ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਸ਼ੌਪੀਆ ਜ਼ਿਲ੍ਹੇ ‘ਚ ਅਣਪਛਾਤੇ ਹਮਲਾਵਰਾਂ ਨੇ ਬੈਂਕ ਦੀ ਕੈਸ਼ ਵੈਨ ‘ਤੇ ਹਮਲਾ ਕਰਕੇ ਬੈਂਕ ਦੇ 2 ਸੁਰੱਖਿਆ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ। ਇਸ ਸਬੰਧੀ ਦੱਖਣੀ ਕਸ਼ਮੀਰ ਦੇ ਡੀ.ਆਈ.ਜੀ. ਐਸ.ਪੀ. ਪਾਨੀ ਨੇ ਦੱਸਿਆ ਕਿ ਜ਼ਿਲ੍ਹਾ ਸ਼ੌਪੀਆ ‘ਚ ਕਿਲਰ ਇਲਾਕੇ ਦੇ ਪੌਓਜੂ ਪਿੰਡ ਨੇੜੇ ਹਥਿਆਰਬੰਦ ਹਮਲਾਵਰਾਂ ਨੇ ਜੰਮੂ-ਕਸ਼ਮੀਰ ਬੈਂਕ ਦੀ ਕੈਸ਼ ਵੈਨ (ਸਕਾਰਪੀਓ ਗਡੀ) ‘ਤੇ ਸੋਮਵਾਰ ਦੁਪਹਿਰ ਵੇਲੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਗੱਡੀ ‘ਚ ਸਵਾਰ 2 ਨਿੱਜੀ ਸੁਰੱਖਿਆ ਕਰਮਚਾਰੀ ਮੁਸ਼ਤਾਕ ਅਹਿਮਦ (30) ਵਾਸੀ ਅਨੰਤਨਾਗ ਤੇ ਤਾਰਿਕ ਅਹਿਮਦ (25) ਵਾਸੀ ਤੁਲਮੁਲਾ ਪੁਲਵਾਮਾ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਬ-ਜ਼ਿਲ੍ਹਾ ਹਸਪਤਾਲ ਸ਼ੌਪੀਆ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ।

ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਨਾ ਹੀ ਪਤਾ ਚੱਲ ਸਕਿਆ ਕਿ ਹਮਲਾਵਰ ਕਿੰਨੀ ਰਕਮ ਲੁੱਟ ਕੇ ਲੈ ਗਏ ਹਨ। ਕਸ਼ਮੀਰ ਵਿਖੇ ਨੋਟਬੰਦੀ (ਨਵੰਬਰ 2016) ਤੋਂ ਬਾਅਦ ਵਿਸ਼ੇਸ਼ ਕਰ ਦੱਖਣੀ ਕਸ਼ਮੀਰ ‘ਚ ਕੈਸ਼ ਵੈਨ, ਏ.ਟੀ.ਐਮ. ਤੇ ਬੈਂਕਾਂ ਲੁੱਟਣ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ।