ਨਵੀਂ ਦਿੱਲੀ (21 ਫਰਵਰੀ, 2015): ਉੱਤਰੀ ਦਿੱਲੀ ਦੇ ਬੁਰਾੜੀ ਪੁਲੀਸ ਥਾਣੇ ਵਿੱਚ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਅਤੇ ਕੁਝ ਸਮਰਥਕਾਂ ਦੀ ਪੁਲੀਸ ਨਾਲ ਹੋਈ ਝੜਪ ਦੇ ਸਬੰਧ ਵਿੱਚ ਦੋਹਾਂ ਵਿਧਾਇਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਛੇ ‘ਆਪ’ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲੀਸ ਅਨੁਸਾਰ ਜਿਨ੍ਹਾਂ ਵਿਧਾਇਕਾਂ ਖ਼ਿਲਾਫ਼ ਪਰਚਾ ਦਾਇਰ ਕੀਤਾ ਗਿਆ ਹੈ ਉਨ੍ਹਾਂ ਵਿੱਚ ਬੁਰਾੜੀ ਤੋਂ ਵਿਧਾਇਕ ਸੰਜੀਵ ਝਾਅ ਅਤੇ ਮਾਡਲ ਟਾਊਨ ਤੋਂ ਵਿਧਾਇਕ ਅਖੀਲੇਸ਼ ਪਤੀ ਤ੍ਰਿਪਾਠੀ ਸ਼ਾਮਲ ਹਨ।
ਇਹ ਝੜਪ ਬੀਤੇ ਦਿਨ ਉਸ ਸਮੇਂ ਹੋਈ ਜਦੋਂ ਵਿਧਾਇਕ ਝਾਅ ਦੇ ਵਾਹਨ ਨੂੰ ਬੁਰਾੜੀ ਪੁਲੀਸ ਥਾਣੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ‘ਆਪ’ ਵਿਧਾਇਕ ਅਤੇ ਸਮਰਥਕ ਥਾਣੇ ਵਿੱਚ ਇਕ ਅਗਵਾਕਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਆਏ ਸਨ, ਜਿਸ ਨੇ ਪ੍ਰਧਾਨ ਐਨਕਲੇਵ ਵਿੱਚ ਇਕ ਬੱਚੇ ਨੂੰ ਅਗਵਾ ਕੀਤਾ ਸੀ।
ਇਸ ਮਗਰੋਂ ‘ਆਪ’ ਵਰਕਰਾਂ ਦਾ ਪੁਲੀਸ ਨਾਲ ਵਿਵਾਦ ਹੋ ਗਿਆ ਜੋ ਬਾਅਦ ਵਿੱਚ ਝੜਪ ਵਿੱਚ ਤਬਦੀਲ ਹੋ ਗਿਆ। ਇਸ ਝੜਪ ਕਾਰਨ 9 ਪੁਲੀਸ ਕਰਮਚਾਰੀ ਤੇ ਛੇ ‘ਆਪ’ ਵਰਕਰ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਵਿੱਚ ਵਿਧਾਇਕ ਝਾਅ ਵੀ ਸ਼ਾਮਲ ਸੀ। ਇਸ ਮਗਰੋਂ ਸ੍ਰੀ ਤ੍ਰਿਪਾਠੀ ਵੀ ਥਾਣੇ ਪਹੁੰਚੇ ਤੇ ‘ਆਪ’ ਵਰਕਰ ਹਿੰਸਕ ਹੋ ਗਏ ਤੇ ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਰਾਵਾਈ ਸ਼ੁਰੂ ਕਰ ਦਿੱਤੀ।
ਬਰਾੜੀ ਘਟਨਾ ਬਾਰੇ ਆਮ ਆਦਮੀ ਪਾਰਟੀ ਨੇ ਪੁਲੀਸ ’ਤੇ ਜ਼ਿਆਦਤੀ ਕਰਨ ਦੇ ਦੋਸ਼ ਲਗਾਏ ਹਨ। ‘ਆਪ’ ਅਨੁਸਾਰ ਪੁਲੀਸ ਨੇ ਅਗਵਾ ਦੀ ਘਟਨਾ ਬਾਰੇ ਠੋਸ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਪਾਰਟੀ ਵਰਕਰਾਂ ਦੀ ਪੁਲੀਸ ਨਾਲ ਝੜਪ ਹੋ ਗਈ। ‘ਆਪ’ ਨੇ ਇਹ ਵੀ ਦਾਅਵਾ ਕੀਤਾ ਕਿ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਕਾਰਨ ਕਈ ਪਾਰਟੀ ਵਰਕਰ ਤੇ ਸਥਾਨਕ ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਵਿੱਚ ਪੁਲੀਸ ਦੇ 9 ਕਰਮਚਾਰੀ ਵੀ ਜ਼ਖ਼ਮੀ ਹੋਏ ਸਨ।