ਡਰਬੀ ( 19 ਅਗਸਤ 2014): ਭਾਰਤ ਵਿੱਚ ਵੱਸਦੀਆਂ ਘੱਟ ਗਿਣਤੀਆਂ ਪ੍ਰਤੀ ਨਿਰਾਦਰ ਭਰੇ ਬਿਆਨਾ ਕਾਰਣ ਚਰਚਾ ਵਿੱਚ ਰਹਿਣ ਵਾਲੇ ਮੋਹਨ ਭਾਗਵਤ ਦੇ ਬਿਆਨਾਂ ਦੀ ਨਖੇਧੀ ਕਰਦਿਆਂ ਯੂ ਕੇ ਦੇ ਸਿੱਖ ਆਗੂਆਂ ਨੇ ਗਹਿਰਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਇਸ ਸੰਸਥਾ ਦੀ ਨੀਤੀ ਹੁਣ ਜ਼ਾਹਿਰ ਹੋਣ ਲੱਗ ਪਈ ਹੈ, ਬਲਕਿ ਸਪੱਸ਼ਟ ਰੂਪ ਵਿਚ ਸਾਹਮਣੇ ਆ ਗਈ ਹੈ ਕਿ ਇਹ ਉਸ ਦੇਸ਼ ਵਿਚ ਗ਼ੈਰ ਹਿੰਦੂ ਧਰਮਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ ।
ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਨੂੰ ਧਰਮ ਨਿਰਪੱਖ ਹੋਣ ਦਾ ਰੌਲਾ ਪਾਇਆ ਜਾਂਦਾ ਹੈ, ਦੂਜੇ ਪਾਸੇ ਵੱਡੀ ਬਹੁ ਗਿਣਤੀ ਨਾਲ ਸਬੰਧਿਤ ਸੰਸਥਾਵਾਂ ਦੇ ਆਗੂ ਫ਼ਿਰਕੂ ਸੰਕੀਰਨਤਾ ਅਧੀਨ ਦੂਜੇ ਧਰਮਾਂ ਦੇ ਲੋਕਾਂ ਖਿਲਾਫ਼ ਜ਼ਹਿਰ ਉਗਲ ਰਹੇ ਹਨ । ਗ਼ੈਰ ਹਿੰਦੂ ਧਰਮਾਂ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਦੇਸ਼ ਦੀ ਹਕੂਮਤ ਅਤੇ ਹੋਰ ਸੈਕੂਲਰ ਹਿੰਦੂ ਸੰਸਥਾਵਾਂ ਨੂੰ ਅਜਿਹੇ ਕੱਟੜਤਾ ਪੂਰਨ ਬਿਆਨ ਦਾ ਸਖਤ ਵਿਰੋਧ ਕਰਨਾ ਚਾਹੀਦਾ ਸੀ, ਪਰ ਅਜਿਹਾ ਹੋਇਆ ਨਹੀਂ।
ਇਸ ਲਈ ਸਿੱਖ ਪੰਥ ਨੂੰ ਹੁਣ ਤੋਂ ਹੀ ਸੁਚੇਤ ਰਹਿਣਾ ਚਾਹੀਦਾ ਹੈ, ਆਉਂਦੇ ਸਮੇਂ ਵਿਚ ਪਹਿਲਾਂ ਨਾਲੋਂ ਵੀ ਵਧੇਰੇ ਔਖਾ ਸਮਾਂ ਆ ਸਕਦਾ ਹੈ, ਇਸ ਲਈ ਆਪਸੀ ਵਿਵਾਦ ਨੂੰ ਪਰੇ ਰੱਖਦਿਆਂ ਇਕ ਮੁੱਠ ਹੋ ਕੇ ਸਾਰੀ ਕੌਮ ਨੂੰ ਲਾਮਬੰਦ ਹੋਣ ਦੀ ਲੋੜ ਹੈ । ਆਰ ਐਸ ਐਸ ਦੀ ਸੋਚ ਵਾਲੀਆਂ ਸੰਸਥਾਵਾਂ ਨੂੰ ਹਜ਼ਾਰਾਂ ਸਾਲ ਬਾਅਦ ਰਾਜ ਮਿਲਿਆ ਹੈ, ਤੇ ਇਹ ਹੁਣੇ ਹੀ ਦੂਜੇ ਲੋਕਾਂ ਪ੍ਰਤੀ ਆਪਣਾ ਘਿਨਾਉਣਾ ਇਰਾਦਾ ਪ੍ਰਗਟ ਕਰਨ ਲੱਗੇ ਹਨ । ਅਗਰ ਪੰਜ ਦਸ ਸਾਲ ਇਹਨਾਂ ਦਾ ਰਾਜ ਰਿਹਾ ਤਾਂ ਘੱਟ ਗਿਣਤੀਆਂ ਦਾ ਜੀਣਾ ਦੁੱਭਰ ਹੋ ਜਾਵੇਗਾ ।
ਇਹ ਵਿਚਾਰ ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਭਾਈ ਰਘਬੀਰ ਸਿੰਘ, ਜਥੇ ਦੇ ਸਿਆਸੀ ਵਿੰਗ ਦੇ ਆਗੂਆਂ, ਭਾਈ ਅਵਤਾਰ ਸਿੰਘ ਸੰਘੇੜਾ, ਭਾਈ ਜੋਗਾ ਸਿੰਘ ਅਤੇ ਭਾਈ ਬਲਬੀਰ ਸਿੰਘ ਨੇ ਇਕ ਸਾਂਝੇ ਬਿਆਨ ਵਿਚ ਪ੍ਰਗਟ ਕੀਤੇ ਹਨ । ਉਹਨਾਂ ਕਿਹਾ ਆਰ ਐਸ ਐਸ ਦੇ ਅੰਦਰਲਾ ਕਾਲਾਪਨ ਹੁਣ ਬਾਹਰ ਉਘੜ ਆਇਆ ਹੈ ।
ਜ਼ਿਕਰਯੋਗ ਹੈ ਕਿ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਬੀਤੇ ਦਿਨੀਂ ਬਿਆਨ ਦਿੱਤਾ ਸੀ ਕਿ ਹਿੰਦੋਸਤਾਨ ਅੰਦਰ ਹਿੰਦੂ ਧਰਮ ਹੀ ਇਕੋ ਇਕ ਵੱਡਾ ਧਰਮ ਹੈ ਤੇ ਇਹ ਦੂਜੇ ਧਰਮਾਂ ਨੂੰ ਨਿਗਲਣ ਦੀ ਸਮਰੱਥਾ ਰੱਖਦਾ ਹੈ