ਤਰਨ ਤਾਰਨ: ਧਰਮਯੁੱਧ ਮੋਰਚੇ ਦੇ ਗੱਦਾਰ 20 ਅਗਸਤ ਨੂੰ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਮਨਾਕੇ ਉਸ ਨੂੰ ਸ਼ਹੀਦ ਬਣਾਉਣਾ ਚਾਹੁੰਦੇ ਹਨ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪ੍ਰਚਾਰ ਸਕੱਤਰ ਡਾ: ਕਾਬਲ ਸਿੰਘ ਨੇ ਕਿਹਾ ਕਿ 20 ਅਗਸਤ ਨੂੰ ਲੋਂਗੋਵਾਲ ਦੀ ਬਰਸੀ ਬਾਦਲ ਦਲ ਇਸ ਕਰਕੇ ਮਨਾ ਰਿਹਾ ਹੈ ਕਿ ਉਸ ਨੇ ਰਾਜੀਵ ਨਾਲ ਸਮਝੋਤੇ ਵਿੱਚ ਐੱਸ.ਵਾਈ.ਐੱਲ, ਨਹਿਰ ਮੁਕੰਮਲ ਕਰਕੇ ਦੇਣੀ ਮੰਨੀ ਸੀ। ਜਿਸ ਨਹਿਰ ਦੇ ਵਿਰੋਧ ਵਿੱਚ ਧਰਮਯੁੱਧ ਮੋਰਚਾ ਲੱਗਾ ਉਹ ਨਹਿਰ ਰਾਜੀਵ ਨਾਲ ਸਮਝੋਤੇ ਵਿੱਚ ਮੁਕੰਮਲ ਕਰਕੇ ਦੇਣੀ ਮੰਨ ਲਈ।

ਬਾਦਲ ਲੋਂਗੋਵਾਲ ਦੀ ਬਰਸੀ ਇਸ ਕਰਕੇ ਮਨਾ ਰਿਹਾ ਹੈ ਕਿ 1978 ਵਿੱਚ ਉਸ ਨੇ ਹੀ ਕਿਸਾਨਾਂ ਦੀ ਜ਼ਮੀਨ ਖੋਹ ਕੇ ਅਕਵਾਇਰ ਕਰਨ ਲਈ ਹੁਕਮ ਜਾਰੀ ਕੀਤੇ ਸਨ। ਉਹਨਾਂ ਕਿਹਾ ਕਿ ਬਾਦਲ ਦਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਦੱਸ ਕੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੱਤਵਾਦੀ ਸਾਬਿਤ ਕਰਨ ਦਾ ਅਪਰਾਧ ਕਰ ਰਿਹਾ ਹੈ ਅਤੇ ਹੁਣ ਐੱਸ.ਵਾਈ.ਐੱਲ. ਨਹਿਰ ਪੁੱਟ ਕੇ ਦੇਣ ਵਾਲੇ ਲੋਂਗੋਵਾਲ ਨੂੰ ਸ਼ਹੀਦ ਸਾਬਿਤ ਕਰਕੇ ਰਜੀਵ ਗਾਂਧੀ ਨੂੰ ਵੀ ਸਹੀ ਠਹਿਰਾ ਰਿਹਾ ਹੈ।
ਉਹਨਾਂ ਕਿਹਾ ਕਿ ਆਨੰਦਪੁਰ ਸਾਹਿਬ ਦਾ ਮਤਾ ਪੰਜਾਬ ਦੀ ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਖੁਦਮੁਖਤਿਆਰੀ ਲਈ ਸੀ, ਪਰ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਜੀ.ਐੱਸ.ਟੀ. ਨੂੰ ਮੰਨ ਕੇ ਪੰਜਾਬ ਦੇ ਹਿੱਤਾਂ ਨਾਲ ਗੱਦਾਰੀ ਕੀਤੀ। ਕੇਂਦਰ ਸਰਕਾਰ ਵੱਲੋਂ ਰਾਜਾਂ ਦੀ ਹੋਂਦ ਉੱਤੇ ਅੱਜ ਤੱਕ ਦਾ ਸਭ ਤੋਂ ਵੱਡਾ ਆਰਥਿਕ ਹਮਲਾ ਹੈ। ਟੈਕਸਾਂ ਦੇ ਕੇਂਦਰੀਕਰਨ ਨਾਲ ਰਾਜਾਂ ਦੀ ਹਾਲਤ ਭਿਖਾਰੀਆਂ ਵਰਗੀ ਹੋ ਜਾਵੇਗੀ। ਉਹਨਾਂ ਕਿਹਾ ਕਿ ਖਬਰਾਂ ਮੁਤਾਬਿਕ ਮੁੰਬਈ ਨਗਰ ਨਿਗਮ ਨੂੰ ਜੀ.ਐੱਸ.