ਅੰਮ੍ਰਿਤਸਰ/ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਯੁਨਾਇਟਿਡ ਅਕਾਲੀ ਦਲ “ਭ੍ਰਿਸ਼ਟਾਚਾਰ ਮੁਕਤ, ਨਸ਼ਾ ਮੁਕਤ, ਆਰ.ਐਸ.ਐਸ. ਮੁਕਤ ਪੰਜਾਬ” ਨਾਂ ਦਾ ਇਕ ਸੈਮੀਨਾਰ 9 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਕਰਨ ਜਾ ਰਹੇ ਹਨ। ਇਹ ਪ੍ਰੋਗਰਾਮ ਇਸ ਲਈ ਕਰਵਾਇਆ ਜਾ ਰਿਹਾ ਹੈ ਤਾਂ ਜੋ ਬਾਦਲ ਦਲ, ਭਾਜਪਾ ਅਤੇ ‘ਆਪ’ ਤੋਂ ਨਿਕਲੇ ਹੋਏ ਧੜਿਆਂ ਨਾਲ ਹੱਥ ਮਿਲਾਇਆ ਜਾ ਸਕੇ।

ਮਾਨ ਦਲ ਅਤੇ ਯੁਨਾਇਟਿਡ ਦਲ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਇਸ ਮੌਕੇ ‘ਆਪ’ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸਾਬਕਾ ਭਾਜਪਾ ਸੰਸਦ ਨਵਜੋਤ ਸਿੱਧੂ, ਜੋ ਕਿ ਲੁਧਿਆਣਾ ਦੇ ਬੈਂਸ ਭਰਾਵਾਂ ਅਤੇ ਬਾਦਲ ਦਲ ਦੇ ਬਾਗੀ ਪਰਗਟ ਸਿੰਘ ਨਾਲ ਮਿਲ ਕੇ ‘ਚੋਥਾ ਫਰੰਟ’ ਬਣਾਉਣ ਦਾ ਐਲਾਨ ਕਰ ਚੁੱਕੇ ਹਨ, ਅਤੇ ਪਟਿਆਲਾ ਤੋਂ ਸੰਸਦ ਡਾ. ਧਰਮਵੀਰ ਗਾਂਧੀ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਯੁਨਾਇਟਿਡ ਦਲ ਨੇ ਜਨਤਾ ਦਲ (ਯੁਨਾਇਟਿਡ) ਦੇ ਆਗੂ ਕੇ.ਸੀ. ਤਿਆਗੀ ਨੂੰ ਵੀ ਇਸ ਮੌਕੇ ਸੱਦਾ ਦਿੱਤਾ ਹੈ। ਕੇ.ਸੀ. ਤਿਆਗੀ ਨੇ ਇਸ ਸੱਦੇ ਦੀ ਤਸਦੀਕ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ 80-90 ਦੇ ਦਹਾਕੇ ਸਮੇਂ ਤੋਂ ਹੀ ਪੰਜਾਬ ਨਾਲ ਸਬੰਧ ਰਹੇ ਹਨ ਕਿਉਂਕਿ ਉਹ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨਾਲ ਮਿਲ ਕੇ ‘ਪੰਜਾਬ ਮਸਲੇ’ ਦੇ ਹੱਲ ਲਈ ਕੰਮ ਕਰਦੇ ਰਹੇ ਹਨ।
ਜਨਤਾ ਦਲ (ਯੂ) ਦੇ ਆਗੂ ਤੋਂ ਇਹ ਪੁੱਛਣ ‘ਤੇ ਕਿ ਉਹ ਪੰਜਾਬ ਵਿਚ ਕਿਸੇ ਰਾਜਨੀਤਕ ਫਰੰਟ ਦਾ ਹਿੱਸਾ ਬਣਨਗੇ, ਤਾਂ ਜਨਤਾ ਦਲ (ਯੂ) ਦੇ ਸਕੱਤਰ ਨੇ ਕਿਹਾ ਕਿ ਹਾਲੇ ਇਸ ਬਾਰੇ ਪਾਰਟੀ ਨੇ ਕੋਈ ਫੈਸਲਾ ਨਹੀਂ ਲਿਆ ਹੈ।
ਉਨ੍ਹਾਂ ਕਿਹਾ, “ਮੈਂ ਹੋਣ ਜਾ ਰਹੇ ਪ੍ਰੋਗਰਾਮ ‘ਚ ਹਿੱਸਾ ਲਵਾਂਗਾ ਅਤੇ ਸ਼ਾਮਲ ਹੋ ਰਹੇ ਹੋਰ ਆਗੂਆਂ ਨਾਲ ਵਿਚਾਰ ਕਰਾਂਗਾ ਫਿਰ ਜਨਤਾ ਦਲ (ਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਸਾਰੇ ਹਾਲਾਤ ‘ਤੇ ਫੈਸਲਾ ਲੈਣਗੇ।”
ਮੋਹਕਮ ਸਿੰਘ ਦੀ ਅਗਵਾਈ ‘ਚ ਯੂਨਾਇਟਿਡ ਅਕਾਲੀ ਦਲ 2017 ਦੀਆਂ ਚੋਣਾਂ ਵਿਚ ਜਨਤਾ ਦਲ (ਯੂਨਾਇਟਿਡ) ਨਾਲ ਗਠਜੋੜ ਕਰਨਾ ਚਾਹੁੰਦਾ ਹੈ।