ਚੰਡੀਗੜ੍ਹ(19 ਮਾਰਚ, 2015): ਸਿੱਖ ਸ਼ਹੀਦਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਅਤੇ ਭਾਈ ਹਰਜਿਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾਂ ਦੇ ਸ਼ਹਾਦਤ ਦਿਹਾੜਿਆਂ ਦੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੈਲੰਡਰ ਵਿੱਚ ਦਰਜ਼ ਹੋਣ ‘ਤੇ ਕਾਂਗਰਸ ਵੱਲੋਂ ਭਾਰਤੀ ਪਾਰਲੀਮੈਂਟ ਵਿੱਚ ਇਤਰਾਜ਼ ਜਤਾਉਣ ਤੋਂ ਬਾਅਦ ਅੱਜ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਕਾਂਗਰਸ ਦੇ ਆਗੂ ਚੌਧਰੀ ਸੁਨੀਲ ਜਾਖੜ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਦੀ ਜਥੇਬੰਦੀ (ਐਸ ਜੀ ਪੀ ਸੀ) ਵਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਦਾ ਕਤਲ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾਂਦਾ ਹੈ।

ਜਾਖੜ ਦਾ ਇਸ਼ਾਰਾ ਐਸ ਜੀ ਪੀ ਸੀ ਵਲੋਂ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਨੂੰ ਉਨ੍ਹਾਂ ਦੇ ਕੀਤੇ ਜ਼ੁਲਮਾਂ ਦੀ ਸਜ਼ਾ ਦੇਣ ਵਾਲੇ ਸਿੱਖ ਸ਼ਹੀਦਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਅਤੇ ਭਾਈ ਹਰਜਿਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾਂ ਦੇ ਪਰਿਵਾਰਾਂ ਦੇ ਸਨਮਾਨ ਕਰਨ ਵੱਲ ਸੀ।
ਉਨ੍ਹਾਂ ਬੀਜੇਪੀ ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਬੀਜੇਪੀ ਨੂੰ ਇਸ ਮਸਲੇ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ। ਇਸ ਤੇ ਬੀਜੇਪੀ ਆਗੂ ਮਦਨ ਮੋਹਨ ਮਿਤਲ ਨੇ ਕਿਹਾ ਕਿ ਬੀਜੇਪੀ ਦਾ ਸਟੈਂਡ ਸਾਫ ਹੈ ਤੇ ਉਹ ਇਸਦੇ ਵਿਰੁੱਧ ਹੈ।