ਅੰਮ੍ਰਿਤਸਰ (22 ਦਸੰਬਰ,2014): ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਮਨਮਰਜ਼ੀ ਨਾਲ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿੱਚ ਅੱਜ ਸਾਬਕਾ ਐੱਮ ਪੀ ਅਤੇ ਭਾਜਪਾ ਆਗੂ ਨਵਜੋਤ ਸਿੱਧੂ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਮੁਆਫੀ ਲਈ ਪੱਤਰ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਭੇਜਿਆ ਹੈ।ਇਹ ਪੱਤਰ ਸਿੱਧੂ ਦੇ ਸਮਰਥਕ ਸੁਖਦੇਵ ਸਿੰਘ ਚਾਹਲ ਅਤੇ ਅਮਨ ਸ਼ਰਮਾ ਵੱਲੋਂ ਦਿੱਤਾ ਗਿਆ।

ਪੱਤਰ ਵਿੱਚ ਸਿੱਧੂ ਨੇ ਲਿਖਿਆ ਹੈ,”ਉਹ ਨਿਮਰਤਾ ਸਹਿਤ ਨਿਮਾਣੇ ਸਿੱਖ ਵਜੋਂ ਬੇਨਤੀ ਕਰ ਰਿਹਾ ਹੈ ਕਿ ਜਾਣੇ ਅਣਜਾਣੇ ਵਿੱਚ ਲੋਕ ਸੇਵਾ ਵਿੱਚ ਵਿਚਰਦੇ ਹੋਏ ਉਸ ਕੋਲੋਂ ਕੁਝ ਕਿਹਾ ਗਿਆ ਸੀ, ਜਿਸ ਨਾਲ ਸਿੱਖ ਸੰਗਤ ਦੇ ਮਨਾਂ ਨੂੰ ਠੇਸ ਪੁੱਜੀ ਹੈ। ਇਸ ਲਈ ਉਹ ਸਿੱਖ ਸੰਗਤ ਕੋਲੋਂ ਲੱਖ ਵਾਰੀ ਖਿਮਾ ਮੰਗਦਾ ਹੈ।”
ਉਨ੍ਹਾਂ ਲਿਖਿਆ ਹੈ ਕਿ ਉਹ ਧਰਮ ਵਿੱਚ ਆਸਥਾ ਰਖਦੇ ਹਨ ਹੈ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਜੀਵਨ ਜਾਚ ਲਈ ਸੇਧ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਹ ਰੋਜ਼ ਅੰਮ੍ਰਿਤ ਵੇਲੇ ਉਠ ਕੇ ਗੁਰੂ ਅੱਗੇ ਝੁਕਦੇ ਹਨ ਅਤੇ ਅਕਾਲ ਤਖ਼ਤ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਅੰਤ ਵਿੱਚ ਉਨ੍ਹਾਂ ਗੁਰਬਾਣੀ ਦੀ ਇਹ ਤੁਕ ‘ਭੁੱਲਣ ਅੰਦਰਿ ਸਭੁ ਕੋ, ਅਭੁਲ ਗੁਰੂ ਕਰਤਾਰ’ ਲਿਖ ਕੇ ਪੱਤਰ ਖ਼ਤਮ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਵੱਲੋਂ ਪਿਛਲੇ ਦਿਨੀਂ ਲੁਧਿਆਣਾ ਵਿੱਚ ਰੈਲੀ ਦੌਰਾਨ ਗੁਰਬਾਣੀ ਦੀ ਇਕ ਤੁਕ ਦੀ ਗ਼ਲਤ ਵਿਆਖਿਆ ਕੀਤੀ ਗਈ ਸੀ, ਜਿਸ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਗਟਾਇਆ ਗਿਆ ਸੀ। ਸਿੱਖ ਜਥੇਬੰਦੀਆਂ ਸਿੱਧੂ ਨੂੰ ਅਕਾਲ ਤਖ਼ਤ ਤੇ ਤਲਬ ਕਰਨ ਅਤੇ ਪੰਥਕ ਕਾਰਵਾਈ ਕਰਨ ਲਈ ਮੰਗ ਕਰ ਰਹੀਆਂ ਸਨ। ਇਸੇ ਸਬੰਧ ਵਿੱਚ ਪਿਛਲੇ ਦਿਨੀਂ ਜੰਮੂ ਵਿੱਚ ਸਿੱਧੂ ਦੇ ਵਾਹਨ ‘ਤੇ ਹਮਲਾ ਵੀ ਹੋਇਆ ਸੀ।