ ਇਨ੍ਹਾਂ ਸਿੱਖ ਨੌਜਵਾਨਾਂ ਦਾ ਨੌਂ ਦਿਨ ਲਈ ਪੁਲਿਸ ਰਿਮਾਂਡ ਦੇ ਦਿੱਤਾ ਹੈ। ਇਸ ਅਪਰੇਸ਼ਨ ਦੀ ਅਗਵਾਈ ਦਿਹਾਤੀ ਪੁਲੀਸ ਦੇ ਐਸ.ਐਸ.ਪੀ. ਨਰਿੰਦਰ ਭਾਰਗਵ ਨੇ ਕੀਤੀ ਸੀ।
“ਪੰਜਾਬੀ ਟ੍ਰਿਬਿਊਨ” ਅਕਬਾਰ ਵਿੱਚ ਜਲੰਧਰ ਤੋਂ ਨਸ਼ਰ ਖਬਰ ਅਨੁਸਾਰ ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਦਾ 14 ਦਿਨਾਂ ਲਈ ਪੁਲੀਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਨੌਂ ਦਿਨ ਦਾ ਰਿਮਾਂਡ ਹੀ ਦਿੱਤਾ। ਜ਼ਿਕਰਯੋਗ ਹੈ ਕਿ ਫੜੇ ਗਏ ਸਿੱਖ ਨੌਜਵਾਨਾਂ ਵਿੱਚ ਹਰਪ੍ਰੀਤ ਸਿੰਘ ਉਰਫ਼ ਹਰਮੀਤ ਸਿੰਘ ਉਰਫ਼ ਪਿੰਟੂ ਪੁੱਤਰ ਅਮਰ ਸਿੰਘ ਵਾਸੀ ਵਾਰਡ ਨੰਬਰ ਇੱਕ, ਸਿੰਬਲ ਕੈਂਪ ਜੰਮੂ, ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਈਸ਼ਰ ਸਿੰਘ ਵਾਸੀ ਬਸਤੀ ਗੋਬਿੰਦਪੁਰੀ ਸਿੰਬਲ ਮੋੜ, ਜੰਮੂ ਅਤੇ ਸਰਵਣ ਸਿੰਘ ਉਰਫ਼ ਸ਼ੱਬਾ ਪੁੱਤਰ ਜੀਤ ਸਿੰਘ ਵਾਸੀ ਨਾੜੀ, ਪੁਲੀਸ ਥਾਣਾ ਮੀਰਾ ਸਾਹਿਬ ਜੰਮੂ ਸ਼ਾਮਲ ਹਨ।
ਪੁਲੀਸ ਸੂਤਰਾਂ ਅਨੁਸਾਰ ਪੁੱਛ ਪੜਤਹਲ ਦੌਰਾਨ ਮੁਲਜ਼ਮਾਂ ਕੋਲੋਂ ਹਥਿਆਰਾਂ ਦੀ ਹੋਰ ਬਰਾਮਦਗੀ ਵੀ ਹੋ ਸਕਦੀ ਹੈ ਤੇ ਉਨ੍ਹਾਂ ਦੇ ਹੋਰ ਸਾਥੀਆਂ ਦੀਆਂ ਗ੍ਰਿਫ਼ਤਾਰੀਆਂ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਪੁਲਿਸ ਦਾਅਵੇ ਮੁਤਾਬਿਕ ਫੜੇ ਗਏ ਇਨ੍ਹਾਂ ਸਿੱਖ ਨੌਜਵਾਨਾਂ ਬਾਰੇ ਸੂਹੀਆ ਏਜੰਸੀਆਂ ਕੋਲ ਫੜੇ ਇਸ ਗੱਲ ਦੀ ਪੁਖ਼ਤਾ ਜਾਣਕਾਰੀ ਸੀ ਕਿ ਉਹ ਪੰਜਾਬ ਵਿੱਚ ਸਾਬਕਾ ਖਾੜਕੂਆਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਦੇ ਖ਼ਤਮ ਹੋ ਚੁੱਕੇ ਸੰਗਠਨਾਂ ਨੂੰ ਮੁੜ ਸਰਗਰਮ ਕਰਨ ਲਈ ਯਤਨਸ਼ੀਲ ਸਨ। ਇਨ੍ਹਾਂ ਜਥੇਬੰਦੀਆਂ ਨੂੰ ਇੰਗਲੈਂਡ ਅਤੇ ਸਪੇਨ ਸਮੇਤ ਹੋਰ ਵੀ ਦੇਸ਼ਾਂ ਤੋਂ ਆਰਥਿਕ ਮੱਦਦ ਵੀ ਮਿਲ ਰਹੀ ਸੀ।