ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੈਂਸ ਭਰਾਵਾਂ, ਸਿੱਧੂ ਜੋੜੀ, ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ, ਹਰਿੰਦਰ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਪੰਥਕ ਪਲੈਟਫਾਰਮ ’ਤੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਪੰਥਕ ਸਰਕਾਰ ਬਣਨ ’ਤੇ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ’ਤੇ ਲੀਕ ਮਾਰੀ ਜਾਵੇਗੀ। ਸ. ਮਾਨ ਦੇ ਘਰ ਹੋਈ ਹਮ ਖਿਆਲ ਜਥੇਬੰਦੀਆਂ ਦੀ ਮੀਟਿੰਗ ਵਿੱਚ ਪੰਜਾਬੀਆਂ ਨੂੰ 6 ਸਤੰਬਰ ਨੂੰ ਨੰਦਪੁਰ ਕਲੌੜ (ਬਸੀ ਪਠਾਣਾਂ) ਵਿੱਚ ਗਿਆਨੀ ਦਿੱਤ ਸਿੰਘ ਦੀ ਬਰਸੀ ਮੌਕੇ, 15 ਸਤੰਬਰ ਨੂੰ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਮਾਰਚ ਦੀ ਸੰਪੰਨਤਾ ਸਮੇਂ, 16 ਸਤੰਬਰ ਨੂੰ ਛਪਾਰ ਦੇ ਮੇਲੇ ’ਤੇ, 18 ਸਤੰਬਰ ਨੂੰ ਗੁਰੂ ਕੀ ਢਾਬ ਦੇ ਇਤਿਹਾਸਕ ਕਾਨਫ਼ਰੰਸ ਸਮੇਂ ਤੇ 2 ਅਕਤੂਬਰ ਨੂੰ ਨੌਰੰਗਾਬਾਦ (ਖਡੂਰ ਸਾਹਿਬ) ਬਾਬਾ ਦੀਪ ਸਿੰਘ ਜੀ ਦੇ ਬਰਸੀ ਸਮਾਗਮ ’ਚ ਪੁੱਜਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਸਿਮਰਨਜੀਤ ਮਾਨ ਸਣੇ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਕਬਾਲ ਸਿੰਘ ਟਿਵਾਣਾ, ਰਣਜੀਤ ਸਿੰਘ ਚੀਮਾ, ਪ੍ਰੋ. ਮਹਿੰਦਰਪਾਲ ਸਿੰਘ, ਗੁਰਜੰਟ ਸਿੰਘ ਕੱਟੂ, ਬੂਟਾ ਸਿੰਘ ਰਣਸੀਹ, ਡਾ. ਭਗਵਾਨ ਸਿੰਘ ਸੰਧੂ, ਬੀਬੀ ਪ੍ਰੀਤਮ ਕੌਰ, ਪਰਮਜੀਤ ਸਿੰਘ ਸਹੋਲੀ ਤੇ ਗੁਰਪ੍ਰੀਤ ਸਿੰਘ ਈਸੜੂ ਆਦਿ ਹਾਜ਼ਰ ਸਨ। ਇਸ ਦੌਰਾਨ ਸ਼੍ਰੋਮਣੀ ਯੂਥ ਅਕਾਲੀ ਦਲ (ਅੰਮ੍ਰਿਤਸਰ) ਦੀ 21 ਮੈਂਬਰੀ ਕੌਮੀ ਕਮੇਟੀ ਦੀ ਵੱਖਰੀ ਮੀਟਿੰਗ ਯੂਥ ਅਕਾਲੀ ਦਲ ਦੇ ਪ੍ਰਧਾਨ ਪ੍ਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਜ਼ਿਕਰਯੋਗ ਹੈ ਕਿ ਬੈਂਸ ਭਰਾ ਕੁਝ ਸਾਲ ਪਹਿਲਾਂ ਹੀ ਸ. ਮਾਨ ਦੀ ਪਾਰਟੀ ਛੱਡ ਕੇ ਬਾਦਲ ਦਲ ‘ਚ ਸ਼ਾਮਲ ਹੋਏ ਸੀ ਅਤੇ ਹੁਣ ਬੈਂਸ ਭਰਾਵਾਂ ਨੇ ਸਿੱਧੂ, ਪਰਗਟ ਸਿੰਘ ਨਾਲ ਮਿਲ ਕੇ ਨਵੇਂ ਸਿਆਸੀ ਫਰੰਟ ਦਾ ਐਲਾਨ ਕੀਤਾ ਹੈ।