ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਵਿਖੇ ਆਰ.ਐਸ.ਐਸ. ਆਗੂ ਉਪਰ ਹੋਏ ਹਮਲੇ ਲਈ ਖਾਲਿਸਤਾਨੀਆਂ ਜਾਂ ਆਈ.ਐਸ.ਆਈ. ਨੂੰ ਦੋਸ਼ੀ ਠਹਿਰਾਏ ਜਾਣ ਦਾ ਸੱਚ ਸਾਹਮਣੇ ਜ਼ਰੂਰ ਆਉਣਾ ਚਾਹੀਦਾ ਹੈ। ਮਾਨ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਪਾਰਟੀ ਹਰ ਕਿਸਮ ਦੀ ਹਿੰਸਾ ਦੇ ਖਿਲਾਫ ਹੈ ਲੇਕਿਨ ਇਕ ਆਰ.ਐਸ.ਐਸ. ਆਗੂ ਦੇ ਮਰਨ ਨਾਲ ਉਸਦੀ ਥਾਂ ਲੈਣ ਲਈ ਹਜ਼ਾਰ ਆਗੂ ਅੱਗੇ ਆਉਣਗੇ, ਇਸਦਾ ਖਾਲਿਸਤਾਨੀਆਂ ਨੂੰ ਕੀ ਫਾਇਦਾ ਹੈ? ਉਨ੍ਹਾਂ ਸਵਾਲ ਕੀਤਾ ਕਿ ਕੀ ਖਾਲਿਸਤਾਨ ਦੇ ਹਾਮੀਆਂ ਨੂੰ ਵੱਖਰੇ ਰਾਜ ਬਾਰੇ ਯਤਨਸੀਲ ਰਹਿਣ ਲਈ ਇਹੀ ਇੱਕ ਕੰਮ ਰਹਿ ਗਿਆ ਹੈ।

ਮਾਨ ਨੇ ਕਿਹਾ ਕਿ ਇਹ ਜ਼ਰੂਰ ਹੈ ਆਰ.ਐਸ.ਐਸ. ਆਗੂ ਉਪਰ ਗੋਲੀ ਚੱਲਣ ਦੀ ਘਟਨਾ ਲਈ ਤਾਂ ਬਾਦਲ-ਭਾਜਪਾ ਸਰਕਾਰ ਨੂੰ ਸਰਹੱਦ ਦੇ ਇਸ ਪਾਰ ਤੇ ਉਸ ਪਾਰ ਬੈਠੇ ਵੀ ਅੱਤਵਾਦੀ ਯਾਦ ਆ ਗਏ ਲੇਕਿਨ ਪੰਜਾਬ ਵਿੱਚ ਹੀ ਭਾਈ ਜਸਪਾਲ ਸਿੰਘ ਸਿਧਵਾਂ ਚੌੜ, ਭਾਈ ਕ੍ਰਿਸ਼ਨ ਭਗਵਾਨ, ਭਾਈ ਗੁਰਜੀਤ ਸਿੰਘ ਸਰਾਵਾਂ, ਭਾਈ ਦਰਸ਼ਨ ਸਿੰਘ ਲੁਹਾਰਾ ਉਪਰ ਗੋਲੀਆਂ ਚਲਾਕੇ ਖਤਮ ਕਰਨ ਵਾਲੇ ਅੱਤਵਾਦੀ ਅਜੇ ਤੀਕ ਨਹੀਂ ਲੱਭੇ। ਗੁਰੁ ਗ੍ਰੰਥ ਸਾਹਿਬ ਦੇ ਨਿਰਾਦਰ ਕਰਨ ਵਾਲੇ ਦੋਸ਼ੀਆਂ ਤੀਕ ਪੁਲਿਸ ਪੁੱਜ ਨਹੀਂ ਸਕੀ, ਸਿੱਖਾਂ ‘ਤੇ ਵਾਰ-ਵਾਰ ਅਜ਼ਾਦੀ, ਵੱਖਰਾ ਰਾਜ ਮੰਗਣ ਦੇ ਦੋਸ਼ ਲਗਾਏ ਜਾਂਦੇ ਹਨ, ਜਦੋਂ ਇਸ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਹੀ ਨਹੀਂ ਮਿਲਣਾ ਤਾਂ ਉਹ ਫਿਰ ਕਿਧਰ ਜਾਣ, ਅਜ਼ਾਦੀ ਨਾ ਮੰਗਣ? ਭਾਰਤੀ ਅਜ਼ਾਦੀ ਦਿਹਾੜੇ ਜਸ਼ਨਾਂ ਦਾ ਵਿਰੋਧ ਜਤਾਉਣ ਲਈ ਸਿੱਖ ਕਾਲੀਆਂ ਦਸਤਾਰਾਂ ਸਜਾਉਣ, ਕਪੜੇ ਪਾਉਣ ਜਾਂ ਕਾਲੇ ਬਿੱਲੇ ਲਾਉਣ, ਕੁਝ ਵੀ ਕਰ ਸਕਦੇ ਹਨ।
