ਜੰਮੂ( 1 ਮਾਰਚ, 2015): ਜੰਮੂ ਕਸ਼ਮੀਰ ਵਿੱਚ ਕਈ ਮਹੀਨਿਆਂ ਦੇ ਰੇੜਕੇ ਤੋਂ ਬਾਅਦ ਪੀਡੀਪੀ ਅਤੇ ਭਾਜਪਾ ਦੀ ਸਾਂਝੀ ਸਰਕਾਰ ਹੋਂਦ ਵਿੱਚ ਆ ਗਈ ਹੈ। ਦੋਹਾਂ ਧਿਰਾਂ ਰਲਕੇ ਚੱਲਣ ਲਈ ਕੁਝ ਆਪਣੇ ਆਪਣੇ ਕੁਝ ਪੈਤੜਿਆਂ ਤੋਂ ਪਿੱਛੇ ਹਟੀਆਂ ਹਨ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦਿੰਦੀ ਧਾਰਾ 370 ਤੋਂ ਜਿੱਥੇ ਮਜਬੂਰੀ ਵੱਸ ਭਾਜਪਾ ਨੇ ਆਪਣਾ ਰੁਖ ਨਰਮ ਕੀਤਾ ਹੈ , ਉੱਥੇ ਪੀਡੀਪੀ ਵਿਵਾਦਤ ਹਥਿਆਰਬੰਦ ਬਲ ਵਿਸ਼ੇਸ਼ ਤਾਕਤ ਐਕਟ (ਅਫਸਪਾ) ਤੋਂ ਪਿੱਛੇ ਹਟ ਗਈ ਜਾਪਦੀ ਹੈ।

ਜੰਮੂ ਕਸ਼ਮੀਰ ‘ਚ ਪੀਡੀਪੀ ਆਗੂ ਮੁਫਤੀ ਮੁਹੰਮਦ ਸਈਅਦ ਨੇ ਅੱਜ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਨਾਲ 24 ਮੰਤਰੀਆਂ ਨੇ ਵੀ ਹਲਫ਼ ਲਿਆ ਜਿਨ੍ਹਾਂ ‘ਚ ਭਾਜਪਾ ਦੇ ਕੋਟੇ ‘ਚੋਂ ਵੱਖਵਾਦੀ ਤੋਂ ਸਿਆਸਤਦਾਨ ਬਣੇ ਸੱਜਾਦ ਲੋਨ ਵੀ ਸ਼ਾਮਲ ਹਨ। ਭਾਜਪਾ ਦੇ ਨਿਰਮਲ ਸਿੰਘ ਨੂੰ ਨਵਾਂ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਭਾਜਪਾ ਜਨਰਲ ਸਕੱਤਰ ਰਾਮ ਮਾਧਵ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਹਾਜ਼ਰ ਸਨ।
ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਟਵੀਟ ਕਰਕੇ ਕਿਹਾ ਕਿ ਪੀਡੀਪੀ-ਭਾਜਪਾ ਗੱਠਜੋੜ ਸਰਕਾਰ ਨੂੰ ਇਤਿਹਾਸਕ ਮੌਕਾ ਮਿਲਿਆ ਹੈ ਕਿ ਉਹ ਅਸ਼ਾਂਤ ਸੂਬੇ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵੇ। ਇਹ ਪਹਿਲੀ ਵਾਰ ਹੈ ਕਿ ਭਾਜਪਾ ਮੁਲਕ ‘ਚ ਮੁਸਲਿਮ ਆਬਾਦੀ ਵਾਲੇ ਸੂਬੇ ‘ਚ ਸਰਕਾਰ ਦਾ ਹਿੱਸਾ ਹੋਵੇਗੀ। ਨਵੀਂ ਸਰਕਾਰ ਵੱਲੋਂ ਸਹੁੰ ਚੁੱਕਣ ਦੇ ਨਾਲ ਹੀ ਜੰਮੂ-ਕਸ਼ਮੀਰ ‘ਚ 49 ਦਿਨ ਪੁਰਾਣਾ ਗਵਰਨਰ ਰਾਜ ਵੀ ਖਤਮ ਹੋ ਗਿਆ ਹੈ।
ਸ੍ਰੀ ਸਈਅਦ ਸਮੇਤ ਪੀਡੀਪੀ ਦੇ 13 ਵਿਧਾਇਕਾਂ ਅਤੇ ਭਾਜਪਾ ਤੇ ਪੀਪਲਜ਼ ਕਾਨਫਰੰਸ ਦੇ 12 ਵਿਧਾਇਕਾਂ ਨੇ ਹਲਫ਼ ਲਿਆ। ਜੰਮੂ ਯੂਨੀਵਰਸਿਟੀ ਦੇ ਜਨਰਲ ਜ਼ੋਰਾਵਰ ਸਿੰਘ ਆਡੀਟੋਰੀਅਮ ‘ਚ ਹੋਏ ਸਮਾਗਮ ਦਾ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਜ਼ਿਆਦਾਤਰ ਵਿਧਾਇਕਾਂ ਤੇ ਆਗੂਆਂ ਨੇ ਬਾਈਕਾਟ ਕੀਤਾ। ਪਿਛਲੇ ਸਾਲ 23 ਦਸੰਬਰ ਨੂੰ ਵਿਧਾਨ ਸਭਾ ਦੇ ਆਏ ਚੋਣ ਨਤੀਜਿਆਂ ‘ਚ ਪੀਡੀਪੀ 28 ਸੀਟਾਂ ਜਿੱਤ ਕੇ ਵੱਡੀ ਪਾਰਟੀ ਵਜੋਂ ਉੱਭਰੀ ਸੀ ਜਦਕਿ ਭਾਜਪਾ ਨੂੰ 25 ਸੀਟਾਂ ਮਿਲੀਆਂ ਸਨ।