ਬਾਦਲ ਦਲ, ਕਾਂਗਰਸ, ਭਾਜਪਾ, ‘ਆਪ’ ਜਾਂ ਆਵਾਜ-ਏ-ਪੰਜਾਬ ਸਾਰਿਆਂ ਦਾ ਏਜੰਡਾ ਹੈ ਪੰਜਾਬ ਪੰਜਾਬੀਅਤ ਨੂੰ ਬਚਾਉਣ ਦੀ ਆੜ ਹੇਠ ਸਿੱਖੀ ਨੂੰ ਪੰਜਾਬ ਵਿੱਚੋਂ ਮਨਫੀ ਕਰਨਾ। ਇਹ ਵਿਚਾਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਤਰਨ ਤਾਰਨ ਵਿਖੇ ਹੋਈ ਮੀਟਿੰਗ ਤੋਂ ਬਾਅਦ ਪ੍ਰਗਟ ਕਰਦਿਆਂ ਜਾਰੀ ਸਾਂਝੇ ਬਿਆਨ ਵਿੱਚ ਖਾਲੜਾ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਸੰਦੇਸ਼ (ਜੁਰਮ ਦੇ ਖਿਲਾਫ ਲੜਨਾ, ਦੱਬਿਆ ਕੁਚਲਿਆ ਦੀ ਬਾਂਹ ਫੜਨਾ, ਨਿਆਸਰਿਆ ਦਾ ਆਸਰਾ ਬਣਨਾ, ਮੂਰਤੀ ਪੂਜਾ ਦਾ ਵਿਰੋਧ ਅਤੇ ਸਾਰੀ ਮਨੁੱਖਤਾ ਬਰਾਬਰ ਹੈ) ਨੂੰ ਪੰਜਾਬ ਵਿੱਚੋਂ ਮਨਫੀ ਕਰਨ ਲਈ ਇਹ ਧਿਰਾਂ ਇੱਕ-ਜੁੱਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸ਼ਿੰਘ ਬਾਦਲ ਨੇ ਅਕਾਲੀ ਦਲ ਨੂੰ ਮੋਗਾ ਕਨਵੈਨਸ਼ਨ ਵਿੱਚ ਪੰਜਾਬੀ ਪਾਰਟੀ ਦਾ ਰੂਪ ਦੇ ਦਿੱਤਾ ਅਤੇ ਸਿੱਖੀ ਨਾਲੋਂ ਤੋੜ ਵਿਛੋੜਾ ਕਰ ਲਿਆ।