ਚੰਡੀਗੜ੍ਹ (31 ਅਗਸਤ, 2015): ਪੰਜਾਬ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੀ ਚੰਗੀ ਪਕੜ ਵਿਖਾਉਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਇਸ ਸਮੇਂ ਤਕੜੀ ਫੁੱਟ ਦਾ ਸ਼ਿਕਾਰ ਹੋ ਗਈ ਹੈ। ਪੰਜਾਬ ਦੀਆਂ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਪਾਰਟੀ ਦੀ ਟਿਕਟ ਤੋਂ ਚੋਣ ਜਿੱਤੇ ਸ੍ਰ. ਹਰਿੰਦਰ ਸਿੰਘ ਖਾਲਸਾ ਅਤੇ ਡਾ. ਧਰਮਵੀਰ ਗਾਂਧੀ ਨੂੰ ਪਾਰਟੀ ਵਿਰੋਧੀ ਸੁਰ ਰੱਖਣ ਕਰਕੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੇ ‘ਆਪ’ ਤੋਂ ਮੁਅੱਤਲ ਕੀਤੇ ਗਏ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਐਲਾਨ ਕੀਤਾ ਹੈ ਕਿ ਉਹ ਤੇ ਪਟਿਆਲਾ ਤੋਂ ਲੋਕ ਸਭਾ ਦੇ ‘ਆਪ’ ਮੈਂਬਰ ਡਾ. ਧਰਮਵੀਰ ਗਾਂਧੀ ਦਾ ਹੁਣ ਇਹ ਪੱਕਾ ਫ਼ੈਸਲਾ ਹੈ ਕਿ ਉਹ ਯੂ.ਪੀ. ਤੇ ਬਿਹਾਰ ਵਾਲਿਆਂ ਨੂੰ ਪੰਜਾਬ ਦੀ ਰਾਜਨੀਤੀ ‘ਤੇ ਕਬਜ਼ਾ ਨਹੀਂ ਕਰਨ ਦੇਣਗੇ ।
ਉਨ੍ਹਾਂ ਕਿਹਾ ਕਿ ਅਸੀਂ ਹਰ ਤਰ੍ਹਾਂ ਦੀ ਸਿਆਸੀ ਕੁਰਬਾਨੀ ਕਰਨ ਲਈ ਤਿਆਰ ਹਾਂ ।ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖ਼ਾਲਸਾ ਨੇ ਦੋਸ਼ ਲਾਇਆ ਕਿ ‘ਆਪ’ ਦੇ ਕੌਮੀ ਕਨਵੀਨਰ ਤੇ ਦਿਲੀ ਪ੍ਰਾਂਤ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਜਲ ਤਾਂ ਇੰਜ ਲੱਗਦਾ ਹੈ ਕਿ ਆਪ ਹੀ ਪਾਰਟੀ ਦੇ ਟੋਟੇ-ਟੋਟੇ ਕਰਨ ਲਈ ਪੰਜਾਬ ਦੇ ਅਕਾਲੀਆਂ ਨਾਲ ਗੰਢ ਤੁੱਪ ਕਰ ਰਹੇ ਹਨ । । ਖ਼ਾਲਸਾ ਨੇ ਵਿਚਾਰ ਪ੍ਰਗਟ ਕੀਤਾ ਕਿ ਉਹ ਤਾਂ ਪੰਜਾਬੀਆਂ ਦੇ ਹਿਤਾਂ ਨਾਲ ਪਰਨਾਏ ਹੋਏ ਹਨ ।ਉਨ੍ਹਾਂ ਨਾਲ ਗ਼ੱਦਾਰੀ ਨਹੀਂ ਕਰ ਸਕਦੇ ।
ਉਨ੍ਹਾਂ ਕਿਹਾ ਕਿ ਮੈਂ ਤੇ ਮੇਰੇ ਸਾਥੀ ਸਿਰ ‘ਤੇ ਸਿਆਸੀ ਕਫ਼ਨ ਬੰਨ੍ਹ ਕੇ ਆਪਣਾ ਕੇਸ ਪੰਜਾਬੀਆਂ ਅੱਗੇ ਰੱਖਾਂਗੇ । ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਉਹ ਸਾਥੀ ਥੈਲੀਆਂ ਅੱਗੇ ਵਿਕ ਗਏ ਹਨ, ਜੋ ਅੱਜ ਕਲ ‘ਆਮ ਆਦਮੀ ਪਾਰਟੀ’ ਪੰਜਾਬ ਦੇ ਚੌਧਰੀ ਬਣੇ ਬੈਠੇ ਹਨ ਤੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕਰਨ ਨੂੰ ਭੁੱਲ ਗਏ ਹਨ । ਹੁਣ ਫ਼ੈਸਲਾ ਪੰਜਾਬੀਆਂ ਦੇ ਹੱਥ ਵਿਚ ਹੈ ਕਿ ਉਨ੍ਹਾਂ ਕੇਜਰੀਵਾਲ ਦਾ ਸਾਥ ਦੇਣਾ ਹੈ ਜਾਂ ਪੰਜਾਬੀਅਤ ਦਾ ਪੱਲਾ ਫੜਨ ਵਾਲਿਆਂ ਦੀ ਬਾਂਹ ਫੜਨੀ ਹੈ ।