ਕਸ਼ਮੀਰ ਵਿਖੇ ਭਾਰਤੀ ਫੌਜ ਦੀ ਗੋਲੀ ਨਾਲ ਲਗਾਤਾਰ ਮਾਰੇ ਜਾ ਰਹੇ ਕਸ਼ਮੀਰੀਆਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਕਿਹਾ ਕਿ ਕਸ਼ਮੀਰੀ ਲੋਕ ਰਾਏਸ਼ੁਮਾਰੀ ਦੀ ਮੰਗ ਕਰਦੇ ਹਨ ਤੇ ਇਹ ਹੱਕ ਦੇਣ ਵਿੱਚ ਵੀ ਹਿੰਦੁਸਤਾਨ ਨੂੰ ਕੀ ਇਤਰਾਜ਼ ਹੈ। ਮਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਭਾਰਤੀ ਫੌਜ ਕਸ਼ਮੀਰੀਆਂ ਨੂੰ ਗੋਲੀਆਂ ਨਾਲ ਖਤਮ ਕਰ ਰਹੀ ਹੈ ਤੇ ਦੂਸਰੇ ਪਾਸੇ ਕੇਂਦਰ ਆਰਥਿਕ ਪੈਕੇਜ ਦੇ ਰਿਹਾ। ਜਿਨ੍ਹਾਂ ਨੂੰ ਸ਼ਰੇਆਮ ਗੋਲੀਆਂ ਮਾਰ ਰਹੇ ਨੇ ਹਿੰਦੁਸਤਾਨੀ ਉਹ ਇਸ ਦੇਸ਼ ਨਾਲ ਕਿਉਂ ਰਹਿਣਾ ਚਾਹੁਣਗੇ।
ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਗਲ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਚੋਣਾ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਸਰਬੱਤ ਖਾਲਸਾ ਵਿੱਚ ਸ਼ਾਮਿਲ ਧਿਰਾਂ ਨਾਲ ਸਲਾਹ ਕਰਕੇ ਆਪਣੇ ਉਮੀਦਵਾਰ ਐਲਾਨ ਦੇਣਗੇ। ਸਰਬੱਤ ਖਾਲਸਾ ਵਿੱਚ ਸ਼ਾਮਿਲ ਧਿਰਾਂ ਦਰਮਿਆਨ ਕੁਝ ਮੁੱਦਿਆਂ ਤੇ ਵਿਚਾਰਧਾਰਕ ਮਤਭੇਦ ਹੋਣ ਬਾਰੇ ਪੁਛੇ ਜਾਣ ਤੇ ਮਾਨ ਨੇ ਕਿਹਾ ਕਿ ਵਕਤ ਆ ਲੈਣ ਦਿਉ ਸਭ ਠੀਕ ਹੋਵੇਗਾ, ਕੋਈ ਧਿਰ ਇੱਕ ਦੂਜੇ ਦੇ ਖਿਲਾਫ ਨਹੀਂ ਬੋਲੇਗੀ। ੳੇੁਨ੍ਹਾਂ ਦੁਹਰਾਇਆ ਕਿ ਪਾਰਟੀ ਨੀਤੀਆਂ ਅਤੇ ਏਜੰਡੇ ਬਾਰੇ ਪਾਏ ਜਾ ਰਹੇ ਭਰਮ ਭੁਲੇਖਿਆਂ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਵੀ ਲਿਆ ਜਾਵੇਗਾ।
