ਅੰਮ੍ਰਿਤਸਰ: ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੂੰ ਬੇਸ਼ਰਮ ਤੱਕ ਕਹਿ ਦਿੱਤਾ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਸਭ ਵੱਧ ਝੂਠਾ ਤੇ ਬੇਸ਼ਰਮ ਬੰਦਾ ਹੈ। ਜੇਕਰ ਉਨ੍ਹਾਂ ਨੇ ਗੱਪਾਂ ਨਾ ਮਾਰੀਆਂ ਹੁੰਦੀਆਂ ਤਾਂ ਲੋਕਾਂ ਨੇ ਉਨ੍ਹਾਂ ਨੂੰ ਤਿੰਨ ਨੰਬਰ ‘ਤੇ ਨਹੀਂ ਪਹੁੰਚਾਉਣਾ ਸੀ।
ਸਿੱਧੂ ਸੁਖਬੀਰ ਬਾਦਲ ਵੱਲੋਂ ਦਿੱਤੇ ਬਿਆਨ ਕਿ ਸਿੱਧੂ ਰਾਜਨੀਤੀ ਤੇ ਸੰਵਿਧਾਨਕ ਮਰਿਆਦਾ ਤੋਂ ਅਣਜਾਣ ਹਨ, ਦਾ ਜਵਾਬ ਦੇ ਰਹੇ ਸੀ। ਜਦੋਂ ਨਵਜੋਤ ਸਿੱਧੂ ਦੇ ਸਾਹਮਣੇ ਸੁਖਬੀਰ ਬਾਦਲ ਦਾ ਜ਼ਿਕਰ ਕੀਤਾ ਗਿਆ ਤਾਂ ਸਿੱਧੂ ਨੇ ਸੁਖਬੀਰ ‘ਤੇ ਸ਼ਬਦੀ ਵਾਰ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਇੱਕ ਝੂਠਾ, ਸ਼ੁਰਲੀਬਾਜ਼ ਤੇ ਬੇਸ਼ਰਮ ਆਦਮੀ ਉਨ੍ਹਾਂ ਨੂੰ ਹੁਣ ਪ੍ਰੋਟੋਕਾਲ ਸਮਝਾਵੇਗਾ।

ਸਿੱਧੂ ਨੇ ਆਪਣੇ ਸਾਂਸਦ ਹੁੰਦਿਆਂ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਵਿਤਕਰਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਯਾਦ ਨਹੀਂ ਕਿ ਜਦੋਂ ਉਹ ਰੈਲੀ ਵਿੱਚ ਫੋਟੋ ਖਿਚਵਾਉਂਦਾ ਸੀ ਤਾਂ ਆਪਣੀ ਵਧੀਆ ਫੋਟੋ ਖਿਚਵਾਉਣ ਲਈ ਸਾਂਸਦ ਨੂੰ ਪਿੱਛੇ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਦੇ ਕਈ ਪੁਰਾਣੇ ਵਿਤਕਰੇ ਯਾਦ ਕਰਵਾਉਂਦਿਆਂ ਸਿੱਧੂ ਨੇ ਇੱਕ ਵਾਰ ਫਿਰ ਕਿਹਾ, “ਸੁਖਬੀਰ ਤੂੰ ਫੈਂਟਰਬਾਜ਼ ਹੈਂ, ਤੂੰ ਸ਼ੁਰਲੀਬਾਜ਼ ਹੈਂ ਤੇ ਗਪੌੜੀ ਹੈਂ।” ਸਿੱਧੂ ਨੇ ਕਿਹਾ, “ਸੁੱਖੇ ਗੱਪੀ ਜੋ ਸ਼ੀਸ਼ੇ ਦੇ ਘਰਾਂ ਵਿੱਚ ਰਹਿੰਦੇ ਨੇ, ਉਹ ਕਿਸੇ ਦੇ ਘਰ ‘ਤੇ ਰੋੜੇ ਨਹੀਂ ਮਾਰਦੇ।”