ਜਗਰਾਉਂ (15 ਮਈ, 2015): ਇੱਥੋਂ ਨੇੜਲੇ ਪਿੰਡ ਕੰਨੀਆ ਹੁਸੈਨੀ ਵਿੱਚ 10 ਏਕੜ ਜ਼ਮੀਨ ਦਾ ਕਬਜ਼ਾ ਦਿਵਾੳੁਣ ਵੇਲੇ ਅੱਜ ਪਿੰਡ ਵਾਸੀਆਂ ਅਤੇ ਪੁਲੀਸ ਵਿਚਕਾਰ ਖ਼ੂਨੀ ਟਕਰਾਅ ਹੋ ਗਿਅਆ। ਇਸ ਟਕਰਾਅ ਵਿੱਚ ਪੁਲੀਸ ਦੀਆਂ ਗੱਡੀਆਂ ਤੋਂ ਇਲਾਵਾ ਕਈ ਸਰਕਾਰੀ ਵਾਹਨ ਨੁਕਸਾaਨੇ ਗਏ, ਜਦੋਂ ਕਿ ਇੱਕ ਐਸਐਚਓ ਸਮੇਤ ਡੇਢ ਦਰਜਨ ਪੁਲੀਸ ਮੁਲਾਜ਼ਮ ਤੇ ਕੲੀ ਪਿੰਡ ਵਾਸੀ ਜ਼ਖ਼ਮੀ ਹੋ ਗੲੇ।
ਭਾਰਤ-ਚੀਨ ਜੰਗ ਦੌਰਾਨ ਸ਼ਹੀਦ ਹੋਏ ਭਾਗ ਸਿੰਘ ਦੀ ਧੀ ਨੂੰ ਅੱਜ ਜਦੋਂ ਐਸਪੀ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਅਤੇ ਐਸਡੀਐਮ ਰਾਕੇਸ਼ ਕੁਮਾਰ ਪੋਪਲੀ ਦੀ ਅਗਵਾਈ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਕੰਨੀਆ ਹੁਸੈਨੀ ਵਿੱਚ ਸ਼ਹੀਦ ਦੀ ਵਾਰਸ ਨੂੰ ਅਲਾਟ ਜ਼ਮੀਨ ’ਤੇ ਲੋਕਾਂ ਵੱਲੋਂ ਕੀਤੇ ਕਬਜ਼ੇ ਨੂੰ ਛੁਡਾਉਣ ਪਹੁੰਚੇ ਤਾਂ ਪਿੰਡ ਵਾਸੀ ਪਹਿਲਾਂ ਤੋਂ ਹੀ ਤਿਅਾਰ ਸਨ।

ਭੜਕੇ ਲੋਕਾਂ ਨੂੰ ਆਪਣੇ ਵੱਲ ਵਧਦਿਆਂ ਦੇਖ ਪੁਲੀਸ ਨੇ ਪਾਣੀ ਦੀਆਂ ਬੁਛਾਡ਼ਾਂ ਛੱਡੀਆਂ ਪਰ ਇਸ ਦੇ ਬਾਵਜੂਦ ਪਿੰਡ ਵਾਸੀ ੳੁਨ੍ਹਾਂ ਦੇ ਕਾਬੂ ਨਾ ਆਏ। ਭੜਕੇ ਲੋਕਾਂ ਨੇ ਥਾਣਾ ਹਠੂਰ ਦੇ ਮੁਖੀ ਸਤਨਾਮ ਸਿੰਘ ਤੇ ਰੇਸ਼ਮ ਸਿੰਘ ਸਮੇਤ ਡੇਢ ਦਰਜਨ ਪੁਲੀਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ।
ਇਸ ਤੋਂ ਬਾਅਦ ਪੁਲੀਸ ਨੇ ਅੱਥਰੂ ਗੈਸ ਤੇ ਹਵਾਈ ਫਾਈਰਿੰਗ ਤੋਂ ਇਲਾਵਾ ਲਾਠੀਚਾਰਜ ਕੀਤਾ। ਪੁਲੀਸ ਲਾਠੀਚਾਰਜ ਕਾਰਨ ਅਨੇਕਾਂ ਪਿੰਡ ਵਾਸੀ ਬੇਹੋਸ਼ ਹੋ ਕੇ ਡਿੱਗਦੇ ਦੇਖੇ ਗਏ। ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡਣ ਕਾਰਨ ਆਸਪਾਸ ਦੇ ਖੇਤਾਂ ਵਿੱਚ ਖੜੀ ਕਣਕ ਨੂੰ ਅੱਗ ਲੱਗ ਗਈ। ਹਵਾ ਕਾਰਨ ਇਹ ਅੱਗ ਭਾਂਬੜ ਬਣ ਗਈ, ਜਿਸ ਨੂੰ ਕੰਟਰੋਲ ਕਰਨ ਲਈ ਫਾਇਰ ਬ੍ਰਿਗੇਡ ਨੂੰ ਕਈ ਘੰਟੇ ਮਸ਼ੱਕਤ ਕਰਨੀ ਪਈ। ਅੱਜ ਦੀ ਘਟਨਾ ਵਿੱਚ ਜ਼ਖ਼ਮੀ ਹੋਏ ਪੁਲੀਸ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਜਗਰਾਉਂ, ਸਿੱਧਵਾਂ ਬੇਟ ਅਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ।