ਲੰਡਨ (22 ਫ਼ਰਵਰੀ, 2015): ਇੰਗਲੈਂਡ ਦੇ ਗੁਰਦਵਾਰੇ ਹੁਣ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਇਹ ਭਾਰੀ ਗਿਣਤੀ ‘ਚ ਮੂਲ ਬਰਤਾਨਵੀ ਬੇਘਰੇ ਤੇ ਗ਼ਰੀਬ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣਦੇ ਜਾ ਰਹੇ ਹਨ। ਬੇਸ਼ੱਕ ਉਹ ਗੁਰਦਵਾਰਿਆਂ ‘ਚ ਮੁਫ਼ਤ ਦਾ ਖਾਣਾ ਖਾਣ ਲਈ ਹੀ ਆਉਂਦੇ ਹਨ ਪਰ ਇਸੇ ਦੌਰਾਨ ਉਹ ਬਾਬੇ ਨਾਨਕ ਦੀ ਚਲਾਈ ‘ਲੰਗਰ ਪ੍ਰਥਾ’ ਬਾਰੇ ਜਾਣ ਕੇ ਇਸ ਦੀ ਵਡਿਆਈ ਕਰਦੇ ਨਹੀਂ ਥਕਦੇ ਅਤੇ ਨਾਲ ਹੀ ਸਿੱਖ ਧਰਮ ਬਾਰੇ ਜਾਣਨ ਲਈ ਵੀ ਉਤਸੁਕਤਾ ਵਿਖਾਉਂਦੇ ਹਨ।

ਸਾਊਥਾਲ ਦੇ ਸਿੰਘ ਸਭਾ ਗੁਰਦਵਾਰੇ ਵਿਚ ਹਫ਼ਤੇ ‘ਚ ਕੋਈ 15 ਤੋਂ 20 ਹਜ਼ਾਰ ਲੋਕ ਲੰਗਰ ਛਕਦੇ ਹਨ ਜਿਨ੍ਹਾਂ ‘ਚ ਕਾਫ਼ੀ ਗਿਣਤੀ ਗ਼ਰੀਬ ਗੋਰਿਆਂ ਦੀ ਹੁੰਦੀ ਹੈ। ਇਹ ਗੁਰਦਵਾਰਾ ਭਾਰਤ ਤੋਂ ਬਾਹਰ ਸੱਭ ਤੋਂ ਵੱਡੇ ਗੁਰਦਵਾਰੇ ਵਜੋਂ ਜਾਣਿਆ ਜਾਂਦਾ ਹੈ।
ਇਥੋਂ ਦੀਆਂ ਕਈ ਸਿੱਖ ਜਥੇਬੰਦੀਆਂ ਵੀ ਬੇਘਰੇ ਜਾਂ ਗ਼ਰੀਬਾਂ ਲਈ ਲੰਗਰ ਲਾਉਂਦੀਆਂ ਹਨ। ਸਿੱਖ ਵੈਲਫੇਅਰ ਐਂਡ ਅਵੇਅਰਨੈਸ ਟੀਮ (ਸਵੈਟ) ਨਾਮੀ ਸੰਸਥਾ ਦੀ ਵੈਨ ਹਰ ਐਤਵਾਰ ਲੰਡਨ ਦੀ ਇਕ ਸੜਕ ਦੇ ਇਕ ਪਾਸੇ ਜਾ ਖੜਦੀ ਹੈ ਜਿਸ ਨੂੰ ਵੇਖਕੇ ਬੇਘਰੇ ਅਤੇ ਨਿਆਸਰੇ ਲੋਕਾਂ ਦਾ ਹਜੂਮ ਇਸ ਦੇ ਆਲੇ-ਦੁਆਲੇ ਜੁੜਨਾ ਸ਼ੁਰੂ ਹੋ ਜਾਂਦਾ ਹੈ।
ਸਵੈਟ ਸੰਸਥਾ ਦੇ ਕਾਰਕੁਨ ਤਿਆਰ ਕਰ ਕੇ ਲਿਆਂਦਾ ਲੰਗਰ ਇਨ੍ਹਾਂ ਲੋਕਾਂ ਨੂੰ ਵਰਤਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਸਿੱਖ ਸੰਸਥਾ ਦੀ ਇਹ ਵੈਨ ਬਿਨਾਂ ਕਿਸੇ ਰੰਗ-ਨਸਲ ਦਾ ਭੇਦ ਕੀਤਿਆਂ ਹਰ ਹਫ਼ਤੇ ਇਨ੍ਹਾਂ ਭੁੱਖਿਆਂ ਅਤੇ ਬੇਆਸਰੇ ਲੋਕਾਂ ਨੂੰ ਰਜਾਉਂਦੀ ਹੈ।
ਲੰਗਰ ਲੈਣ ਲਈ ਕਤਾਰ ‘ਚ ਖੜੇ 55 ਸਾਲਾ ਡੇਵਿਡ, ਜੋ ਬੇਘਰ ਹੈ, ਨੇ ਦਸਿਆ, ”ਅਸੀਂ ਇਥੇ ਇਸ ਲਈ ਆਏ ਹਾਂ ਕਿਉਂਕਿ ਸਾਨੂੰ ਇਥੇ ਗਰਮ ਅਤੇ ਵਧੀਆ ਖਾਣਾ ਮਿਲਦਾ ਹੈ।” ਉਸ ਨੇ ਕਿਹਾ ਕਿ ਉਹ ਅਕਸਰ ਗੁਰਦਵਾਰੇ ਵੀ ਜਾਂਦਾ ਹੈ ਅਤੇ ਉਥੇ ਵਧੀਆ ਤੇ ਸੁਆਦੀ ਖਾਣਾ ਖਾ ਕੇ ਕਾਫ਼ੀ ਖ਼ੁਸ਼ ਹੁੰਦਾ ਹੈ।
ਡੇਵਿਡ ਮੁਤਾਬਕ ਉਸ ਨੇ ਗੁਰਦਵਾਰੇ ‘ਚ ਮੌਜੂਦ ਸਿੱਖਾਂ ਕੋਲੋਂ ਮੁਫ਼ਤ ‘ਚ ਲੰਗਰ ਛਕਾਉਣ ਬਾਰੇ ਪੁਛਿਆ ਤਾਂ ਪਤਾ ਲੱਗਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਲੰਗਰ ਪ੍ਰਥਾ ਚਲਾਈ ਸੀ ਤਾਕਿ ਹਰ ਧਰਮ ਦੇ ਲੋਕ ਇਕ ਥਾਂ ਬੈਠ ਕੇ ਲੰਗਰ ਛਕ ਸਕਣ।
ਸਵੈਟ ਦੇ ਬਾਨੀ ਰਣਦੀਪ ਸਿੰਘ ਨੇ ਦਸਿਆ ਕਿ ਜਦ ਉਨ੍ਹਾਂ ਨੇ ਲੰਡਨ ‘ਚ ਬੇਘਰੇ ਲੋਕਾਂ ਦੀ ਵਧ ਰਹੀ ਗਿਣਤੀ ਨੂੰ ਵੇਖਿਆ ਤਾਂ ਉਨ੍ਹਾਂ ਫ਼ੈਸਲਾ ਕੀਤਾ ਕਿ ਗੁਰਦਵਾਰੇ ‘ਚ ਲੰਗਰ ਛਕਾਉਣ ਦੀ ਪੁਰਾਣੀ ਧਾਰਨਾ ਨੂੰ ਬਦਲ ਕੇ, ਗੁਰੂ ਕਾ ਲੰਗਰ ਗਲੀਆਂ ‘ਚ ਬੈਠੇ ਇਨ੍ਹਾਂ ਲੋਕਾਂ ਤਕ ਪਹੁੰਚਾਇਆ ਜਾਵੇ।
ਰਣਦੀਪ ਸਿੰਘ ਨੇ ਕਿਹਾ, ”ਜਦ ਤੁਸੀਂ ਗੁਰਦਵਾਰੇ ਜਾਂਦੇ ਹੋ ਤਾਂ ਕੀ ਸੰਦੇਸ਼ ਮਿਲਦਾ ਹੈ? ਸਾਨੂੰ ਇਹੀ ਸੰਦੇਸ਼ ਮਿਲਦਾ ਹੈ ਕਿ ਦੂਜਿਆਂ ਦੀ ਸੇਵਾ ਕਰੋ ਅਤੇ ਅਸੀਂ ਉਹੀ ਕਰ ਰਹੇ ਹਾਂ।”
ਸਾਊਥਾਲ ਦੇ ਸਿੰਘ ਸਭਾ ਗੁਰਦਵਾਰੇ ਦੇ ਸੀਨੀਅਰ ਮੈਂਬਰ ਸੁਰਿੰਦਰ ਸਿੰਘ ਪੁਰੇਵਾਲ ਨੇ ਦਸਿਆ ਕਿ ਉਨ੍ਹਾਂ ਨੂੰ ਕਦੇ ਵੀ ਲੰਗਰ ਤਿਆਰ ਕਰਨ ‘ਚ ਸੇਵਾਦਾਰਾਂ ਅਤੇ ਰਸਦ ਦੀ ਤੋਟ ਨਹੀਂ ਆਈ।