ਟੀ. ਲਾਗੂ ਹੋਣ ਨਾਲ 7 ਹਜ਼ਾਰ ਕਰੋੜ ਦਾ ਅਤੇ ਆਂਧਰਾ ਪ੍ਰਦੇਸ਼ ਨੂੰ 4700 ਕਰੋੜ ਦਾ ਅਤੇ ਪੰਜਾਬ ਨੂੰ 2000 ਕਰੋੜ ਰੁਪੈ ਦਾ ਘਾਟਾ ਪਵੇਗਾ। ਇਸ ਨਾਲ ਵੱਡੀਆਂ ਕੰਪਨੀਆਂ ਮਾਲਾ ਮਾਲ ਹੋਣਗੀਆਂ ਅਤੇ ਆਮ ਆਦਮੀ ਕੁਚਲਿਆ ਜਾਵੇਗਾ ਜਿਸ ਦੀ ਮਿਸਾਲ 2016 ਵਿੱਚ ਪੇਸ਼ ਹੋਏ ਬਜਟ ਦੌਰਾਨ ਵੈਲਥ ਟੈਕਸ ਖਤਮ ਕਰਕੇ ਅਤੇ ਕਾਰਪੋਰੇਟ ਟੈਕਸ 30% ਤੋਂ 25% ਕਰਨ ਦਾ ਟੀਚਾ ਮਿੱਥਿਆ ਗਿਆ ਹੈ।
2013 ਵਿੱਚ ਸਿੱਧੇ ਟੈਕਸ ਵਿੱਚ ਕਾਰਪੋਰੇਟ ਨੂੰ 8315 ਕਰੋੜ ਦੀਆਂ ਛੋਟਾਂ ਦਿੱਤੀਆਂ ਗਈਆਂ ਹਨ ਅਤੇ ਆਮ ਆਦਮੀ ‘ਤੇ 2338 ਕਰੋੜ ਦਾ ਬੋਝ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ, ਬਾਦਲ, ਭਾਜਪਾ ਤੇ ਆਮ ਆਦਮੀ ਪਾਰਟੀ ਨੇ ਜੀ.ਐੱਸ.ਟੀ. ਬਿੱਲ ਦੀ ਹਮਾਇਤ ਕਰਕੇ ਆਮ ਆਦਮੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
“ਦਿੱਲੀ ਕਮੇਟੀ ਦੇ ਆਗੂ ਦੱਸਣ ਕਿ ਪੰਜਾਬ ਅੰਦਰ ਉਹਨਾਂ ਦੀ ਸਰਕਾਰ ਨੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਖਿਲਾਫ ਕਿੰਨੇ ਪਰਚੇ ਦਰਜ ਕਰਵਾਏ”
ਖਾਲੜਾ ਮਿਸ਼ਨ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਕਾਂਗਰਸੀ ਆਗੂ ਕਮਲ ਨਾਥ ਖਿਲਾਫ 2 ਕਤਲਾਂ ਦਾ ਪਰਚਾ ਦਰਜ ਕਰਨ ਲਈ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ ਮਹਿਜ਼ ਦਿਖਾਵਾ ਹੈ ਕਿਉਂਕਿ ਜਿਸ ਸਰਕਾਰ ਵਿੱਚ ਬਾਦਲ ਦਲ ਭਾਈਵਾਲ ਹੈ ਉੱਥੇ ਚਿੱਠੀਆਂ ਲਿਖਣ ਦੀ ਲੋੜ ਨਹੀਂ ਪੈਂਦੀ। ਉਹਨਾਂ ਕਿਹਾ ਕਿ ਪੰਜਾਬ ਅੰਦਰ ਜੀ.ਕੇ. ਦੀ ਆਪਣੀ ਸਰਕਾਰ ਹੈ ਉਹ ਸਿੱਖ ਪੰਥ ਨੂੰ ਦੱਸਣ ਕਿ ਪੰਜਾਬ ਅੰਦਰ 25000 ਸਿੱਖਾਂ ਦੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਖਿਲਾਫ ਕਿੰਨੀਆਂ ਐੱਫ.ਆਈ.ਆਰ. ਦਰਜ਼ ਕੀਤੀਆਂ। ਉਲਟਾ ਜੀ.ਕੇ. ਹੋਰਾਂ ਦੀ ਸਰਕਾਰ ਨੇ ਕੇ.ਪੀ.ਐੱਸ. ਗਿੱਲ, ਐੱਸ.ਐੱਸ. ਵਿਰਕ, ਸੈਣੀ, ਇਜ਼ਹਾਰ ਆਲਮ ਵਰਗਿਆਂ ਨੂੰ ਕਾਨੂੰਨੀ ਮਾਰ ਤੋਂ ਬਚਾਇਆ ਵੀ ਤੇ ਤਰੱਕੀਆਂ ਵੀ ਦਿੱਤੀਆਂ। ਉਹਨਾਂ ਕਿਹਾ ਕਿ ਉਹ ਦੱਸਣ ਕਿ ਇਜ਼ਹਾਰ ਆਲਮ ਬਾਦਲ ਦਲ ਦਾ ਮੀਤ ਪ੍ਰਧਾਨ ਕਿਉਂ ਹੈ ਉਸ ਨੂੰ ਪਾਰਟੀ ਵਿੱਚੋਂ ਕਿਉਂ ਨਹੀਂ ਕੱਢਿਆ।