ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਪ੍ਰਣਾਲੀ ਤੋਂ ਨਾਖੁਸ਼ ਦਲ ਖ਼ਾਲਸਾ ਨੇ ਸਿੱਖਾਂ ਦੀ ਇਸ ਅਹਿਮ ਸੰਸਥਾ ਦੇ ਕੰਮਕਾਜ ਤੇ ਸੋਚ-ਢੰਗ ਵਿਚ ਸੁਧਾਰ ਲਿਆਉਣ ਲਈ ਮੁਕੰਮਲ ਤਬਦੀਲੀ ਲਿਆਉਣ ਉਤੇ ਜ਼ੋਰ ਦਿੱਤਾ ਹੈ।
ਪਾਰਟੀ ਦੇ ਸੀਨੀਅਰ ਆਗੂ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਕਾਨੂੰਨੀ ਝਮੇਲਿਆਂ ਕਾਰਨ ਪੰਜ ਸਾਲ ਇਸ ਸੰਸਥਾ ਦਾ ਕੰਮ ਕਾਜ ਰੁਕੇ ਰਹਿਣ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਨੂੰ ਨਵਾਂ ਪ੍ਰਧਾਨ ਅਤੇ ਕਾਰਜਕਾਰਨੀ ਕਮੇਟੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਇਹ ਉਸ ਤਰ੍ਹਾਂ ਕੰਮ ਨਹੀਂ ਕਰ ਰਹੀ।

ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਉਨ੍ਹਾਂ ਕਮੀਆਂ ਅਤੇ ਕਮਜ਼ੋਰੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਇਸ ਸੰਸਥਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਆਲ ਇੰਡੀਆ ਗੁਰਦੁਆਰਾ ਐਕਟ ਦੇ ਮਸਲੇ ‘ਤੇ ਪ੍ਰੋ ਬਡੂੰਗਰ ਵਲੋਂ ਲਏ ਗਏ ਸਵੈ-ਵਿਰੋਧੀ ਸਟੈਂਡ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਉਮੀਦ ਅਨੁਸਾਰੀ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਹੈਰਾਨ ਸੀ ਕਿ ਕਿਵੇਂ ਅਤੇ ਕਿਉਂ ਪ੍ਰੋਫੈਸਰ ਸਾਹਿਬ ਨੇ ਇਸ ਐਕਟ ਦੀ ਹਮਾਇਤ ਬਾਰੇ ਬਿਆਨ ਦਾਗ ਰਹੇ ਹਨ ਜਦ ਕਿ ਉਹ ਜਾਣਦੇ ਹਨ ਕਿ ਬਾਦਲਾਂ ਵਲੋਂ ਕਾਫੀ ਸਮਾਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੀ ਇੱਛਾ ਦੇ ਉਲਟ ਇਸ ਨੂੰ ਰੱਦ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਮੌਜੂਦਾ ਪ੍ਰਧਾਨ ਦੇ ਪੰਥਕ ਵਿਸ਼ਿਆਂ ਉਤੇ ਆਏ ਬਿਆਨਾਂ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰੋਫੈਸਰ ਸਾਹਿਬ ਨੂੰ ਗੱਲਾਂ ਕਰਨ ਤੋਂ ਅੱਗੇ ਵੱਧਕੇ ਸਮੱਸਿਆਵਾਂ ਦੇ ਹੱਲ ਲਈ ਕੁਝ ਸਾਰਥਕ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਚਾਰ ਦਹਾਕਿਆਂ ਦੌਰਾਨ ਵੱਖੋ-ਵੱਖ ਸਰਕਾਰਾਂ ਨੂੰ ਸਮੇਂ-ਸਮੇਂ ‘ਤੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਮੁੱਦਿਆਂ ਉਤੇ ਅਧਾਰਿਤ ਮਤੇ ਭੇਜੇ ਗਏ ਹਨ ਪਰ ਦੁੱਖ ਦੀ ਗੱਲ ਹੈ ਕਿ ਗੰਭੀਰ ਯਤਨਾਂ ਦੀ ਅਣਹੋਂਦ ਕਾਰਨ ਇਹਨਾਂ ਵਿਚੋਂ ਜ਼ਿਆਦਾਤਰ ਮੰਗਾਂ ਅਣਗੌਲੀਆਂ ਹੀ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਬਾਦਲੀਕਰਣ ਹੋਣ ਕਾਰਨ ਇਸ ਸੰਸਥਾ ਦਾ ਘਾਣ ਹੋਇਆ ਹੈ। ਉਨ੍ਹਾਂ ਕਿਹਾ, ਦੋਨਾਂ ਪਿਓ ਅਤੇ ਪੁਤਰ ਵਲੋਂ, ਜੋ ਸਿਖੀ ਸਿਧਾਂਤਾ ਤੋਂ ਕੋਹਾਂ ਦੂਰ ਹਨ, ਉਹ ਇਤਿਹਾਸਕ ਮਹੱਤਤਾ ਵਾਲੀ ਇਸ ਸੰਸਥਾ ‘ਤੇ ਕਬਜ਼ਾ ਕਰਕੇ ਬੈਠੇ ਹਨ।
ਗਿਆਨੀ ਗੁਰਬਚਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦੀ ਸੰਗਤਾਂ ਵਲੋਂ ਕੀਤੀ ਜਾ ਰਹੀ ਮੰਗ ਨੂੰ ਨਜ਼ਰਅੰਦਾਜ਼ ਕਰਨ ਲਈ ਸ਼੍ਰੋਮਣੀ ਕਮੇਟੀ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੌਮ ਵਿਚ ਪਾਟੋਧਾੜ ਖਤਮ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਮੌਜੂਦਾ ਜਥੇਦਾਰਾਂ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਗਲਤ ਫੈਸਲੇ ਤੋਂ ਬਾਅਦ ਪੰਥ ਦੇ ਵੱਡੇ ਹਿੱਸੇ ਨੇ ਇਨ੍ਹਾਂ ਜਥੇਦਾਰਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਇਹ ਅਯੋਗ ਵਿਅਕਤੀ ਆਪਣਾ ਭਰੋਸਾ ਗੁਆ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅੰਦਰ ਨਿਘਾਰ ਆਉਣ ਦੇ ਮੁੱਖ ਕਾਰਨ ਇਸ ਦਾ ਰਾਜਨੀਤੀਕਰਣ, ਚੋਣਾਂ ਸਮੇਂ ਸਿਰ ਨਾ ਹੋਣਾ ਅਤੇ ਮੈਬਰਾਂ ਵਲੋਂ ਇਸ ਸੰਸਥਾ ਨੂੰ ਵਿਧਾਨ ਸਭਾ ਅਤੇ ਪਾਰਲੀਮੈਂਟ ਵਿਚ ਪਹੁੰਚਣ ਦੀ ਇਕ ਪੌੜੀ ਵਜੋਂ ਵਰਤਣਾ ਆਦਿ ਹਨ।