ਉਨ੍ਹਾਂ ਕਿਹਾ ਜਿਹੜੇ ਲੋਕ ਸਿੱਖਾਂ ‘ਤੇ ਅੱਤਵਾਦੀ ਹੋਣ ਦੇ ਦੋਸ਼ ਲਗਾ ਰਹੇ ਹਨ ਉਹ ਇਹ ਨਹੀਂ ਦੱਸ ਸਕੇ ਕਿ ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਤੇ ਜਾਇਦਾਦਾਂ ਸਾੜਨ ਵਾਲੇ ਕੌਣ ਸਨ। ਮਾਨ ਨੇ ਕਿਹਾ ਕਿ ਜਿਨ੍ਹਾਂ ਦਾ ਇਸ ਅੰਦੋਲਨ ਦੌਰਾਨ ਮਿੱਥ ਕੇ ਨੁਕਸਾਨ ਕੀਤਾ ਗਿਆ ਇਹ ਉਹ ਹਿੰਦੁ ਸਨ ਜਿਨ੍ਹਾਂ ਪੰਜਾਬੀ ਭਾਸ਼ਾ ਨੂੰ ਨਫਰਤ ਕਰਕੇ ਹਿੰਦੀ ਭਾਸ਼ਾ ਲਿਖਾਈ, ਪੰਜਾਬ ਤੋਂ ਵੱਖ ਹੋਕੇ ਇਸਦੇ ਟੋਟੇ ਕਰਵਾਏ ਲੇਕਿਨ ਪੰਜਾਬ ਦੁਸ਼ਮਣਾਂ ਨੇ ਪੰਜਾਬੀ ਹੋਣ ਨਾਤੇ ਇਨ੍ਹਾਂ ਨਾਲ ਕੋਈ ਲਿਹਾਜ਼ ਨਹੀਂ ਕੀਤਾ। ਇੱਕ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ ਕਿ ਆਰ.ਐਸ.ਐਸ. ਆਗੂ ਉਪਰ ਹਮਲਾ ਕਰਾਉਣਾ ਬਾਦਲ ਦੀ ਗੁਪਤ ਨੀਤੀ ਵੀ ਹੋ ਸਕਦੀ ਹੈ, ਉਹ ਸੱਤਾ ‘ਤੇ ਕਾਬਜ਼ ਰਹਿਣ ਲਈ ਸਭ ਕੁਝ ਕਰ ਸਕਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ ਸਖੀਰਾ, ਕਰਮ ਸਿੰਘ ਭੋਈਆਂ, ਪਰਮਿੰਦਰ ਪਾਲ ਸਿੰਘ ਸ਼ੁਕਰ ਚਕੀਆ, ਗੁਰਜੰਟ ਸਿੰਘ ਕੱਟੂ, ਹਰਬੀਰ ਸਿੰਘ ਸੰਧੂ, ਯੂਥ ਅਕਾਲੀ ਦਲ ਦੇ ਮੁਖ ਪ੍ਰਬੰਧਕੀ ਸਕੱਤਰ ਪਪਲਪ੍ਰੀਤ ਸਿੰਘ, ਨਵਦੀਪ ਸਿੰਘ, ਸਿਕੰਦਰ ਸਿੰਘ ਵਰਾਣਾ, ਬਲਵਿੰਦਰ ਸਿੰਘ ਕਾਲਾ, ਸੁਖਰਾਜ ਬਹਾਦਰ ਸਿੰਘ, ਸਵਿੰਦਰ ਸਿੰਘ ਚੋਹਲਾ ਸਾਹਿਬ ਹਾਜ਼ਰ ਸਨ।