
ਅੰਮਿ੍ਤਸਰ (5 ਫਰਵਰੀ, 2016): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਖ ਕਮੇਟੀ ਦੇ ਪ੍ਰਬੰਧ ਅਧੀਨ ਆਉਦੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੁਝਾਅ ਅਤੇ ਸ਼ਿਕਾਇਤਾਂ ਲਈ ਡੱਬੇ ਲਾਏ ਜਾਣਗੇ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਜ਼ਿਲ੍ਹਾ ਅੰਮਿ੍ਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਫਿਰੋਜ਼ਪੁਰ, ਫਰੀਦਕੋਟ ਤੇ ਮੋਗਾ ਨਾਲ ਸਬੰਧਿਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨਾਲ ਇਕੱਤਰਤਾ ਦੌਰਾਨ ਪ੍ਰਬੰਧਕਾਂ ਨੂੰ ਇਹ ਹਦਾਇਤਾਂ ਦਿੱਤੀਆਂ ।
ਉਨ੍ਹਾਂ ਨੇ ਸੰਗਤਾਂ ਵੱਲੋਂ ਦਿੱਤੇ ਜਾਂਦੇ ਸੁਝਾਅ ਤੇ ਸ਼ਿਕਾਇਤਾਂ ਬਾਰੇ ਰਜਿਸਟਰ ਤੇ ਡੱਬੇ ਲਾਜ਼ਮੀ ਤੌਰ ‘ਤੇ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਅਤੇ ਕਿਹਾ ਕਿ ਮੈਨੇਜਰ ਖੁਦ ਆਪਣੀ ਨਿਗਰਾਨੀ ਹੇਠ ਇਸ ਬਕਸੇ ਨੂੰ ਖੁੱਲਵਾ ਕੇ ਦੇਖੇ ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਤਸੱਲੀਬਖ਼ਸ਼ ਨਿਪਟਾਰਾ ਤੁਰੰਤ ਕਰੇ ।
ਉਨ੍ਹਾਂ ਅੱਗੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਕਿਸੇ ਢੁੱਕਵੀਂ ਜਗ੍ਹਾ ‘ਤੇ ਸੰਗਤਾਂ ਦੀ ਸਹੂਲਤ ਲਈ ਪੁੱਛਗਿੱਛ ਕੇਂਦਰ ਵੀ ਸਥਾਪਿਤ ਕੀਤੇ ਜਾਣ ਤਾਂ ਕਿ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਹੋਰ ਲੋੜੀਂਦੀ ਜਾਣਕਾਰੀ ਲੈ ਸਕਣ । ਗੁਰਦੁਆਰਾ ਸਾਹਿਬ ਅੰਦਰ ਇਤਿਹਾਸ ਨੂੰ ਦਰਸਾਉਂਦਾ ਬਹੁ-ਭਾਸ਼ਾਈ ਸੁੰਦਰ ਬੋਰਡ ਲਗਾਏ ਜਾਣਗੇ ਜੋ ਰਾਤ ਸਮੇਂ ਵੀ ਪੜਨਯੋਗ ਹੋਣਗੇ ।